ਲੰਡਨ, 2 ਨਵੰਬਰ — ਬ੍ਰਿਟੇਨ ਦੀ ਸਰਕਾਰ ਨੇ ਪ੍ਰਵਾਸੀਆਂ ਨੂੰ ਸਥਾਈ ਰਿਹਾਇਸ਼ (Permanent Residency) ਦੇਣ ਲਈ ਉਡੀਕ ਸਮਾਂ ਵਧਾਉਣ ਦੀ ਯੋਜਨਾ ਵਿੱਚ ਵੱਡੀ ਸੋਧ ਕੀਤੀ ਹੈ। ਸਰਕਾਰ ਨੇ ਸਿਆਸੀ ਵਿਰੋਧ ਅਤੇ ਲੇਬਰ ਪਾਰਟੀ ਦੇ ਅੰਦਰ ਉੱਠੇ ਰੋਸ ਤੋਂ ਬਾਅਦ ਸੈਂਕੜੇ ਹਜ਼ਾਰਾਂ ਕੇਅਰ ਵਰਕਰਾਂ ਨੂੰ ਲੰਬੀ ਉਡੀਕ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ।
ਪਿਛਲੇ ਸਾਲ ਸਰਕਾਰ ਨੇ ਪ੍ਰਸਤਾਵ ਦਿੱਤਾ ਸੀ ਕਿ ਘੱਟ ਹੁਨਰਮੰਦ ਕਾਮਿਆਂ ਲਈ ਸਥਾਈ ਰਿਹਾਇਸ਼ ਹਾਸਲ ਕਰਨ ਦੀ ਮਿਆਦ ਪੰਜ ਸਾਲ ਤੋਂ ਵਧਾ ਕੇ 10 ਤੋਂ 15 ਸਾਲ ਕਰ ਦਿੱਤੀ ਜਾਵੇਗੀ, ਪਰ ਨਵੇਂ ਐਲਾਨ ਮੁਤਾਬਕ ਕੇਅਰ ਸੈਕਟਰ ਵਿੱਚ ਕੰਮ ਕਰਨ ਵਾਲੇ ਕਈ ਕਾਮਿਆਂ ਨੂੰ ਇਸ ਵਧੀ ਹੋਈ ਮਿਆਦ ਤੋਂ ਛੋਟ ਮਿਲੇਗੀ।
10 ਸਾਲ ਦੀ ਉਡੀਕ, ਕੁਝ ਨੂੰ 3 ਤੋਂ 5 ਸਾਲਾਂ ਵਿੱਚ ਰਾਹਤ
ਨਵੇਂ ਨਿਯਮਾਂ ਤਹਿਤ ਆਮ ਤੌਰ ’ਤੇ ਕਾਨੂੰਨੀ ਪ੍ਰਵਾਸੀਆਂ ਨੂੰ ਬ੍ਰਿਟੇਨ ਵਿੱਚ ਸਥਾਈ ਤੌਰ ’ਤੇ ਰਹਿਣ ਦਾ ਅਧਿਕਾਰ ਪ੍ਰਾਪਤ ਕਰਨ ਲਈ ਹੁਣ 10 ਸਾਲ ਉਡੀਕ ਕਰਨੀ ਪਵੇਗੀ। ਇਹ ਨਿਯਮ ਅਗਲੇ ਸਾਲ ਤੋਂ ਲਾਗੂ ਹੋਣਗੇ ਅਤੇ ਪਹਿਲਾਂ ਤੋਂ ਬ੍ਰਿਟੇਨ ਵਿੱਚ ਰਹਿ ਰਹੇ ਕਾਮਿਆਂ ’ਤੇ ਵੀ ਲਾਗੂ ਹੋਣਗੇ।
ਕੇਅਰ ਵਰਕਰਾਂ ਨੂੰ ਲੰਬੀ ਉਡੀਕ ਤੋਂ ਛੋਟ ਦਿੱਤੀ ਜਾਵੇਗੀ।
£50,271 ਜਾਂ ਇਸ ਤੋਂ ਵੱਧ ਸਾਲਾਨਾ ਕਮਾਈ ਕਰਨ ਵਾਲੇ ਕਈ ਕਾਮੇ 5 ਸਾਲਾਂ ਵਿੱਚ ਸਥਾਈ ਰਿਹਾਇਸ਼ ਲਈ ਯੋਗ ਹੋ ਸਕਣਗੇ।
£125,000 ਤੋਂ ਵੱਧ ਕਮਾਈ ਕਰਨ ਵਾਲੇ ਵਿਅਕਤੀ ਸਿਰਫ਼ 3 ਸਾਲਾਂ ਵਿੱਚ ਯੋਗਤਾ ਹਾਸਲ ਕਰ ਸਕਣਗੇ।
ਕਈ ਹੁਨਰਮੰਦ ਸਰਕਾਰੀ ਖੇਤਰਾਂ ਦੇ ਕਾਮਿਆਂ ਨੂੰ ਵੀ 5 ਸਾਲਾਂ ਵਿੱਚ ਯੋਗਤਾ ਮਿਲੇਗੀ।
ਗੈਰ-ਕਾਨੂੰਨੀ ਤਰੀਕੇ ਨਾਲ ਆਉਣ ਵਾਲੇ ਸ਼ਰਨਾਰਥੀਆਂ ਲਈ ਸਖ਼ਤੀ
ਸਰਕਾਰ ਨੇ ਦੂਜੇ ਪਾਸੇ ਕਿਸ਼ਤੀਆਂ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਬ੍ਰਿਟੇਨ ਪਹੁੰਚਣ ਵਾਲੇ ਸ਼ਰਨਾਰਥੀਆਂ ਲਈ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ। ਅਜਿਹੇ ਲੋਕਾਂ ਨੂੰ ਸਥਾਈ ਰਿਹਾਇਸ਼ ਹਾਸਲ ਕਰਨ ਲਈ ਕਈ ਦਹਾਕਿਆਂ ਤੱਕ ਉਡੀਕ ਕਰਨੀ ਪੈ ਸਕਦੀ ਹੈ।
