ਏਸ਼ੀਅਨ ਖੇਡਾਂ 2026 – ਭਾਰਤ ਦੀ ਤਿਆਰੀ, ਤਗਮੇ ਦੀਆਂ ਉਮੀਦਾਂ ਅਤੇ ਪੰਜਾਬ ਦੇ ਖਿਡਾਰੀ…..

0
8

ਜਪਾਨ ਦੇ ਆਈਚੀ-ਨਾਗੋਯਾ ਵਿਖੇ 20ਵੀਆਂ ਏਸ਼ੀਅਨ ਖੇਡਾਂ 2026 ਦਾ ਆਗਾਜ਼ 19 ਸਤੰਬਰ ਤੋਂ ਹੋਣ ਜਾ ਰਿਹਾ ਹੈ। ਇਹ ਖੇਡਾਂ 4 ਅਕਤੂਬਰ ਤੱਕ ਚੱਲਣਗੀਆਂ, ਜਿਨ੍ਹਾਂ ਵਿੱਚ ਏਸ਼ੀਆ ਦੇ 45 ਦੇਸ਼ ਹਿੱਸਾ ਲੈ ਰਹੇ ਹਨ।
ਭਾਰਤ ਵੱਲੋਂ ਇਸ ਵਾਰ 501 ਐਥਲੀਟ 36 ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣਗੇ। ਭਾਰਤੀ ਦਲ ਵਿੱਚ 267 ਪੁਰਸ਼ ਅਤੇ 234 ਮਹਿਲਾ ਖਿਡਾਰੀ ਸ਼ਾਮਲ ਹਨ। ਇਨ੍ਹਾਂ ਵਿੱਚੋਂ 310 ਖਿਡਾਰੀ ਪਹਿਲੀ ਵਾਰ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣਗੇ। ਭਾਰਤ ਨੇ ਇਨ੍ਹਾਂ ਖੇਡਾਂ ਦੀ ਤਿਆਰੀ ਲਈ ਲਗਭਗ 702.86 ਕਰੋੜ ਰੁਪਏ ਖਰਚ ਕੀਤੇ ਹਨ।
ਭਾਰਤੀ ਦਲ ਦੇ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਵਜੋਂ ਉਭਰਦੇ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਦਾ ਨਾਮ ਸਾਹਮਣੇ ਆਇਆ ਹੈ, ਜਦਕਿ ਘੁੜਸਵਾਰ ਸ਼ਰੂਤੀ ਵੋਰਾ ਸਭ ਤੋਂ ਵੱਧ ਉਮਰ ਵਾਲੀ ਖਿਡਾਰਨ ਹਨ।
ਪਿਛਲੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ
2023 ਵਿੱਚ ਚੀਨ ਦੇ ਹਾਂਗਜੋਊ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੇ ਕੁੱਲ 106 ਤਗਮੇ ਜਿੱਤੇ ਸਨ। ਇਨ੍ਹਾਂ ਵਿੱਚ 28 ਸੋਨੇ, 38 ਚਾਂਦੀ ਅਤੇ 40 ਕਾਂਸੇ ਦੇ ਤਗਮੇ ਸ਼ਾਮਲ ਸਨ। ਭਾਰਤ ਇਸ ਤਗਮਾ ਸੂਚੀ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ।
ਇਨ੍ਹਾਂ ਖਿਡਾਰੀਆਂ ’ਤੇ ਰਹੇਗੀ ਨਜ਼ਰ
ਇਸ ਵਾਰ ਭਾਰਤ ਨੂੰ ਸ਼ੂਟਿੰਗ, ਬੈਡਮਿੰਟਨ, ਐਥਲੈਟਿਕਸ, ਹਾਕੀ, ਕ੍ਰਿਕਟ, ਵੇਟਲਿਫਟਿੰਗ ਅਤੇ ਬੌਕਸਿੰਗ ਸਮੇਤ ਕਈ ਖੇਡਾਂ ਵਿੱਚ ਤਗਮਿਆਂ ਦੀ ਉਮੀਦ ਹੈ।
