ਟਰੰਪ ਨੇ ਹਸ਼ ਮਨੀ ਮਾਮਲੇ ’ਚ ਸਜ਼ਾ ਰੱਦ ਕਰਵਾਉਣ ਲਈ ਸਟੇਟ ਅਤੇ ਫੈਡਰਲ ਅਦਾਲਤਾਂ ਦਾ ਖੜਕਾਇਆ ਦਰਵਾਜ਼ਾ !

0
6

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਖ਼ਿਲਾਫ਼ ਚੱਲ ਰਹੇ ਹਸ਼ ਮਨੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਫ਼ੈਸਲੇ ਨੂੰ ਰੱਦ ਕਰਵਾਉਣ ਲਈ ਕਾਨੂੰਨੀ ਲੜਾਈ ਲੜ ਰਹੇ ਹਨ। ਇਸ ਮਕਸਦ ਲਈ ਉਨ੍ਹਾਂ ਨੇ ਨਿਊਯਾਰਕ ਦੀਆਂ ਸਟੇਟ ਅਦਾਲਤਾਂ ਦੇ ਨਾਲ-ਨਾਲ ਫੈਡਰਲ ਅਦਾਲਤ ਵਿੱਚ ਵੀ ਅਪੀਲ ਕੀਤੀ ਹੈ।

ਸੋਮਵਾਰ ਨੂੰ ਅਮਰੀਕਾ ਦੀ ਦੂਜੀ ਸਰਕਟ ਅਪੀਲ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਟਰੰਪ ਦੇ ਵਕੀਲ ਅਤੇ ਨਿਊਯਾਰਕ ਦੇ ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣੀਆਂ। ਇੱਕ ਘੰਟੇ ਤੋਂ ਵੱਧ ਸਮਾਂ ਚੱਲੀ ਸੁਣਵਾਈ ਦੌਰਾਨ ਟਰੰਪ ਦੇ ਵਕੀਲ ਨੇ ਮੰਗ ਕੀਤੀ ਕਿ ਮਾਮਲੇ ਨੂੰ ਸਟੇਟ ਅਦਾਲਤ ਤੋਂ ਫੈਡਰਲ ਅਦਾਲਤ ਵਿੱਚ ਤਬਦੀਲ ਕੀਤਾ ਜਾਵੇ, ਤਾਂ ਜੋ ਰਾਸ਼ਟਰਪਤੀ ਨੂੰ ਮਿਲੀ ਕਾਨੂੰਨੀ ਛੋਟ ਦੇ ਆਧਾਰ ’ਤੇ ਕੇਸ ਖ਼ਾਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਅਦਾਲਤ ਨੇ ਤੁਰੰਤ ਕੋਈ ਫ਼ੈਸਲਾ ਨਹੀਂ ਸੁਣਾਇਆ।

ਜ਼ਿਕਰਯੋਗ ਹੈ ਕਿ ਮਈ 2024 ਵਿੱਚ ਨਿਊਯਾਰਕ ਦੀ ਅਦਾਲਤ ਨੇ ਟਰੰਪ ਨੂੰ ਕਾਰੋਬਾਰੀ ਰਿਕਾਰਡਾਂ ਵਿੱਚ ਹੇਰਾਫੇਰੀ ਕਰਨ ਦੇ 34 ਸੰਗੀਨ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਇਹ ਮਾਮਲਾ ਬਾਲਗ ਫ਼ਿਲਮ ਅਦਾਕਾਰਾ ਸਟੌਰਮੀ ਡੈਨੀਅਲਜ਼ ਨੂੰ ਦਿੱਤੇ ਗਏ 1.30 ਲੱਖ ਡਾਲਰ ਦੇ ਭੁਗਤਾਨ ਨੂੰ ਲੁਕਾਉਣ ਨਾਲ ਸਬੰਧਤ ਸੀ। ਟਰੰਪ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਲਗਾਤਾਰ ਨਕਾਰਿਆ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਉਨ੍ਹਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਸੀ।

ਟਰੰਪ ਦੇ ਵਕੀਲ ਰੌਬਰਟ ਗਿਫਰਾ ਜੂਨੀਅਰ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਬਿਨਾਂ ਦੇਰੀ ਕੇਸ ਆਪਣੇ ਅਧੀਨ ਲਿਆ ਜਾਵੇ ਅਤੇ ਨਿਊਯਾਰਕ ਦੀ ਅਪੀਲ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਰੋਕੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮਾਮਲਾ ਫੈਡਰਲ ਅਦਾਲਤ ਵਿੱਚ ਨਹੀਂ ਲਿਜਾਇਆ ਜਾਂਦਾ ਤਾਂ ਟਰੰਪ ਨੂੰ ਅਮਰੀਕੀ ਸੁਪਰੀਮ ਕੋਰਟ ਤੱਕ ਪਹੁੰਚਣ ਲਈ ਕਈ ਸਾਲ ਉਡੀਕ ਕਰਨੀ ਪੈ ਸਕਦੀ ਹੈ।

