ਬ੍ਰਿਕਸ ਸਮਿਟ ’ਤੇ ਟਰੰਪ ਦਾ ਅਸਰ, ਭਾਰਤ ਲਈ ਵੱਡੀ ਕੂਟਨੀਤਕ ਚੁਣੌਤੀ !

0
2

12 ਅਤੇ 13 ਸਤੰਬਰ ਨੂੰ ਦਿੱਲੀ ਵਿੱਚ ਹੋ ਰਹੇ ਬ੍ਰਿਕਸ ਸਮਿਟ ’ਤੇ ਅਮਰੀਕਾ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਨੀਤੀਆਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਭਾਵੇਂ ਅਮਰੀਕਾ ਬ੍ਰਿਕਸ ਦਾ ਮੈਂਬਰ ਨਹੀਂ ਹੈ, ਪਰ ਟੈਰਿਫ਼, ਈਰਾਨ ਜੰਗ ਅਤੇ ਡਾਲਰ ਦੀ ਗਲੋਬਲ ਸਥਿਤੀ ਵਰਗੇ ਮੁੱਦੇ ਸੰਮੇਲਨ ਵਿੱਚ ਅਹਿਮ ਰਹਿਣਗੇ।

ਸਮਿਟ ਵਿੱਚ ਬ੍ਰਿਕਸ ਦੇ ਮੈਂਬਰ ਅਤੇ ਸੱਦੇ ਗਏ ਦੇਸ਼ਾਂ ਦੇ ਆਗੂ ਸ਼ਾਮਿਲ ਹੋ ਰਹੇ ਹਨ। ਰੂਸ ਅਤੇ ਈਰਾਨ ਚਾਹੁੰਦੇ ਹਨ ਕਿ ਬ੍ਰਿਕਸ ਅਮਰੀਕੀ ਨੀਤੀਆਂ ਖ਼ਿਲਾਫ਼ ਵਧੇਰੇ ਸਪੱਸ਼ਟ ਰੁਖ਼ ਅਪਣਾਏ। ਹਾਲਾਂਕਿ ਭਾਰਤ, ਚੀਨ ਅਤੇ ਯੂਏਈ ਸਮੇਤ ਕਈ ਦੇਸ਼ ਅਮਰੀਕਾ ਨਾਲ ਆਪਣੇ ਰਿਸ਼ਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਧੇ ਟਕਰਾਅ ਤੋਂ ਬਚਣਾ ਚਾਹੁੰਦੇ ਹਨ।

ਮਾਹਿਰਾਂ ਮੁਤਾਬਕ ਬ੍ਰਿਕਸ ਦੇ ਵਿਸਥਾਰ ਤੋਂ ਬਾਅਦ ਇਸ ਦੇਸ਼ਾਂ ਦੇ ਹਿੱਤ ਕਾਫ਼ੀ ਵੱਖਰੇ ਹੋ ਗਏ ਹਨ। ਇਸ ਲਈ ਅਮਰੀਕਾ ਜਾਂ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਕੋਈ ਤਿੱਖਾ ਸਾਂਝਾ ਬਿਆਨ ਜਾਰੀ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਟਰੰਪ ਪਹਿਲਾਂ ਹੀ ਬ੍ਰਿਕਸ ਵੱਲੋਂ ਅਮਰੀਕੀ ਡਾਲਰ ’ਤੇ ਨਿਰਭਰਤਾ ਘਟਾਉਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਡਾਲਰ ਦੇ ਬਦਲ ਵਜੋਂ ਕਿਸੇ ਹੋਰ ਮੁਦਰਾ ਨੂੰ ਉਤਸ਼ਾਹਿਤ ਕਰਦੇ ਹਨ ਤਾਂ ਉਨ੍ਹਾਂ ’ਤੇ ਭਾਰੀ ਟੈਰਿਫ਼ ਲਗਾਇਆ ਜਾ ਸਕਦਾ ਹੈ।