ਸ਼ੂਟਿੰਗ ਵਿੱਚ ਮਨੂ ਭਾਕਰ ਅਤੇ ਈਸ਼ਾ ਸਿੰਘ, ਬੈਡਮਿੰਟਨ ਵਿੱਚ ਪੀਵੀ ਸਿੰਧੂ, ਲਕਸ਼ਿਆ ਸੇਨ ਅਤੇ ਤਨਵੀ ਸ਼ਰਮਾ, ਜਦਕਿ ਐਥਲੈਟਿਕਸ ਵਿੱਚ ਤੇਜਿੰਦਰਪਾਲ ਸਿੰਘ ਤੂਰ, ਗੁਰਿੰਦਰਵੀਰ ਸਿੰਘ, ਅਨੀਮੇਸ਼ ਕੁਜੁਰ ਅਤੇ ਗੁਲਵੀਰ ਸਿੰਘ ’ਤੇ ਨਜ਼ਰ ਰਹੇਗੀ।
ਹਾਲਾਂਕਿ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਸੱਟ ਕਾਰਨ ਇਨ੍ਹਾਂ ਏਸ਼ੀਅਨ ਖੇਡਾਂ ਵਿੱਚ ਹਿੱਸਾ ਨਹੀਂ ਲੈਣਗੇ। ਉਹ 2018 ਅਤੇ 2022 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤ ਚੁੱਕੇ ਹਨ।
ਪੰਜਾਬ ਦੇ ਖਿਡਾਰੀਆਂ ਦੀ ਵੀ ਅਹਿਮ ਭੂਮਿਕਾ
ਏਸ਼ੀਅਨ ਖੇਡਾਂ ਵਿੱਚ ਪੰਜਾਬ ਦੇ ਕਈ ਖਿਡਾਰੀ ਭਾਰਤ ਦੀ ਨੁਮਾਇੰਦਗੀ ਕਰਨਗੇ। ਐਥਲੈਟਿਕਸ ਵਿੱਚ ਤੇਜਿੰਦਰਪਾਲ ਸਿੰਘ ਤੂਰ, ਕਰਨਵੀਰ ਸਿੰਘ, ਦਮਨੀਤ ਸਿੰਘ, ਗੁਰਿੰਦਰਵੀਰ ਸਿੰਘ, ਰਸ਼ਦੀਪ ਕੌਰ ਅਤੇ ਨਿਹਾਰਿਕਾ ਵਸ਼ਿਸ਼ਟ ਸ਼ਾਮਲ ਹਨ।
ਰੋਇੰਗ ਵਿੱਚ ਸਤਨਾਮ ਸਿੰਘ ਘੁਰਦੇ, ਜਸਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਹਿੱਸਾ ਲੈਣਗੇ। ਹਾਕੀ ਵਿੱਚ ਜਰਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ ਅਤੇ ਬਲਜੀਤ ਕੌਰ ਭਾਰਤੀ ਟੀਮ ਦਾ ਹਿੱਸਾ ਹਨ।
ਇਸ ਤੋਂ ਇਲਾਵਾ ਹਰਜਿੰਦਰ ਕੌਰ ਵੇਟਲਿਫਟਿੰਗ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਕ੍ਰਿਕਟ, ਤਨਵੀ ਸ਼ਰਮਾ ਬੈਡਮਿੰਟਨ ਅਤੇ ਪੰਜਾਬ ਦੇ ਹੋਰ ਖਿਡਾਰੀ ਸ਼ੂਟਿੰਗ, ਸਾਈਕਲਿੰਗ ਅਤੇ ਰਗਬੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।
#punjabi #players #athelete #AsianGames2026 #japan #saddatvusa

LEAVE A REPLY

Please enter your comment!
Please enter your name here