ਆਸਟ੍ਰੇਲੀਆ ਸਰਕਾਰ ਨੇ ਇਮੀਗ੍ਰੇਸ਼ਨ ’ਤੇ ਕੰਟਰੋਲ ਵਧਾਉਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ, “ਵੀਜ਼ਾ ਹੌਪਰਾਂ” ਅਤੇ ਬੈਕਪੈਕਰਾਂ ਨਾਲ ਜੁੜੇ ਵੀਜ਼ਾ ਨਿਯਮ ਸਖ਼ਤ ਕਰਨ ਦਾ ਐਲਾਨ ਕੀਤਾ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ 17 ਸਤੰਬਰ 2026 ਨੂੰ ਨਵੀਆਂ ਤਬਦੀਲੀਆਂ ਦਾ ਐਲਾਨ ਕੀਤਾ। ਸਰਕਾਰ ਦਾ ਟੀਚਾ 2028 ਤੱਕ ਸ਼ੁੱਧ ਵਿਦੇਸ਼ੀ ਪਰਵਾਸ ਨੂੰ 2,25,000 ਤੱਕ ਲਿਆਉਣਾ ਹੈ।
ਨਵੇਂ ਨਿਯਮਾਂ ਤਹਿਤ ਜ਼ਿਆਦਾਤਰ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਆਸਟ੍ਰੇਲੀਆ ਵਿੱਚ ਪਹਿਲਾਂ ਤੋਂ ਮੌਜੂਦ ਵਿਦਿਆਰਥੀਆਂ, ਕੁਝ ਪੈਸਿਫਿਕ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਬਿਨੈਕਾਰਾਂ ਅਤੇ ਪੀਐੱਚਡੀ ਵਿਦਿਆਰਥੀਆਂ ਲਈ ਛੋਟਾਂ ਹੋਣਗੀਆਂ।
ਸਰਕਾਰ ਨੇ “ਵੀਜ਼ਾ ਹੌਪਿੰਗ” ’ਤੇ ਵੀ ਰੋਕ ਲਗਾਉਣ ਦੀ ਗੱਲ ਕੀਤੀ ਹੈ। ਇਸ ਤਹਿਤ ਵਿਦਿਆਰਥੀਆਂ ਵੱਲੋਂ ਇੱਕ ਕੋਰਸ ਪੂਰਾ ਕਰਨ ਤੋਂ ਬਾਅਦ ਵਾਰ-ਵਾਰ ਦੂਜੇ, ਖਾਸ ਕਰਕੇ ਘੱਟ ਪੱਧਰ ਦੇ ਕੋਰਸ ਵਿੱਚ ਦਾਖਲਾ ਲੈ ਕੇ ਵੀਜ਼ਾ ਵਧਾਉਣ ਦੀ ਪ੍ਰਥਾ ਨੂੰ ਨਿਯਮਤ ਕੀਤਾ ਜਾਵੇਗਾ। ਇਸ ਦੇ ਉਲਟ ਉੱਚ ਪੱਧਰ ਦੀ ਪੜ੍ਹਾਈ, ਜਿਵੇਂ ਬੈਚਲਰ ਤੋਂ ਮਾਸਟਰਜ਼ ਵੱਲ ਜਾਣ ਵਾਲੇ ਵਿਦਿਆਰਥੀਆਂ ਨੂੰ ਇਜਾਜ਼ਤ ਮਿਲੇਗੀ।
ਵਰਕਿੰਗ ਹੌਲੀਡੇ ਵੀਜ਼ਾ ’ਤੇ ਵੀ ਵੱਡੀ ਤਬਦੀਲੀ ਕੀਤੀ ਗਈ ਹੈ। ਦੂਜੇ ਸਾਲ ਲਈ ਯੋਗ ਬਿਨੈਕਾਰਾਂ ਨੂੰ ਹੁਣ 45,000 ਸੀਟਾਂ ਵਾਲੀ ਬੈਲੇਟ ਪ੍ਰਣਾਲੀ ਵਿੱਚੋਂ ਚੋਣ ਕਰਵਾਉਣੀ ਹੋਵੇਗੀ, ਜਦਕਿ ਪਿਛਲੇ ਸਾਲ ਲਗਭਗ 57,000 ਲੋਕ ਦੂਜੇ ਸਾਲ ਲਈ ਯੋਗ ਹੋਏ ਸਨ। ਤੀਜੇ ਸਾਲ ਲਈ ਬੈਲੇਟ ਦੀ ਸੀਮਾ 5,000 ਰੱਖੀ ਗਈ ਹੈ, ਜਦਕਿ ਪਿਛਲੇ ਸਾਲ 31,000 ਲੋਕ ਯੋਗ ਹੋਏ ਸਨ। ਬ੍ਰਿਟਿਸ਼ ਵਰਕਿੰਗ ਹੌਲੀਡੇਮੇਕਰਜ਼ ਨੂੰ ਇਨ੍ਹਾਂ ਤਬਦੀਲੀਆਂ ਤੋਂ ਛੋਟ ਮਿਲੇਗੀ।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਮੁਤਾਬਕ ਮਾਰਚ 2026 ਤੱਕ 12 ਮਹੀਨਿਆਂ ਵਿੱਚ ਦੇਸ਼ ਦੀ ਆਬਾਦੀ 1.4 ਫੀਸਦੀ ਵਧ ਕੇ 2.79 ਕਰੋੜ ਹੋ ਗਈ। ਇਸ ਦੌਰਾਨ ਸ਼ੁੱਧ ਵਿਦੇਸ਼ੀ ਮਾਈਗ੍ਰੇਸ਼ਨ 2,92,100 ਰਿਹਾ।
ਇਹ ਤਬਦੀਲੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਆਸਟ੍ਰੇਲੀਆ ਵਿੱਚ ਮਾਈਗ੍ਰੇਸ਼ਨ ਨੂੰ ਲੈ ਕੇ ਰਾਜਨੀਤਿਕ ਅਤੇ ਜਨਤਕ ਬਹਿਸ ਤੇਜ਼ ਹੈ। ਸਰਕਾਰ ਵੱਲੋਂ ਨਵੇਂ ਨਿਯਮਾਂ ਨੂੰ ਮਾਈਗ੍ਰੇਸ਼ਨ ਦੇ ਪੱਧਰ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਵਜੋਂ ਪੇਸ਼ ਕੀਤਾ ਗਿਆ ਹੈ, ਜਦਕਿ ਸੈਟਲਮੈਂਟ ਸੇਵਾਵਾਂ ਨਾਲ ਜੁੜੇ ਕੁਝ ਲੋਕਾਂ ਨੇ ਚਿੰਤਾ ਜਤਾਈ ਹੈ ਕਿ ਵਿਦਿਆਰਥੀਆਂ ਦੇ ਪਰਿਵਾਰਕ ਵੀਜ਼ਿਆਂ ਵਿੱਚ ਤਬਦੀਲੀਆਂ ਨਾਲ ਆਸਟ੍ਰੇਲੀਆ ਲਈ ਵਿਦੇਸ਼ੀ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰਨਾ ਮੁਸ਼ਕਲ ਹੋ ਸਕਦਾ ਹੈ।
#australia #studentvisa #policy #changes #saddatvusa