* ਬ੍ਰਿਕਸ ਦੀ ਵਧਦੀ ਤਾਕਤ

ਪਿਛਲੇ ਦਹਾਕੇ ਵਿੱਚ ਬ੍ਰਿਕਸ ਦੀ ਆਰਥਿਕ ਅਤੇ ਜਿਓਪੌਲਿਟਿਕਲ ਮਹੱਤਤਾ ਵਧੀ ਹੈ। ਬ੍ਰਿਕਸ ਦੇਸ਼ ਦੁਨੀਆ ਦੀ ਲਗਭਗ ਅੱਧੀ ਆਬਾਦੀ ਅਤੇ ਵਿਸ਼ਵ ਅਰਥਵਿਵਸਥਾ ਦੇ ਵੱਡੇ ਹਿੱਸੇ ਦੀ ਨੁਮਾਇੰਦਗੀ ਕਰਦੇ ਹਨ। ਸਮੂਹ ਦੀ ਇੱਕ ਵੱਡੀ ਉਪਲੱਬਧੀ ਨਿਊ ਡਿਵੈਲਪਮੈਂਟ ਬੈਂਕ ਹੈ, ਜਿਸ ਵੱਲੋਂ ਵਿਕਾਸਸ਼ੀਲ ਦੇਸ਼ਾਂ ਵਿੱਚ ਬੁਨਿਆਦੀ ਢਾਂਚੇ ਲਈ ਅਰਬਾਂ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।

ਸਮਿਟ ਦੌਰਾਨ ਮੈਂਬਰ ਦੇਸ਼ ਸਥਾਨਕ ਮੁਦਰਾਵਾਂ ਵਿੱਚ ਆਪਸੀ ਭੁਗਤਾਨ ਨੂੰ ਆਸਾਨ ਬਣਾਉਣ ਅਤੇ ਵਿੱਤੀ ਸਹਿਯੋਗ ਵਧਾਉਣ ’ਤੇ ਵੀ ਚਰਚਾ ਕਰ ਸਕਦੇ ਹਨ। ਇਸ ਵਿੱਚ ਰੂਸ ਅਤੇ ਈਰਾਨ ਦੀ ਖ਼ਾਸ ਦਿਲਚਸਪੀ ਰਹੇਗੀ।

* ਭਾਰਤ ਲਈ ਵੱਡਾ ਮੌਕਾ

ਮੇਜ਼ਬਾਨ ਭਾਰਤ ਲਈ ਇਹ ਸੰਮੇਲਨ ਗਲੋਬਲ ਸਾਊਥ ਵਿੱਚ ਆਪਣੀ ਅਗਵਾਈ ਅਤੇ ਕੂਟਨੀਤਕ ਪ੍ਰਭਾਵ ਨੂੰ ਮਜ਼ਬੂਤ ਕਰਨ ਦਾ ਵੱਡਾ ਮੌਕਾ ਹੈ। ਪਰ ਭਾਰਤ ਨੂੰ ਇੱਕ ਪਾਸੇ ਰੂਸ ਅਤੇ ਚੀਨ ਵਰਗੇ ਦੇਸ਼ਾਂ ਨਾਲ ਸਬੰਧ ਸੰਤੁਲਿਤ ਕਰਨੇ ਪੈਣਗੇ ਅਤੇ ਦੂਜੇ ਪਾਸੇ ਅਮਰੀਕਾ ਨਾਲ ਆਪਣੇ ਰਿਸ਼ਤਿਆਂ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ।

ਸਮਿਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਵੀ ਅਹਿਮ ਰਹੇਗੀ। ਖ਼ਾਸ ਤੌਰ ’ਤੇ ਭਾਰਤ-ਚੀਨ ਸਬੰਧਾਂ ਅਤੇ ਰੂਸ ਨਾਲ ਵਪਾਰ ਤੇ ਯੂਕਰੇਨ ਜੰਗ ਵਰਗੇ ਮੁੱਦੇ ਚਰਚਾ ਵਿੱਚ ਆ ਸਕਦੇ ਹਨ।

ਭਾਰਤ ਲਈ ਸਭ ਤੋਂ ਵੱਡੀ ਕੂਟਨੀਤਕ ਚੁਣੌਤੀ ਇਹ ਹੋਵੇਗੀ ਕਿ ਵੱਖ-ਵੱਖ ਵਿਚਾਰ ਰੱਖਣ ਵਾਲੇ ਬ੍ਰਿਕਸ ਦੇਸ਼ਾਂ ਵਿਚਕਾਰ ਸਹਿਮਤੀ ਬਣਾਕੇ ਇੱਕ ਸਾਂਝਾ ਬਿਆਨ ਜਾਰੀ ਕਰਵਾਇਆ ਜਾਵੇ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੰਮੇਲਨ ਬ੍ਰਿਕਸ ਨਾਲੋਂ ਵੀ ਵੱਧ ਭਾਰਤ ਦੀ ਕੂਟਨੀਤਕ ਸਮਰੱਥਾ ਦੀ ਪਰਖ ਹੋਵੇਗਾ।

#saddatvusa#brickssummit2026

LEAVE A REPLY

Please enter your comment!
Please enter your name here