ਅਮਰੀਕਾ ਦੀਆਂ ਮਿਡਟਰਮ ਚੋਣਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਨੇ ਵੱਡੀ ਜਿੱਤ ਹਾਸਲ ਕਰਦਿਆਂ ਕਾਂਗਰਸ ਵਿੱਚ ਬਹੁਮਤ ਹਾਸਲ ਕਰ ਲਿਆ ਹੈ। ਰਿਪਬਲਿਕਨ ਪਾਰਟੀ ਦੀ ਇਸ ਹਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਅਤੇ ਲੋਕਪ੍ਰਿਅਤਾ ਵਿੱਚ ਆਈ ਗਿਰਾਵਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਨ੍ਹਾਂ ਚੋਣਾਂ ਵਿੱਚ ਵੋਟਰਾਂ ਨੇ ਮਹਿੰਗਾਈ, ਈਰਾਨ ਨਾਲ ਜੰਗ ਅਤੇ ਇਮੀਗ੍ਰੇਸ਼ਨ ਵਰਗੇ ਮੁੱਦਿਆਂ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਆਓ ਜਾਣਦੇ ਹਾਂ ਰਿਪਬਲਿਕਨ ਪਾਰਟੀ ਦੀ ਹਾਰ ਦੇ 5 ਮੁੱਖ ਕਾਰਨ:-
1. ਵਧਦੀ ਮਹਿੰਗਾਈ ਨੇ ਵੋਟਰਾਂ ਦੀ ਨਾਰਾਜ਼ਗੀ ਵਧਾਈ
ਅਮਰੀਕਾ ਵਿੱਚ ਪੈਟਰੋਲ, ਡੀਜ਼ਲ, ਗੈਸ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਨੇ ਲੋਕਾਂ ਦੇ ਘਰੇਲੂ ਬਜਟ ’ਤੇ ਭਾਰੀ ਅਸਰ ਪਾਇਆ। ਸਰਵੇਖਣ ਮੁਤਾਬਕ ਲਗਭਗ 79 ਫ਼ੀਸਦੀ ਵੋਟਰਾਂ ਨੇ ਮੰਨਿਆ ਕਿ ਮਹਿੰਗਾਈ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਪਿਛਲੇ ਸਾਲ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਲਈ ਟਰੰਪ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
2. ਈਰਾਨ ਨਾਲ ਜੰਗ ਬਣੀ ਵੱਡਾ ਚੋਣ ਮੁੱਦਾ
ਫਰਵਰੀ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਖ਼ਿਲਾਫ਼ ਸ਼ੁਰੂ ਕੀਤੀ ਗਈ ਜੰਗ ਨੇ ਊਰਜਾ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ। ਸਟ੍ਰੇਟ ਆਫ਼ ਹੋਰਮੁਜ਼ ਬੰਦ ਹੋਣ ਕਾਰਨ ਤੇਲ ਅਤੇ ਗੈਸ ਦੀ ਸਪਲਾਈ ਵਿੱਚ ਵਿਘਨ ਪਿਆ ਅਤੇ ਕੀਮਤਾਂ ਵਧ ਗਈਆਂ। ਸਰਵੇਖਣ ਵਿੱਚ 63 ਫ਼ੀਸਦੀ ਲੋਕਾਂ ਨੇ ਈਰਾਨ ਵਿਰੁੱਧ ਫ਼ੌਜੀ ਕਾਰਵਾਈ ਨੂੰ ਗ਼ਲਤ ਦੱਸਿਆ। ਇਸ ਜੰਗ ਨੇ ਟਰੰਪ ਦੇ ‘ਅਮਰੀਕਾ ਫ਼ਸਟ’ ਅਤੇ ਜੰਗਾਂ ਤੋਂ ਦੂਰ ਰਹਿਣ ਦੇ ਵਾਅਦੇ ’ਤੇ ਵੀ ਸਵਾਲ ਖੜ੍ਹੇ ਕੀਤੇ।
3. ਡੈਮੋਕ੍ਰੈਟਸ ਦੀ ਮਜ਼ਬੂਤ ਚੋਣ ਰਣਨੀਤੀ
