ਕੈਨੇਡਾ ਦੀ ਯੂਨੀਵਰਸਿਟੀ ਨੇ ਫਰੈਂਚ ਭਾਸ਼ਾ ਵਿੱਚ ਸਿੱਖ ਧਰਮ ’ਤੇ ਕੋਰਸ ਕੀਤਾ ਸ਼ੁਰੂ !

0
9

ਮਾਂਟਰੀਅਲ: ਕੈਨੇਡਾ ਦੇ ਕਿਊਬੈਕ ਸੂਬੇ ਦੀ ਯੂਨੀਵਰਸਿਟੀ ਆਫ਼ ਮਾਂਟਰੀਅਲ ਨੇ ਸਿੱਖ ਧਰਮ ਦੇ ਅਧਿਐਨ ਨਾਲ ਜੁੜੀ ਇੱਕ ਅਹਿਮ ਪਹਿਲ ਕੀਤੀ ਹੈ। ਯੂਨੀਵਰਸਿਟੀ ਨੇ ਦੁਨੀਆ ਵਿੱਚ ਪਹਿਲੀ ਵਾਰ ਫਰੈਂਚ ਭਾਸ਼ਾ ਵਿੱਚ ਗ੍ਰੈਜੂਏਟ ਪੱਧਰ ’ਤੇ ਸਿੱਖ ਧਰਮ ਬਾਰੇ ਕੋਰਸ ਸ਼ੁਰੂ ਕੀਤਾ ਹੈ। ਇਹ ਕੋਰਸ ਮਾਸਟਰਜ਼ ਅਤੇ ਡਾਕਟੋਰਲ ਪੱਧਰ ਦੇ ਪਾਠਕ੍ਰਮ ਦਾ ਹਿੱਸਾ ਹੋਵੇਗਾ।

ਮਾਂਟਰੀਅਲ ਦੇ ਕਾਰੋਬਾਰੀ ਬਲਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੀ ਪਤਨੀ ਮਨਦੀਪ (ਰੋਸ਼ੀ) ਕੌਰ ਚੱਢਾ ਨੇ ਇਸ ਪਹਿਲ ਨੂੰ ਸਿੱਖ ਅਧਿਐਨ ਦੇ ਖੇਤਰ ਵਿੱਚ ਇੱਕ ਵੱਡਾ ਮੀਲ ਪੱਥਰ ਦੱਸਿਆ ਹੈ। ਉਨ੍ਹਾਂ ਮੁਤਾਬਕ ਇਸ ਨਾਲ ਫਰੈਂਚ ਬੋਲਣ ਵਾਲੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਲਈ ਸਿੱਖ ਧਰਮ ਨੂੰ ਆਪਣੀ ਅਕਾਦਮਿਕ ਭਾਸ਼ਾ ਵਿੱਚ ਸਮਝਣ ਦਾ ਮੌਕਾ ਮਿਲੇਗਾ।

ਯੂਨੀਵਰਸਿਟੀ ਮੁਤਾਬਕ ਕੋਰਸ ਵਿੱਚ ਸਿੱਖ ਪਰੰਪਰਾ, ਭਗਤੀ ਲਹਿਰ ਨਾਲ ਇਸ ਦੇ ਸਬੰਧ, ਸਿੱਖ ਧਾਰਮਿਕ ਗ੍ਰੰਥਾਂ, ਰਸਮਾਂ, ਸਿਧਾਂਤਾਂ, ਦਰਸ਼ਨ ਅਤੇ ਵਿਸ਼ਵਾਸ ਪ੍ਰਣਾਲੀ ਦਾ ਵਿਸਥਾਰ ਨਾਲ ਅਧਿਐਨ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਪਾਠਕ੍ਰਮ ਵਿੱਚ ਬਸਤੀਵਾਦ ਦਾ ਸਿੱਖ ਪਰੰਪਰਾ ’ਤੇ ਪ੍ਰਭਾਵ, ਉੱਤਰ-ਬਸਤੀਵਾਦੀ ਦੌਰ ਵਿੱਚ ਸਿੱਖ ਧਰਮ, ਟਕਰਾਅ ਅਤੇ ਰਾਸ਼ਟਰਵਾਦੀ ਲਹਿਰਾਂ, ਭਾਰਤ ਅਤੇ ਵਿਦੇਸ਼ਾਂ ਵਿੱਚ ਸਮਕਾਲੀ ਸਿੱਖ ਭਾਈਚਾਰਾ ਅਤੇ ਸਿਨੇਮਾ ਵਿੱਚ ਸਿੱਖ ਧਰਮ ਦੀ ਪੇਸ਼ਕਾਰੀ ਵਰਗੇ ਵਿਸ਼ੇ ਵੀ ਸ਼ਾਮਲ ਕੀਤੇ ਗਏ ਹਨ।

