ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿੱਚ ਗੋਲੀਬਾਰੀ ਦੀ ਦਰਦਨਾਕ ਘਟਨਾ, ਇੱਕ ਸ਼ੈਰਿਫ਼ ਡਿਪਟੀ ਦੀ ਮੌਤ, ਦੂਜੇ ਦੇ ਬਚਣ ਦੀ ਉਮੀਦ ਘੱਟ !

0
2

ਸਪੈਂਗਲ (ਵਾਸ਼ਿੰਗਟਨ) ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸਪੋਕੇਨ ਕਾਊਂਟੀ ਵਿੱਚ ਘਰੇਲੂ ਹਿੰਸਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਪਹੁੰਚੇ ਸ਼ੈਰਿਫ਼ ਵਿਭਾਗ ਦੇ ਦੋ ਡਿਪਟੀਆਂ ’ਤੇ ਗੋਲੀਬਾਰੀ ਕੀਤੀ ਗਈ। ਇਸ ਘਟਨਾ ਵਿੱਚ ਇੱਕ ਡਿਪਟੀ ਦੀ ਹਸਪਤਾਲ ਵਿੱਚ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੈ ਅਤੇ ਉਸ ਦੇ ਬਚਣ ਦੀ ਉਮੀਦ ਬੇਹੱਦ ਘੱਟ ਦੱਸੀ ਜਾ ਰਹੀ ਹੈ।

ਇਸ ਘਟਨਾ ਵਿੱਚ ਕੁੱਲ ਤਿੰਨ ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚ ਸ਼ੱਕੀ ਹਮਲਾਵਰ ਵੀ ਸ਼ਾਮਲ ਹੈ। ਇੱਕ ਮਹਿਲਾ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਹੈ, ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਕੀ ਸੀ ਪੂਰਾ ਮਾਮਲਾ ?

ਸਪੋਕੇਨ ਕਾਊਂਟੀ ਸ਼ੈਰਿਫ਼ ਦਫ਼ਤਰ ਅਨੁਸਾਰ, ਦੱਖਣੀ ਸਪੋਕੇਨ ਦੇ ਸਪੈਂਗਲ ਇਲਾਕੇ ਵਿੱਚ ਸਾਊਥ ਸਮਾਇਥ ਰੋਡ ’ਤੇ ਇੱਕ ਘਰ ਵਿੱਚ ਘਰੇਲੂ ਹਿੰਸਾ ਅਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ।

ਇੱਕ ਮਹਿਲਾ ਆਪਣੇ ਗੁਆਂਢੀ ਦੇ ਘਰ ਪਹੁੰਚੀ ਅਤੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਨੂੰ ਗੋਲੀ ਮਾਰੀ ਹੈ। ਉਸ ਨੇ ਮਦਦ ਅਤੇ ਡਾਕਟਰੀ ਇਲਾਜ ਦੀ ਮੰਗ ਕੀਤੀ।

ਘਟਨਾ ਕਿਵੇਂ ਵਾਪਰੀ ?

– ਦੁਪਹਿਰ ਲਗਭਗ 2:25 ਵਜੇ ਪੁਲਿਸ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਾ ਕਿ ਸ਼ੱਕੀ ਵਿਅਕਤੀ ਕੋਲ ਹੋਰ ਹਥਿਆਰ ਵੀ ਹੋ ਸਕਦੇ ਹਨ ਅਤੇ ਘਰ ਅੰਦਰ ਹੋਰ ਲੋਕਾਂ ਦੀ ਜਾਨ ਨੂੰ ਖ਼ਤਰਾ ਹੈ।

– ਸ਼ੱਕੀ ਵਿਅਕਤੀ ਖ਼ਿਲਾਫ਼ ਗ੍ਰਿਫ਼ਤਾਰੀ ਦੇ ਕਈ ਵਾਰੰਟ ਵੀ ਜਾਰੀ ਸਨ। ਇਸ ਲਈ SWAT ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ।

– ਦੁਪਹਿਰ ਲਗਭਗ 3:15 ਵਜੇ ਪੁਲਿਸ ਅਤੇ SWAT ਟੀਮ ਨੇ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਐਮਰਜੈਂਸੀ ਦੇ ਮੱਦੇਨਜ਼ਰ ਬਿਨਾਂ ਸਰਚ ਵਾਰੰਟ ਦੇ ਘਰ ਵਿੱਚ ਦਾਖ਼ਲਾ ਲਿਆ ਗਿਆ।

– ਇਸੇ ਦੌਰਾਨ ਘਰ ਦੇ ਅੰਦਰੋਂ ਗੋਲੀਬਾਰੀ ਹੋਈ, ਜਿਸ ਵਿੱਚ ਦੋ ਡਿਪਟੀ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਜ਼ਖ਼ਮੀ ਸਾਥੀਆਂ ਨੂੰ ਸੁਰੱਖਿਅਤ ਥਾਂ ’ਤੇ ਲਿਜਾ ਕੇ ਮੁੱਢਲੀ ਸਹਾਇਤਾ ਦਿੱਤੀ।

ਦੋਵਾਂ ਜ਼ਖ਼ਮੀ ਡਿਪਟੀਆਂ ਨੂੰ ਹੈਲੀਕਾਪਟਰ ਰਾਹੀਂ ਸੈਕਰਡ ਹਾਰਟ ਹਸਪਤਾਲ ਪਹੁੰਚਾਇਆ ਗਿਆ।

ਸ਼ੈਰਿਫ਼ ਵਿਭਾਗ ਅਤੇ ਗਵਰਨਰ ਨੇ ਪ੍ਰਗਟਾਇਆ ਦੁੱਖ

ਬੁੱਧਵਾਰ ਨੂੰ ਸ਼ੈਰਿਫ਼ ਵਿਭਾਗ ਨੇ ਪੁਸ਼ਟੀ ਕੀਤੀ ਕਿ ਇੱਕ ਡਿਪਟੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਜਦਕਿ ਦੂਜਾ ਡਿਪਟੀ ਲਾਈਫ ਸਪੋਰਟ ’ਤੇ ਹੈ ਅਤੇ ਉਸ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ।

ਸ਼ੈਰਿਫ਼ ਵਿਭਾਗ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਅਤੇ ਦਿਲ ਕੰਬਾਊ ਘਟਨਾ ਹੈ। ਵਿਭਾਗ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ ਅਤੇ ਮ੍ਰਿਤਕ ਅਧਿਕਾਰੀਆਂ ਦੀ ਸੇਵਾ ਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਵਾਸ਼ਿੰਗਟਨ ਦੇ ਗਵਰਨਰ ਬੌਬ ਫਰਗੂਸਨ ਨੇ ਵੀ ਦੁੱਖ ਪ੍ਰਗਟਾਉਂਦਿਆਂ ਕਿਹਾ, “ਮੇਰੀਆਂ ਪ੍ਰਾਰਥਨਾਵਾਂ ਇਨ੍ਹਾਂ ਡਿਪਟੀਆਂ ਦੇ ਪਰਿਵਾਰਾਂ ਦੇ ਨਾਲ ਹਨ।”

ਘਟਨਾ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਵੱਲੋਂ ਮ੍ਰਿਤਕਾਂ, ਸ਼ੱਕੀ ਵਿਅਕਤੀ ਅਤੇ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦੀ ਪਛਾਣ ਬਾਰੇ ਅਜੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

#Washington#FiringIncident#SpokaneCounty#saddatvusa

LEAVE A REPLY

Please enter your comment!
Please enter your name here