ਡੈਮੋਕ੍ਰੈਟਿਕ ਪਾਰਟੀ ਨੇ ਮਹਿੰਗਾਈ, ਸਿਹਤ ਸੇਵਾਵਾਂ, ਭ੍ਰਿਸ਼ਟਾਚਾਰ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੋਣ ਮੁਹਿੰਮ ਦਾ ਕੇਂਦਰ ਬਣਾਇਆ। ਜੇਮਜ਼ ਤਾਲਾਰਿਕੋ, ਐਡਮ ਹੈਮਿਲਟਨ ਅਤੇ ਅਬਦੁਲ ਅਲ-ਸਈਦ ਵਰਗੇ ਉਮੀਦਵਾਰਾਂ ਨੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਇਆ। ਸਿਹਤ ਸੇਵਾਵਾਂ ਨੂੰ ਸਸਤਾ ਬਣਾਉਣ ਅਤੇ ਸਿਆਸਤ ਵਿੱਚ ਪੈਸੇ ਦੀ ਭੂਮਿਕਾ ਘਟਾਉਣ ਵਰਗੇ ਮੁੱਦਿਆਂ ਨੇ ਡੈਮੋਕ੍ਰੈਟਸ ਨੂੰ ਵੱਡਾ ਫ਼ਾਇਦਾ ਪਹੁੰਚਾਇਆ।
4. ਟਰੰਪ ਦੀ ਘਟਦੀ ਲੋਕਪ੍ਰਿਅਤਾ ਦਾ ਪਾਰਟੀ ਨੂੰ ਨੁਕਸਾਨ
ਮਹਿੰਗਾਈ ਅਤੇ ਈਰਾਨ ਜੰਗ ਵਰਗੇ ਮੁੱਦਿਆਂ ਕਾਰਨ ਰਾਸ਼ਟਰਪਤੀ ਟਰੰਪ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਆਈ। ਰਿਪਬਲਿਕਨ ਪਾਰਟੀ ਨੇ ਚੋਣ ਮੁਹਿੰਮ ਵਿੱਚ ਟਰੰਪ ਨੂੰ ਕੇਂਦਰ ਵਿੱਚ ਰੱਖਿਆ, ਪਰ ਵੋਟਰਾਂ ਦੀ ਨਾਰਾਜ਼ਗੀ ਕਾਰਨ ਇਹ ਰਣਨੀਤੀ ਉਲਟ ਪੈ ਗਈ। 2024 ਵਿੱਚ ਜਿਨ੍ਹਾਂ ਸੂਬਿਆਂ ਵਿੱਚ ਟਰੰਪ ਨੇ ਜਿੱਤ ਹਾਸਲ ਕੀਤੀ ਸੀ, ਉੱਥੇ ਵੀ ਰਿਪਬਲਿਕਨ ਉਮੀਦਵਾਰਾਂ ਨੂੰ ਇਸ ਵਾਰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ।
5. ਹਿਸਪੈਨਿਕ ਅਤੇ ਸਿਆਹਫਾਮ ਵੋਟਰਾਂ ਨੇ ਬਦਲਿਆ ਚੋਣ ਸਮੀਕਰਨ
2024 ਦੀਆਂ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਵੱਲ ਝੁਕਾਅ ਦਿਖਾਉਣ ਵਾਲੇ ਕਈ ਹਿਸਪੈਨਿਕ ਅਤੇ ਸਿਆਹਫਾਮ ਵੋਟਰ ਇਸ ਵਾਰ ਡੈਮੋਕ੍ਰੈਟਸ ਵੱਲ ਮੁੜਦੇ ਨਜ਼ਰ ਆਏ। ਇਮੀਗ੍ਰੇਸ਼ਨ ਨੀਤੀਆਂ ਅਤੇ ICE ਦੀਆਂ ਕਾਰਵਾਈਆਂ ਨੂੰ ਲੈ ਕੇ ਨਾਰਾਜ਼ਗੀ ਇਸ ਬਦਲਾਅ ਦਾ ਵੱਡਾ ਕਾਰਨ ਰਹੀ। ਟੈਕਸਸ-ਮੈਕਸੀਕੋ ਸਰਹੱਦ ਦੇ ਹਿਸਪੈਨਿਕ ਬਹੁਲਤਾ ਵਾਲੇ ਜ਼ਿਲ੍ਹਿਆਂ ਵਿੱਚ ਡੈਮੋਕ੍ਰੈਟਸ ਨੇ ਹਾਊਸ ਦੀਆਂ ਤਿੰਨੇ ਸੀਟਾਂ ਜਿੱਤੀਆਂ। ਮਿਸਿਸਿਪੀ ਵਿੱਚ ਵੀ ਸਿਆਹਫਾਮ ਵੋਟਰਾਂ ਦੀ ਭੂਮਿਕਾ ਚੋਣ ਨਤੀਜਿਆਂ ਲਈ ਅਹਿਮ ਰਹੀ।
ਮਿਡਟਰਮ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਅਮਰੀਕੀ ਵੋਟਰਾਂ ਲਈ ਮਹਿੰਗਾਈ, ਆਰਥਿਕ ਸਥਿਰਤਾ, ਵਿਦੇਸ਼ ਨੀਤੀ ਅਤੇ ਇਮੀਗ੍ਰੇਸ਼ਨ ਵਰਗੇ ਮੁੱਦੇ ਸਭ ਤੋਂ ਮਹੱਤਵਪੂਰਨ ਹਨ। ਡੈਮੋਕ੍ਰੈਟਸ ਦੀ ਜਿੱਤ ਨੇ ਟਰੰਪ ਪ੍ਰਸ਼ਾਸਨ ਲਈ ਇੱਕ ਵੱਡਾ ਸਿਆਸੀ ਸੰਦੇਸ਼ ਦਿੱਤਾ ਹੈ ਅਤੇ ਆਉਣ ਵਾਲੀਆਂ 2028 ਦੀਆਂ ਰਾਸ਼ਟਰਪਤੀ ਚੋਣਾਂ ਲਈ ਵੀ ਨਵੇਂ ਸਮੀਕਰਨ ਪੈਦਾ ਕਰ ਦਿੱਤੇ ਹਨ।