ਇਹ ਕੋਰਸ ਫਰੈਂਚ ਭਾਸ਼ਾ ਵਿੱਚ ਪੜ੍ਹਾਇਆ ਜਾਵੇਗਾ, ਹਾਲਾਂਕਿ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਅਤੇ ਲਿਖਤੀ ਅਸਾਈਨਮੈਂਟ ਫਰੈਂਚ ਜਾਂ ਅੰਗਰੇਜ਼ੀ ਵਿੱਚ ਦੇਣ ਦੀ ਇਜਾਜ਼ਤ ਹੋਵੇਗੀ।

ਪ੍ਰੋਫੈਸਰ ਡਾਇਨਾ ਦਿਮਿਤਰੋਵਾ ਦੇਵੇਗੀ ਸਿੱਖਿਆ

ਇਹ ਕੋਰਸ ਯੂਨੀਵਰਸਿਟੀ ਆਫ਼ ਮਾਂਟਰੀਅਲ ਦੀ ਪ੍ਰੋਫੈਸਰ ਡਾਇਨਾ ਦਿਮਿਤਰੋਵਾ ਦੀ ਅਗਵਾਈ ਹੇਠ ਪੜ੍ਹਾਇਆ ਜਾ ਰਿਹਾ ਹੈ। ਉਹ ਦੱਖਣੀ ਏਸ਼ੀਆਈ ਪਰੰਪਰਾਵਾਂ ਅਤੇ ਸੱਭਿਆਚਾਰਾਂ ਦੀ ਮਾਹਿਰ ਹਨ ਅਤੇ ਰੌਇਲ ਸੋਸਾਇਟੀ ਆਫ਼ ਕੈਨੇਡਾ ਦੀ ਫੈਲੋ ਵੀ ਹਨ।

ਪ੍ਰੋਫੈਸਰ ਦਿਮਿਤਰੋਵਾ ਦਾ ਅਕਾਦਮਿਕ ਕੰਮ ਸੱਭਿਆਚਾਰਕ ਪਛਾਣ, ਰਾਸ਼ਟਰਵਾਦ ਅਤੇ ਦੱਖਣੀ ਏਸ਼ੀਆਈ ਸਮਾਜ ਤੇ ਸੱਭਿਆਚਾਰ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ’ਤੇ ਕੇਂਦਰਿਤ ਰਿਹਾ ਹੈ।

ਸਿੱਖ ਅਧਿਐਨ ਲਈ ਮਹੱਤਵਪੂਰਨ ਕਦਮ

ਇਸ ਕੋਰਸ ਦੀ ਸ਼ੁਰੂਆਤ ਨੂੰ ਸਿੱਖ ਧਰਮ ਦੇ ਅਕਾਦਮਿਕ ਅਧਿਐਨ ਨੂੰ ਅੰਗਰੇਜ਼ੀ ਭਾਸ਼ਾ ਤੋਂ ਅੱਗੇ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਫਰੈਂਚ ਬੋਲਣ ਵਾਲੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਧਰਮ, ਸੱਭਿਆਚਾਰ ਅਤੇ ਆਧੁਨਿਕ ਸਿੱਖ ਭਾਈਚਾਰੇ ਬਾਰੇ ਉੱਚ ਪੱਧਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ।

ਕੈਨੇਡਾ ਵਿੱਚ, ਖਾਸ ਕਰਕੇ ਕਿਊਬੈਕ ਸਮੇਤ ਵੱਖ-ਵੱਖ ਸੂਬਿਆਂ ਵਿੱਚ ਸਿੱਖ ਭਾਈਚਾਰੇ ਦੀ ਮੌਜੂਦਗੀ ਵਧ ਰਹੀ ਹੈ। ਅਜਿਹੇ ਵਿੱਚ ਯੂਨੀਵਰਸਿਟੀ ਆਫ਼ ਮਾਂਟਰੀਅਲ ਵੱਲੋਂ ਫਰੈਂਚ ਵਿੱਚ ਸਿੱਖ ਧਰਮ ਦਾ ਇਹ ਕੋਰਸ ਅੰਤਰ-ਧਾਰਮਿਕ ਅਤੇ ਅੰਤਰ-ਸੱਭਿਆਚਾਰਕ ਸਮਝ ਨੂੰ ਮਜ਼ਬੂਤ ਕਰਨ ਲਈ ਵੀ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

#saddatvusa#montreal#university#sikhismcourse#infrenchlanguage#quebec#ProudMoment

LEAVE A REPLY

Please enter your comment!
Please enter your name here