ਜਰਮਨੀ ਦੇ ਪੂਰਬੀ ਸੂਬੇ ਸੈਕਸਨੀ-ਐਨਹਾਲਟ ਦੀਆਂ ਸੂਬਾਈ ਚੋਣਾਂ ਵਿੱਚ ਪ੍ਰਵਾਸ-ਵਿਰੋਧੀ ਕੱਟੜ ਸੱਜੇ-ਪੱਖੀ ਪਾਰਟੀ AfD ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਪਾਰਟੀ ਨੇ 43.8% ਵੋਟਾਂ ਹਾਸਲ ਕੀਤੀਆਂ, ਜਦਕਿ ਸੱਤਾਧਾਰੀ CDU ਸਿਰਫ਼ 17.2% ਵੋਟਾਂ ’ਤੇ ਰਹਿ ਗਈ।
83 ਮੈਂਬਰੀ ਸੂਬਾਈ ਸੰਸਦ ਵਿੱਚ AfD ਨੂੰ ਲਗਭਗ 39 ਸੀਟਾਂ ਮਿਲਣ ਦਾ ਅਨੁਮਾਨ ਹੈ, ਜੋ ਬਹੁਮਤ ਲਈ ਲੋੜੀਂਦੀਆਂ 42 ਸੀਟਾਂ ਤੋਂ ਥੋੜ੍ਹੀਆਂ ਘੱਟ ਹਨ। ਇਸ ਦੇ ਬਾਵਜੂਦ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਨੇ ਉਸ ਨੂੰ ਸਰਕਾਰ ਬਣਾਉਣ ਦਾ ਫ਼ਤਵਾ ਦਿੱਤਾ ਹੈ।
ਚੋਣ ਵਿੱਚ 77.8% ਵੋਟਿੰਗ ਹੋਈ। AfD ਆਗੂ ਉਲਰਿਖ ਸੀਗਮੁੰਡ ਨੇ ਕਿਹਾ ਹੈ ਕਿ ਉਹ ਘੱਟ ਗਿਣਤੀ ਸਰਕਾਰ ਨਹੀਂ ਬਣਾਉਣਗੇ ਅਤੇ ਲੋੜ ਪੈਣ ’ਤੇ ਮੁੜ ਚੋਣਾਂ ਕਰਵਾਉਣ ਲਈ ਤਿਆਰ ਹਨ।
ਇਸ ਨਤੀਜੇ ਨੇ ਜਰਮਨੀ ਦੀ ਕੇਂਦਰੀ ਸਰਕਾਰ ’ਤੇ ਵੀ ਦਬਾਅ ਵਧਾ ਦਿੱਤਾ ਹੈ। ਚਾਂਸਲਰ ਫ੍ਰੀਡਰਿਖ ਮਰਜ਼ ਵੱਲੋਂ AfD ਦੀ ਵਧਦੀ ਲੋਕਪ੍ਰਿਅਤਾ ਰੋਕਣ ਦੇ ਵਾਅਦੇ ਦੇ ਬਾਵਜੂਦ ਪਾਰਟੀ ਦੀ ਇਹ ਵੱਡੀ ਜਿੱਤ ਉਨ੍ਹਾਂ ਲਈ ਸਿਆਸੀ ਚੁਣੌਤੀ ਬਣ ਗਈ ਹੈ।
AfD ਦੀਆਂ ਨੀਤੀਆਂ ਨੂੰ ਲੈ ਕੇ ਰੂਸ ਅਤੇ ਯੂਕਰੇਨ ਦਾ ਮੁੱਦਾ ਵੀ ਅਹਿਮ ਹੈ। ਪਾਰਟੀ ਯੂਕਰੇਨ ਨੂੰ ਫ਼ੌਜੀ ਮਦਦ ਘਟਾਉਣ ਅਤੇ ਰੂਸ ’ਤੇ ਪਾਬੰਦੀਆਂ ਦੇ ਵਿਰੋਧ ਵਿੱਚ ਰਹੀ ਹੈ। ਰੂਸੀ ਅਧਿਕਾਰੀਆਂ ਵੱਲੋਂ ਵੀ ਇਸ ਨਤੀਜੇ ਦਾ ਸਵਾਗਤ ਕੀਤਾ ਗਿਆ ਹੈ।
ਯੂਰਪੀ ਸੰਘ ਲਈ ਵੀ ਇਹ ਨਤੀਜਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕਈ ਯੂਰਪੀ ਦੇਸ਼ਾਂ ਵਿੱਚ ਚੋਣਾਂ ਹੋਣੀਆਂ ਹਨ। ਵਿਸ਼ਲੇਸ਼ਕਾਂ ਮੁਤਾਬਕ ਜੇ ਹੋਰ ਦੇਸ਼ਾਂ ਵਿੱਚ ਵੀ ਰਾਸ਼ਟਰਵਾਦੀ ਅਤੇ ਕੱਟੜ ਸੱਜੇ-ਪੱਖੀ ਪਾਰਟੀਆਂ ਮਜ਼ਬੂਤ ਹੁੰਦੀਆਂ ਹਨ ਤਾਂ ਯੂਰਪ ਦੀ ਸਾਂਝੀ ਨੀਤੀ ਅਤੇ ਰੂਸ ਵਿਰੁੱਧ ਏਕਤਾ ਪ੍ਰਭਾਵਿਤ ਹੋ ਸਕਦੀ ਹੈ।
#saddatvusa #germany #AFDParty #victory #latestnewsupdated

