ਪੀਟ ਹੇਗਸੇਥ ਨੂੰ ਅਹੁਦੇ ਤੋਂ ਹਟਾਉਣ ਲਈ ਮਹਾਦੋਸ਼ ਮਤਾ ਲਿਆਉਣ ਦੀ ਤਿਆਰੀ, ਅਮਰੀਕੀ ਕਾਂਗਰਸ ਵਿੱਚ ਵਧਿਆ ਸਿਆਸੀ ਤਣਾਅ !

0
3

ਅਮਰੀਕਾ ਵਿੱਚ ਰੱਖਿਆ ਮੰਤਰੀ ਪੀਟ ਹੇਗਸੇਥ ਖ਼ਿਲਾਫ਼ ਮਹਾਦੋਸ਼ (Impeachment) ਲਿਆਉਣ ਦਾ ਮਤਾ ਕਾਂਗਰਸ ਦੇ ਮੌਜੂਦਾ ਸੈਸ਼ਨ ਦਾ ਸਭ ਤੋਂ ਅਹਿਮ ਮੁੱਦਾ ਬਣ ਗਿਆ ਹੈ। ਅਮਰੀਕੀ ਸੰਸਦ ਦੇ ਦੋਵੇਂ ਸਦਨ ਅਗਲੇ ਛੇ ਹਫ਼ਤਿਆਂ ਦੌਰਾਨ ਸਰਕਾਰੀ ਕੰਮਕਾਜ ਅਤੇ ਰਿਪਬਲਿਕਨ ਪਾਰਟੀ ਦੇ ਬਾਕੀ ਏਜੰਡੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। 3 ਜਨਵਰੀ 2027 ਨੂੰ ਸੱਤਾ ਵਿੱਚ ਤਬਦੀਲੀ ਤੋਂ ਪਹਿਲਾਂ ਇਹ ਸੈਸ਼ਨ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਰਿਪਬਲਿਕਨ ਸੰਸਦ ਮੈਂਬਰ ਥਾਮਸ ਮੈਸੀ ਨੇ ਪਾਰਟੀ ਦੀ ਲੀਡਰਸ਼ਿਪ ਦੇ ਵਿਰੋਧ ਦੇ ਬਾਵਜੂਦ ਹੇਗਸੇਥ ਖ਼ਿਲਾਫ਼ ਮਹਾਦੋਸ਼ ਮਤਾ ਅੱਗੇ ਵਧਾਇਆ ਹੈ। ਈਰਾਨ ਨਾਲ ਜੰਗ ਨੂੰ ਲੈ ਕੇ ਹੇਗਸੇਥ ਦੀ ਭੂਮਿਕਾ ’ਤੇ ਸਵਾਲ ਉੱਠ ਰਹੇ ਹਨ। ਕਈ ਰਿਪਬਲਿਕਨ ਆਗੂਆਂ ਦਾ ਮੰਨਣਾ ਹੈ ਕਿ ਈਰਾਨ ਜੰਗ ਕਾਰਨ ਪਾਰਟੀ ਨੂੰ ਮੱਧਕਾਲੀ ਚੋਣਾਂ ਵਿੱਚ ਵੱਡਾ ਨੁਕਸਾਨ ਝੱਲਣਾ ਪਿਆ।

ਇਸ ਤੋਂ ਪਹਿਲਾਂ ਹਾਊਸ ਸਪੀਕਰ ਮਾਈਕ ਜੌਹਨਸਨ ਨੇ ਸਤੰਬਰ ਵਿੱਚ ਮਹਾਦੋਸ਼ ’ਤੇ ਵੋਟਿੰਗ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅਤੇ ਸੰਸਦ ਦੀ ਕਾਰਵਾਈ ਸਮੇਂ ਤੋਂ ਪਹਿਲਾਂ ਖ਼ਤਮ ਕਰ ਦਿੱਤੀ ਸੀ। ਹੁਣ ਇਹ ਸਪੱਸ਼ਟ ਨਹੀਂ ਹੈ ਕਿ ਉਹ ਇਸ ਵਾਰ ਵੀ ਮਹਾਦੋਸ਼ ਦੀ ਕਾਰਵਾਈ ਨੂੰ ਰੋਕ ਸਕਣਗੇ ਜਾਂ ਨਹੀਂ।

ਟਰੰਪ ਨੇ ਕੀਤਾ ਹੇਗਸੇਥ ਦਾ ਬਚਾਅ

ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੇਗਸੇਥ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਸੂਰ ਸਿਰਫ਼ ਇਹ ਹੈ ਕਿ ਉਨ੍ਹਾਂ ਨੇ ਦੋ ਜੰਗਾਂ ਵਿੱਚ ਜਿੱਤ ਹਾਸਲ ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਨੀਤੀਆਂ ਨਾਲ ਮੱਧ ਪੂਰਬ ਅਤੇ ਇਜ਼ਰਾਈਲ ਦੀ ਸੁਰੱਖਿਆ ਯਕੀਨੀ ਬਣੀ ਹੈ।

ਉੱਧਰ ਡੈਮੋਕ੍ਰੇਟਿਕ ਆਗੂ ਹੇਕਿਮ ਜੈਫਰੀਜ਼ ਨੇ ਮਹਾਦੋਸ਼ ਮਤੇ ਦਾ ਪੂਰਾ ਸਮਰਥਨ ਕਰਦਿਆਂ ਕਿਹਾ ਕਿ ਹੇਗਸੇਥ ਨੇ ਆਪਣੇ ਅਹੁਦੇ ਦੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ, ਕੌਮੀ ਸੁਰੱਖਿਆ ਨੂੰ ਕਮਜ਼ੋਰ ਕੀਤਾ ਅਤੇ ਈਰਾਨ ਨਾਲ ਇੱਕ ਗੈਰ-ਜ਼ਰੂਰੀ ਤੇ ਮਹਿੰਗੀ ਜੰਗ ਨੂੰ ਜਨਮ ਦਿੱਤਾ।

ਮਹਾਦੋਸ਼ ਮਤੇ ਨੂੰ ਡੈਮੋਕ੍ਰੇਟਿਕ ਮੈਂਬਰਾਂ ਦਾ ਵੱਡਾ ਸਮਰਥਨ ਮਿਲਣ ਦੀ ਉਮੀਦ ਹੈ, ਜਦਕਿ ਕੁਝ ਰਿਪਬਲਿਕਨ ਸੰਸਦ ਮੈਂਬਰ ਵੀ ਇਸ ਦੇ ਹੱਕ ਵਿੱਚ ਵੋਟ ਪਾ ਸਕਦੇ ਹਨ। ਇਸ ਕਾਰਨ ਪੀਟ ਹੇਗਸੇਥ ਦੀ ਸਿਆਸੀ ਸਥਿਤੀ ਨੂੰ ਲੈ ਕੇ ਅਮਰੀਕੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ।

#saddatvusa#PeteHegseth#NEWS

LEAVE A REPLY

Please enter your comment!
Please enter your name here