ਕੈਨੇਡਾ – ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਪਹਿਲਾਂ ਤੋਂ ਰਹਿ ਰਹੇ 2 ਲੱਖ ਅਸਥਾਈ ਪ੍ਰਵਾਸੀਆਂ (Temporary Residents) ਨੂੰ ਸਾਲ 2027 ਦੇ ਅੰਤ ਤੱਕ ਪੱਕੀ ਰਿਹਾਇਸ਼ (PR) ਦੇਣ ਲਈ ਵਿਸ਼ੇਸ਼ ਰਸਤਾ ਤਿਆਰ ਕਰਨ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨਾਲ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੀ ਇਜਾਜ਼ਤ ਲੈ ਕੇ ਰਹਿ ਰਹੇ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ।
ਇਹ ਵਿਸ਼ੇਸ਼ ਯੋਜਨਾ ਕੈਨੇਡਾ ਦੇ ਬਜਟ 2026 ਅਤੇ 2027-29 ਦੇ ਇਮੀਗ੍ਰੇਸ਼ਨ ਪਲਾਨ ਦਾ ਹਿੱਸਾ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ 2 ਲੱਖ PR ਮੌਕਿਆਂ ਨੂੰ ਸਰਕਾਰ ਦੇ ਆਮ ਸਾਲਾਨਾ ਇਮੀਗ੍ਰੇਸ਼ਨ ਟੀਚਿਆਂ ਤੋਂ ਵੱਖ ਰੱਖਿਆ ਜਾਵੇਗਾ।
ਯੋਜਨਾ ਤਹਿਤ 2 ਲੱਖ ਥਾਵਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਵਿੱਚ 1 ਲੱਖ ਅਜਿਹੇ ਕਾਮਿਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜੋ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਐਕਸਪ੍ਰੈੱਸ ਐਂਟਰੀ ਜਾਂ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ (PNP) ਲਈ ਯੋਗ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸੂਬਾਈ ਸਰਕਾਰਾਂ ਨੂੰ ਵੀ ਸਥਾਨਕ ਲੇਬਰ ਮਾਰਕੀਟ ਦੀਆਂ ਲੋੜਾਂ ਅਨੁਸਾਰ ਕਾਮਿਆਂ ਦੀ ਚੋਣ ਕਰਨ ਲਈ ਵਧੇਰੇ ਮੌਕੇ ਦਿੱਤੇ ਜਾਣਗੇ, ਖ਼ਾਸ ਕਰਕੇ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ।
ਬਾਕੀ 1 ਲੱਖ ਥਾਵਾਂ ਮਨੁੱਖੀ ਹਮਦਰਦੀ ਦੇ ਆਧਾਰ ’ਤੇ ਵੱਖ-ਵੱਖ ਸ਼੍ਰੇਣੀਆਂ ਲਈ ਰੱਖੀਆਂ ਗਈਆਂ ਹਨ। ਇਨ੍ਹਾਂ ਵਿੱਚ ਹਾਂਗਕਾਂਗ ਅਤੇ ਯੂਕਰੇਨ ਨਾਲ ਸਬੰਧਤ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਬਕਾਇਆ ਕੇਸ, ਮਨੁੱਖੀ ਹਮਦਰਦੀ ਵਾਲੀਆਂ ਅਰਜ਼ੀਆਂ ਅਤੇ ਕੈਨੇਡੀਅਨ ਨਾਗਰਿਕਾਂ ਜਾਂ PR ਧਾਰਕਾਂ ਦੇ ਜੀਵਨ ਸਾਥੀਆਂ, ਪਾਰਟਨਰਾਂ ਅਤੇ ਨਿਰਭਰ ਬੱਚਿਆਂ ਦੀਆਂ ਅਰਜ਼ੀਆਂ ਸ਼ਾਮਲ ਹੋਣਗੀਆਂ।
ਹਾਲਾਂਕਿ, ਇਸ ਯੋਜਨਾ ਲਈ ਯੋਗਤਾ ਦੀਆਂ ਸ਼ਰਤਾਂ, ਭਾਸ਼ਾ ਦੀ ਲੋੜ, ਕਿੱਤਿਆਂ ਦੀ ਸੂਚੀ ਅਤੇ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਅਜੇ ਵਿਸਥਾਰਪੂਰਵਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਇਹ ਨਵੀਂ ਅਰਜ਼ੀ ਪ੍ਰਕਿਰਿਆ ਸਭ ਲਈ ਖੁੱਲ੍ਹੀ ਨਹੀਂ ਹੋਵੇਗੀ, ਸਗੋਂ ਪਹਿਲਾਂ ਤੋਂ ਮੌਜੂਦ ਕੁਝ ਇਮੀਗ੍ਰੇਸ਼ਨ ਪ੍ਰੋਗਰਾਮਾਂ ਤਹਿਤ ਯੋਗ ਲੋਕਾਂ ਦੇ ਕੇਸਾਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਟੀਚਿਆਂ ਵਿੱਚ ਕਟੌਤੀ ਕਾਰਨ ਬਹੁਤ ਸਾਰੇ ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਨੂੰ PR ਸਬੰਧੀ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਵੀਂ ਯੋਜਨਾ ਨਾਲ ਪਹਿਲਾਂ ਤੋਂ ਕੈਨੇਡਾ ਵਿੱਚ ਵੱਸ ਚੁੱਕੇ ਪ੍ਰਵਾਸੀਆਂ ਨੂੰ ਪੱਕੀ ਰਿਹਾਇਸ਼ ਹਾਸਲ ਕਰਨ ਦਾ ਇੱਕ ਹੋਰ ਮੌਕਾ ਮਿਲ ਸਕਦਾ ਹੈ।

