ਯੂਨਾਈਟਡ ਕਿੰਗਡਮ (ਯੂਕੇ) ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਵੱਲੋਂ ਕੀਤੇ ਗਏ ਪਹਿਲੇ ਕੈਬਿਨੇਟ ਫੇਰਬਦਲ ਵਿੱਚ ਭਾਰਤੀ ਮੂਲ ਦੇ ਤਿੰਨ ਲੇਬਰ ਸੰਸਦ ਮੈਂਬਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਨ੍ਹਾਂ ਵਿੱਚ ਸਤਵੀਰ ਕੌਰ, ਹਰਪ੍ਰੀਤ ਉੱਪਲ ਅਤੇ ਕਨਿਸ਼ਕਾ ਨਾਰਾਇਣ ਸ਼ਾਮਲ ਹਨ। ਇਸ ਫੇਰਬਦਲ ਨੂੰ ਬ੍ਰਿਟਿਸ਼ ਰਾਜਨੀਤੀ ਵਿੱਚ ਵਿਭਿੰਨਤਾ ਅਤੇ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਵਜੋਂ ਦੇਖਿਆ ਜਾ ਰਿਹਾ ਹੈ।
ਸਤਵੀਰ ਕੌਰ ਦੀ ਪ੍ਰੇਰਣਾਦਾਇਕ ਯਾਤਰਾ
ਪੰਜਾਬੀ ਪਰਿਵਾਰ ਵਿੱਚ ਜਨਮੀ ਸਤਵੀਰ ਕੌਰ ਦਾ ਜਨਮ ਸਤੰਬਰ 1984 ਵਿੱਚ ਇੰਗਲੈਂਡ ਵਿੱਚ ਹੋਇਆ। ਉਨ੍ਹਾਂ ਨੇ ਮਾਡਰਨ ਹਿਸਟਰੀ ਅਤੇ ਪੋਲਿਟਿਕਸ ਵਿੱਚ ਡਿਗਰੀ ਹਾਸਲ ਕਰਨ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ ਵੀ ਕੀਤੀ। ਸਾਲ 2011 ਵਿੱਚ ਉਹ ਸਾਊਥਹੈਂਪਟਨ ਦੇ ਸ਼ਰਲੀ ਵਾਰਡ ਤੋਂ ਕੌਂਸਲਰ ਚੁਣੇ ਗਏ ਅਤੇ ਲਗਾਤਾਰ ਲੋਕਾਂ ਦਾ ਭਰੋਸਾ ਜਿੱਤਦੇ ਰਹੇ।
ਸਾਲ 2022 ਵਿੱਚ ਉਹ ਸਾਊਥਹੈਂਪਟਨ ਸਿਟੀ ਕੌਂਸਲ ਦੀ ਲੀਡਰ ਬਣੇ ਅਤੇ ਬ੍ਰਿਟੇਨ ਦੀ ਕਿਸੇ ਸਥਾਨਕ ਅਥਾਰਟੀ ਦੀ ਪਹਿਲੀ ਸਿੱਖ ਮਹਿਲਾ ਲੀਡਰ ਬਣ ਕੇ ਇਤਿਹਾਸ ਰਚਿਆ। 2024 ਦੀਆਂ ਆਮ ਚੋਣਾਂ ਵਿੱਚ ਉਹ ਸਾਊਥਹੈਂਪਟਨ ਟੈਸਟ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ। ਹੁਣ ਉਨ੍ਹਾਂ ਨੂੰ ਮਿਨਿਸਟਰੀ ਆਫ਼ ਹਾਊਸਿੰਗ, ਕਮਿਊਨਿਟੀਜ਼ ਐਂਡ ਲੋਕਲ ਗਵਰਨਮੈਂਟ ਵਿੱਚ ਮਿਨਿਸਟਰ ਫ਼ਾਰ ਇਕੁਅਲਿਟੀਜ਼ (Parliamentary Under-Secretary of State) ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੋਮ ਆਫ਼ਿਸ ਵਿੱਚ ਵੀ ਪਾਰਲੀਮੈਂਟਰੀ ਅੰਡਰ-ਸੈਕਟਰੀ ਆਫ਼ ਸਟੇਟ ਦਾ ਅਹੁਦਾ ਵੀ ਮਿਲਿਆ ਹੈ।
ਹਰਪ੍ਰੀਤ ਉੱਪਲ ਨੂੰ ਵੀ ਮਿਲੀ ਵੱਡੀ ਜ਼ਿੰਮੇਵਾਰੀ
ਹਰਪ੍ਰੀਤ ਉੱਪਲ ਦਾ ਜਨਮ ਹੱਡਰਸਫੀਲਡ ਦੇ ਫਾਰਟਾਊਨ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੇ ਪੋਲਿਟਿਕਸ ਵਿੱਚ ਉੱਚ ਸਿੱਖਿਆ ਹਾਸਲ ਕੀਤੀ ਅਤੇ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਈ। 2018 ਵਿੱਚ ਉਹ ਕਿਰਕਲੀਜ਼ ਕੌਂਸਲ ਦੇ ਕੌਂਸਲਰ ਬਣੇ ਅਤੇ ਕਈ ਮਹੱਤਵਪੂਰਨ ਕਮੇਟੀਆਂ ਦੀ ਅਗਵਾਈ ਕੀਤੀ।
2024 ਦੀਆਂ ਆਮ ਚੋਣਾਂ ਵਿੱਚ ਉਹ ਹੱਡਰਸਫੀਲਡ ਤੋਂ ਸੰਸਦ ਮੈਂਬਰ ਚੁਣੇ ਗਏ। ਸੰਸਦ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਨੇ ਉਪ ਪ੍ਰਧਾਨ ਮੰਤਰੀ ਐਂਜਲਾ ਰੇਨਰ ਦੀ ਪਾਰਲੀਮੈਂਟਰੀ ਪ੍ਰਾਈਵੇਟ ਸੈਕਟਰੀ ਵਜੋਂ ਵੀ ਸੇਵਾ ਨਿਭਾਈ। ਹੁਣ ਉਨ੍ਹਾਂ ਨੂੰ ਮਿਨਿਸਟਰੀ ਆਫ਼ ਜਸਟਿਸ ਵਿੱਚ Parliamentary Under-Secretary of State ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਸਿਸਟੈਂਟ ਵਿਪ ਦੀ ਵਾਧੂ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।
ਭਾਰਤੀ ਮੂਲ ਦੀਆਂ ਇਨ੍ਹਾਂ ਦੋ ਸਿੱਖ ਮਹਿਲਾਵਾਂ ਦੀਆਂ ਨਿਯੁਕਤੀਆਂ ਨਾ ਸਿਰਫ਼ ਬ੍ਰਿਟਿਸ਼ ਰਾਜਨੀਤੀ ਵਿੱਚ ਭਾਰਤੀ ਭਾਈਚਾਰੇ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੀਆਂ ਹਨ, ਸਗੋਂ ਇਹ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ।
#saddatvusa#satveerkaur#harpreetuppal#ukministry#ProudMoment#punjabicomunity#inspiration

