ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮੈਤਰੀ ਗ੍ਰਾਂਟਸ ਅਤੇ ਫੈਲੋਸ਼ਿਪ ਪ੍ਰੋਗਰਾਮਾਂ ਦੀ ਸ਼ੁਰੂਆਤ, ਅਰਜ਼ੀਆਂ ਹੋਈਆਂ ਸ਼ੁਰੂ !

0
8

ਕੈਨਬਰਾ, 6 ਨਵੰਬਰ – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਪਾਰਕ, ਸੱਭਿਆਚਾਰਕ, ਸਿੱਖਿਆ ਅਤੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਸਟ੍ਰੇਲੀਆ ਸਰਕਾਰ ਨੇ 2026-27 ਦੇ ‘ਮੈਤਰੀ ਗ੍ਰਾਂਟਸ ਅਤੇ ਫੈਲੋਸ਼ਿਪਸ’ ਪ੍ਰੋਗਰਾਮ ਲਈ ਅਰਜ਼ੀਆਂ ਸ਼ੁਰੂ ਕਰ ਦਿੱਤੀਆਂ ਹਨ।

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਵੀਰਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਪਹਿਲਕਦਮੀ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਦੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਅਤੇ ਆਪਸੀ ਸਾਂਝ ਨੂੰ ਵਧਾਉਣਾ ਹੈ।

ਉਨ੍ਹਾਂ ਦੱਸਿਆ ਕਿ ਸਾਲ 2023 ਵਿੱਚ ਸ਼ੁਰੂ ਹੋਏ ‘ਸੈਂਟਰ ਫਾਰ ਆਸਟ੍ਰੇਲੀਆ-ਇੰਡੀਆ ਰਿਲੇਸ਼ਨਜ਼’ ਦੇ ਇਸ ਪ੍ਰਮੁੱਖ ਮੈਤਰੀ ਪ੍ਰੋਗਰਾਮ ਤਹਿਤ ਹੁਣ ਤੱਕ 110 ਤੋਂ ਵੱਧ ਪ੍ਰੋਜੈਕਟਾਂ ਨੂੰ ਸਹਾਇਤਾ ਦਿੱਤੀ ਜਾ ਚੁੱਕੀ ਹੈ।

ਮੈਤਰੀ ਗ੍ਰਾਂਟ ਪ੍ਰੋਗਰਾਮ ਤਹਿਤ ਭਾਰਤ ਅਤੇ ਆਸਟ੍ਰੇਲੀਆ ਦੇ ਵਪਾਰਕ ਅਦਾਰਿਆਂ, ਸੱਭਿਆਚਾਰਕ ਸੰਸਥਾਵਾਂ, ਸਿੱਖਿਆ ਖੇਤਰ, ਖੋਜ ਸੰਸਥਾਵਾਂ ਅਤੇ ਖੇਡ ਜਗਤ ਵਿਚਾਲੇ ਸਾਂਝੇ ਪ੍ਰੋਜੈਕਟਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਇਸੇ ਤਰ੍ਹਾਂ ਮੈਤਰੀ ਫੈਲੋਸ਼ਿਪ ਪ੍ਰੋਗਰਾਮ ਤਹਿਤ ਆਸਟ੍ਰੇਲੀਆ ਦੀਆਂ ਸੰਸਥਾਵਾਂ ਨੂੰ ਭਾਰਤੀ ਜਾਂ ਆਸਟ੍ਰੇਲੀਆਈ ਖੋਜਕਰਤਾਵਾਂ ਨਾਲ ਕੰਮ ਕਰਨ ਲਈ ਫੰਡ ਮੁਹੱਈਆ ਕਰਵਾਏ ਜਾਣਗੇ। ਇਸ ਵਿੱਚ ਭੂ-ਰਣਨੀਤਕ ਅਤੇ ਭੂ-ਆਰਥਿਕ ਨੀਤੀਆਂ ਨਾਲ ਜੁੜੇ ਮੁੱਦਿਆਂ ’ਤੇ ਖੋਜ ਨੂੰ ਤਰਜੀਹ ਦਿੱਤੀ ਜਾਵੇਗੀ।

ਇਨ੍ਹਾਂ ਪ੍ਰੋਗਰਾਮਾਂ ਰਾਹੀਂ ਸਾਫ਼ ਊਰਜਾ, ਸਿੱਖਿਆ, ਆਧੁਨਿਕ ਤਕਨਾਲੋਜੀ, ਖੇਤੀਬਾੜੀ ਕਾਰੋਬਾਰ ਅਤੇ ਸੈਰ-ਸਪਾਟੇ ਵਰਗੇ ਅਹਿਮ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਯੋਜਨਾ ਹੈ।

ਆਸਟ੍ਰੇਲੀਆ ਦੇ ਵਿਦੇਸ਼ ਮੰਤਰਾਲੇ ਅਨੁਸਾਰ ਭਾਰਤ ਨਾਲ ਆਰਥਿਕ ਸਹਿਯੋਗ, ਨੀਤੀਗਤ ਸਾਂਝ ਅਤੇ ਸੱਭਿਆਚਾਰਕ ਸਬੰਧ ਮਜ਼ਬੂਤ ਕਰਨਾ ਦੇਸ਼ ਦੀ ਆਰਥਿਕ ਸੁਰੱਖਿਆ ਅਤੇ ਖੁਸ਼ਹਾਲੀ ਲਈ ਬੇਹੱਦ ਮਹੱਤਵਪੂਰਨ ਹੈ। ਇਹ ਪ੍ਰੋਗਰਾਮ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (DFAT) ਅਧੀਨ ਚਲਾਏ ਜਾ ਰਹੇ ਹਨ।

#australia#Canberra#india#maitrigrants#fellowship#application#saddatvusa

LEAVE A REPLY

Please enter your comment!
Please enter your name here