ਅਮਰੀਕਾ ਦੇ ਜਾਰਜੀਆ ਸੂਬੇ ਦੀਆਂ ਹਾਲੀਆ ਚੋਣਾਂ ਵਿੱਚ ਜੋਤ ਸਿੰਘ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਉਹ ਜਾਰਜੀਆ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਪਹਿਲੇ ਪੰਜਾਬੀ ਭਾਰਤੀ-ਅਮਰੀਕੀ ਬਣ ਗਏ ਹਨ। ਉਨ੍ਹਾਂ ਨੇ ਡਿਸਟ੍ਰਿਕਟ 97 ਦੀ ਸੀਟ ਤੋਂ ਜਿੱਤ ਹਾਸਲ ਕੀਤੀ ਹੈ, ਜਿਸ ਵਿੱਚ ਗਵਿਨੇਟ ਕਾਊਂਟੀ ਦੇ ਨਾਰਕਰਾਸ, ਡੁਲੂਥ, ਪੀਚਟ੍ਰੀ ਕਾਰਨਰਜ਼ ਅਤੇ ਬਰਕਲੇ ਲੇਕ ਵਰਗੇ ਇਲਾਕੇ ਸ਼ਾਮਲ ਹਨ।
ਜਾਰਜੀਆ ਦੇ ਨਾਰਕਰਾਸ ਵਿੱਚ ਪਲੇ-ਵਧੇ ਜੋਤ ਸਿੰਘ ਨੇ ਯੇਲ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ। ਉਨ੍ਹਾਂ ਦਾ ਪਰਿਵਾਰ 1947 ਦੀ ਵੰਡ ਤੋਂ ਬਾਅਦ ਭਾਰਤ ਆ ਵੱਸਿਆ ਸੀ। ਉਨ੍ਹਾਂ ਦੇ ਪਿਤਾ ਦਾ ਪਰਿਵਾਰ ਦਿੱਲੀ ਅਤੇ ਮਾਤਾ ਦਾ ਪਰਿਵਾਰ ਮੁੰਬਈ ਵਿੱਚ ਵੱਸ ਗਿਆ ਸੀ। ਜੋਤ ਸਿੰਘ ਦਾ ਪਰਿਵਾਰ ਪੰਜਾਬ ਨਾਲ ਵੀ ਡੂੰਘਾ ਨਾਤਾ ਰੱਖਦਾ ਹੈ ਅਤੇ ਉਹ ਲਗਭਗ ਹਰ ਸਾਲ ਪੰਜਾਬ ਆਉਂਦੇ ਰਹੇ ਹਨ।
ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਸਮਾਜਿਕ ਸੇਵਾਵਾਂ, ਨਾਗਰਿਕ ਅਧਿਕਾਰਾਂ ਅਤੇ ਡੈਮੋਕ੍ਰੈਟਿਕ ਪਾਰਟੀ ਦੀਆਂ ਚੋਣ ਮੁਹਿੰਮਾਂ ਨਾਲ ਜੁੜੇ ਰਹੇ। ਉਨ੍ਹਾਂ ਦੀ ਚੋਣ ਮੁਹਿੰਮ ਦਾ ਮੁੱਖ ਕੇਂਦਰ ਮਹਿੰਗੀ ਰਿਹਾਇਸ਼, ਪ੍ਰਾਪਰਟੀ ਟੈਕਸ, ਸਿਹਤ ਸੇਵਾਵਾਂ, ਸਰਕਾਰੀ ਸਕੂਲਾਂ ਅਤੇ ਛੋਟੇ ਕਾਰੋਬਾਰਾਂ ਨਾਲ ਜੁੜੇ ਮੁੱਦੇ ਸਨ।
ਮੀਡੀਆ ਨਾਲ ਗੱਲਬਾਤ ਦੌਰਾਨ ਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਗਵਿਨੇਟ ਵਿੱਚ ਰਹਿਣ-ਸਹਿਣ ਨੂੰ ਕਿਫਾਇਤੀ ਬਣਾਉਣ, ਸਿਹਤ ਅਤੇ ਮਾਨਸਿਕ ਸਿਹਤ ਸੇਵਾਵਾਂ ਦਾ ਵਿਸਥਾਰ ਕਰਨ ਅਤੇ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ‘ਸੇਵਾ’ ਅਤੇ ‘ਸਰਬੱਤ ਦਾ ਭਲਾ’ ਉਨ੍ਹਾਂ ਦੇ ਜਨਤਕ ਜੀਵਨ ਦੀ ਨੀਂਹ ਹਨ। ਉਨ੍ਹਾਂ ਦੀ ਇਹ ਜਿੱਤ ਸਿਰਫ਼ ਨਿੱਜੀ ਪ੍ਰਾਪਤੀ ਨਹੀਂ, ਸਗੋਂ ਅਮਰੀਕਾ ਵਿੱਚ ਵਸਦੇ ਸਿੱਖ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਦੀ ਵਧ ਰਹੀ ਸਿਆਸੀ ਨੁਮਾਇੰਦਗੀ ਦਾ ਵੀ ਪ੍ਰਤੀਕ ਹੈ।
ਇਮੀਗ੍ਰੇਸ਼ਨ ਨੀਤੀਆਂ ਬਾਰੇ ਉਨ੍ਹਾਂ ਕਿਹਾ ਕਿ ਨਿਯਮ ਸਪੱਸ਼ਟ, ਨਿਰਪੱਖ ਅਤੇ ਸਨਮਾਨਜਨਕ ਹੋਣੇ ਚਾਹੀਦੇ ਹਨ। ਪ੍ਰਵਾਸੀ ਪਰਿਵਾਰਾਂ ਨੂੰ ਡਰਾਉਣ ਦੀ ਬਜਾਏ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਸਿਰਫ਼ ਸਿੱਖ ਜਾਂ ਪੰਜਾਬੀ ਭਾਰਤੀ ਭਾਈਚਾਰੇ ਹੀ ਨਹੀਂ, ਬਲਕਿ ਡਿਸਟ੍ਰਿਕਟ 97 ਦੇ ਹਰ ਵੋਟਰ ਦੀ ਨੁਮਾਇੰਦਗੀ ਕਰਨਗੇ।
ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਜੋਤ ਸਿੰਘ ਨੇ ਕਿਹਾ ਕਿ ਉਹ ਆਪਣੀ ਵਿਰਾਸਤ ਅਤੇ ਪਛਾਣ ‘ਤੇ ਮਾਣ ਕਰਨ, ਸਮਾਜਿਕ ਕੰਮਾਂ ਵਿੱਚ ਹਿੱਸਾ ਲੈਣ ਅਤੇ ਆਪਣੇ ਭਾਈਚਾਰੇ ਦੀ ਸੇਵਾ ਲਈ ਅੱਗੇ ਆਉਣ।
#jotsingh#democraticpolitician#Georgia#Message#foryouth#saddatvusa