ਦੂਜੇ ਪਾਸੇ, ਅਪੀਲ ਅਦਾਲਤ ਦੇ ਜੱਜਾਂ ਨੇ ਟਰੰਪ ਦੇ ਵਕੀਲ ਦੀ ਦਲੀਲ ’ਤੇ ਸਵਾਲ ਚੁੱਕੇ। ਜੱਜਾਂ ਨੇ ਪੁੱਛਿਆ ਕਿ ਜਦੋਂ ਨਿਊਯਾਰਕ ਦੀ ਅਪੀਲ ਅਦਾਲਤ ਵਿੱਚ ਪਹਿਲਾਂ ਹੀ ਦਲੀਲਾਂ ਅਤੇ ਦਸਤਾਵੇਜ਼ ਜਮ੍ਹਾਂ ਹੋ ਚੁੱਕੇ ਹਨ ਤਾਂ ਕੇਸ ਨੂੰ ਫੈਡਰਲ ਅਦਾਲਤ ਵਿੱਚ ਤਬਦੀਲ ਕਰਨ ਦੀ ਕਾਨੂੰਨੀ ਪ੍ਰਕਿਰਿਆ ਕਿਵੇਂ ਪੂਰੀ ਹੋਵੇਗੀ।

ਇਸ ਤੋਂ ਪਹਿਲਾਂ ਅਗਸਤ ਵਿੱਚ ਫੈਡਰਲ ਜੱਜ ਐਲਵਿਨ ਹੈਲਰਸਟਾਈਨ ਨੇ ਤੀਜੀ ਵਾਰ ਟਰੰਪ ਦੀ ਕੇਸ ਤਬਦੀਲ ਕਰਨ ਦੀ ਮੰਗ ਰੱਦ ਕਰ ਦਿੱਤੀ ਸੀ। ਜੱਜ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਕਿਸੇ ਬਾਲਗ ਫ਼ਿਲਮ ਅਦਾਕਾਰਾ ਨੂੰ ਚੁੱਪ ਰਹਿਣ ਲਈ ਪੈਸੇ ਦੇਣਾ ਜਾਂ ਕਿਸੇ ਸ਼ਰਮਨਾਕ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨਾ ਰਾਸ਼ਟਰਪਤੀ ਨੂੰ ਮਿਲਣ ਵਾਲੀ ਕਾਨੂੰਨੀ ਛੋਟ ਦੇ ਦਾਇਰੇ ਵਿੱਚ ਨਹੀਂ ਆਉਂਦਾ।

ਟਰੰਪ ਦੇ ਵਕੀਲਾਂ ਦਾ ਇਹ ਵੀ ਦੋਸ਼ ਹੈ ਕਿ ਮੁਕੱਦਮੇ ਦੌਰਾਨ ਇਸ ਤਰ੍ਹਾਂ ਦੇ ਸਬੂਤ ਵਰਤੇ ਗਏ ਸਨ, ਜਿਨ੍ਹਾਂ ਦੀ ਵਰਤੋਂ ’ਤੇ ਅਮਰੀਕੀ ਸੁਪਰੀਮ ਕੋਰਟ ਨੇ ਜੁਲਾਈ 2024 ਦੇ ਆਪਣੇ ਫ਼ੈਸਲੇ ਵਿੱਚ ਰੋਕ ਲਗਾਈ ਸੀ। ਉਨ੍ਹਾਂ ਮੁਤਾਬਕ ਰਾਸ਼ਟਰਪਤੀ ਵਜੋਂ ਕੀਤੇ ਗਏ ਸਰਕਾਰੀ ਕੰਮਾਂ ਅਤੇ ਵ੍ਹਾਈਟ ਹਾਊਸ ਨਾਲ ਜੁੜੀਆਂ ਗੱਲਬਾਤਾਂ ਨੂੰ ਕੇਸ ਵਿੱਚ ਸਬੂਤ ਵਜੋਂ ਵਰਤਣਾ ਗ਼ਲਤ ਸੀ।

ਉੱਧਰ, ਮੈਨਹਟਨ ਜ਼ਿਲ੍ਹਾ ਅਟਾਰਨੀ ਦਫ਼ਤਰ ਦੇ ਮੁੱਖ ਅਪੀਲ ਵਕੀਲ ਸਟੀਵਨ ਵੂ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਹੇਠਲੀ ਫੈਡਰਲ ਅਦਾਲਤ ਦਾ ਫ਼ੈਸਲਾ ਬਰਕਰਾਰ ਰੱਖਿਆ ਜਾਵੇ ਅਤੇ ਮਾਮਲੇ ਨੂੰ ਨਿਊਯਾਰਕ ਦੀ ਸਟੇਟ ਅਦਾਲਤ ਵਿੱਚ ਹੀ ਚੱਲਣ ਦਿੱਤਾ ਜਾਵੇ।

ਫਿਲਹਾਲ ਦੋਵਾਂ ਅਦਾਲਤੀ ਮੋਰਚਿਆਂ ’ਤੇ ਟਰੰਪ ਦੀ ਕਾਨੂੰਨੀ ਲੜਾਈ ਜਾਰੀ ਹੈ ਅਤੇ ਅਪੀਲ ਅਦਾਲਤਾਂ ਦੇ ਫ਼ੈਸਲਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

#TrumpNews#usa#saddatvusa

LEAVE A REPLY

Please enter your comment!
Please enter your name here