ਸਰਕਾਰ ਦਾ ਦਾਅਵਾ ਹੈ ਕਿ ਨਵੇਂ ਨਿਯਮਾਂ ਨਾਲ 2021 ਤੋਂ ਬਾਅਦ ਆਏ ਪ੍ਰਵਾਸੀਆਂ ਵਿੱਚੋਂ ਲਗਭਗ 5 ਲੱਖ ਲੋਕ 2030 ਤੱਕ ਸਥਾਈ ਰਿਹਾਇਸ਼ ਲਈ ਯੋਗ ਨਹੀਂ ਹੋਣਗੇ, ਜਦਕਿ 14 ਲੱਖ ਲੋਕ ਇਸ ਸਮੇਂ ਦੌਰਾਨ ਯੋਗਤਾ ਹਾਸਲ ਕਰ ਸਕਣਗੇ।
ਲੇਬਰ ਪਾਰਟੀ ਅੰਦਰ ਵਿਰੋਧ ਤੋਂ ਬਾਅਦ ਸਰਕਾਰ ਨੇ ਬਦਲਿਆ ਰੁਖ਼
ਕੇਅਰ ਸੈਕਟਰ ਵਿੱਚ ਪਹਿਲਾਂ ਹੀ ਕਰਮਚਾਰੀਆਂ ਦੀ ਘਾਟ ਹੈ। ਅਜਿਹੇ ਵਿੱਚ ਘੱਟ ਤਨਖ਼ਾਹ ਵਾਲੇ ਕਾਮਿਆਂ ਲਈ ਉਡੀਕ ਸਮਾਂ ਵਧਾਉਣ ਦੇ ਪ੍ਰਸਤਾਵ ਨੂੰ ਟਰੇਡ ਯੂਨੀਅਨਾਂ ਅਤੇ ਲੇਬਰ ਪਾਰਟੀ ਦੇ ਕਈ ਆਗੂਆਂ ਨੇ ਗਲਤ ਕਰਾਰ ਦਿੱਤਾ ਸੀ।
ਊਰਜਾ ਮੰਤਰੀ ਮਿਆਤਾ ਫਹਨਬੁੱਲੇ ਅਤੇ ਹਾਊਸਿੰਗ ਸਕੱਤਰ ਐਂਜਲਾ ਰੇਨਰ ਸਮੇਤ ਕਈ ਆਗੂਆਂ ਨੇ ਵੀ ਇਨ੍ਹਾਂ ਨਿਯਮਾਂ ਦੇ ਪਰਿਵਾਰਾਂ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਿੰਤਾ ਪ੍ਰਗਟਾਈ ਸੀ।
ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ, “ਜਿਹੜੇ ਸਭ ਤੋਂ ਵੱਧ ਯੋਗਦਾਨ ਪਾਉਣਗੇ, ਉਹ ਸਭ ਤੋਂ ਜਲਦੀ ਸਥਾਈ ਤੌਰ ’ਤੇ ਵੱਸ ਸਕਣਗੇ। ਜਿਹੜੇ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਨੂੰ ਇਨਕਾਰ ਕੀਤਾ ਜਾਵੇਗਾ ਜਾਂ ਹੋਰ ਲੰਬਾ ਸਮਾਂ ਉਡੀਕ ਕਰਨੀ ਪਵੇਗੀ।”
ਇਮੀਗ੍ਰੇਸ਼ਨ ਨੀਤੀ ’ਤੇ ਸਿਆਸੀ ਦਬਾਅ
ਇਹ ਤਬਦੀਲੀਆਂ ਨਾਈਜਲ ਫੈਰਾਜ ਦੀ ਪਾਰਟੀ ‘ਰਿਫਾਰਮ ਯੂਕੇ’ ਦੇ ਵਧਦੇ ਪ੍ਰਭਾਵ ਅਤੇ ਇਮੀਗ੍ਰੇਸ਼ਨ ’ਤੇ ਸਖ਼ਤੀ ਦੀ ਮੰਗ ਦੇ ਮੱਦੇਨਜ਼ਰ ਕੀਤੀਆਂ ਗਈਆਂ ਹਨ।
ਬ੍ਰਿਟੇਨ ਦੀ ਸਰਕਾਰ ਦਾ ਮੰਨਣਾ ਹੈ ਕਿ ਨਵੇਂ ਨਿਯਮਾਂ ਨਾਲ ਇਮੀਗ੍ਰੇਸ਼ਨ ’ਤੇ ਕਾਬੂ ਪਾਉਣ ਅਤੇ ਦੇਸ਼ ਵਿੱਚ ਵੱਸ ਰਹੇ ਪ੍ਰਵਾਸੀਆਂ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਣ ਵਿਚਕਾਰ ਸੰਤੁਲਨ ਬਣਾਇਆ ਜਾ ਸਕੇਗਾ।

