ਹੰਟਾ ਵਾਇਰਸ ਦੇ ਸੰਪਰਕ ਵਿੱਚ ਆਏ 17 ਅਮਰੀਕੀ ਮੁਸਾਫਰਾਂ ਨੂੰ ਅਮਰੀਕਾ ਦੇ ਨੇਬਰਾਸਕਾ ਮੈਡੀਕਲ ਸੈਂਟਰ ਵਿੱਚ ਲਿਆਂਦਾ ਗਿਆ ਹੈ। ਜਿੱਥੇ ਹੁਣ ਉਹਨਾਂ ਨੂੰ 42 ਦਿਨਾਂ ਲਈ ਸਖਤ ਨਿਗਰਾਨੀ ਹੇਠ ਕੁਆਰੰਟਾਈਨ ਕੀਤਾ ਜਾਵੇਗਾ ! ਇਹ ਕਦਮ ਇਸ ਲਈ ਚੁੱਕਿਆ ਗਿਆ ਹੈ, ਤਾਂ ਜੋ ਸੰਭਾਵਿਤ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ ! ਅਮਰੀਕੀ ਸਿਹਤ ਵਿਭਾਗ ਦੇ ਮੁਤਾਬਿਕ ਇਹ ਸਾਰੇ, ਮੁਸਾਫਰ ਸਰਕਾਰ ਦੇ ਖਾਸ ਜਹਾਜ਼ ਰਾਹੀਂ ਵਾਪਸ ਲਿਆਉਂਦੇ ਗਏ ਹਨ। ਇਹ ਉਹ ਲੋਕ ਹਨ, ਜੋ ਹੋਂਡੀਅਸ ਕ੍ਰੂਜ਼ ਜਹਾਜ ‘ਤੇ ਸਵਾਰ ਸਨ। ਜਿੱਥੇ ਸਭ ਤੋਂ ਪਹਿਲਾਂ ਹੰਟਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਇਹ ਜਹਾਜ਼ ਸਪੇਨ ਦੇ ਕੈਨਰੀ ਟਾਪੂਆਂ ‘ਚ ਰੁਕਿਆ ਹੋਇਆ ਸੀ, ਜਿਸ ਤੋਂ ਬਾਅਦ ਸੁਰੱਖਿਆ ਦੇ ਤੌਰ ‘ਤੇ ਸਾਰੇ ਮੁਸਾਫਰਾਂ ਨੂੰ ਵਾਪਸ ਬੁਲਾਇਆ ਗਿਆ ਹੈ ! ਵਾਪਸੀ ਮਗਰੋਂ ਇੱਕ ਮੁਸਾਫਰ ਵਿੱਚ ਹੰਟਾਂ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਦੂਸਰੇ ਵਿਅਕਤੀਆਂ ਵਿੱਚ ਹਰੇਕ ਲੱਛਣ ਨਜ਼ਰ ਆ ਰਹੇ ਹਨ। ਦੋਵਾਂ ਨੂੰ ਖਾਸ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ, ਤਾਂ ਜੋ ਉਹਨਾਂ ਦੀ ਹਾਲਤ ‘ਤੇ ਨਜ਼ਰ ਰੱਖੀ ਜਾ ਸਕੇ !
ਡਾਕਟਰ ਟੀਮ ਹੁਣ ਬਾਕੀ ਸਾਰੇ ਮੁਸਾਫਰਾਂ ਦੀ ਵੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ, ਜੇ ਕਿਸੇ ਹੋਰ ਵਿੱਚ ਸੰਕਰਮਣ ਮਿਲਦਾ ਹੈ, ਤਾਂ ਉਸਦਾ ਤੁਰੰਤ ਇਲਾਜ ਕੀਤਾ ਜਾਵੇਗਾ ! ਜਿਹੜੇ ਲੋਕ ਸਿਹਤਮੰਦ ਪਾਏ ਜਾਣਗੇ, ਉਹਨਾਂ ਨੂੰ ਘਰ ਭੇਜਿਆ ਜਾ ਸਕਦਾ ਹੈ। ਪਰ ਉਹਨਾਂ ਦੀ ਵੀ ਮੈਡੀਕਲ ਨਿਗਰਾਨੀ ਜਾਰੀ ਰਹੇਗੀ। ਮਾਹਰਾਂ ਦੇ ਅਨੁਸਾਰ ਹੰਟਾ ਵਾਇਰਸ ਦੇ ਲੱਛਣ ਇੱਕ ਤੋਂ ਅੱਠ ਹਫਤਿਆਂ ਤੱਕ ਦੇਰ ਨਾਲ ਵੀ ਸਾਹਮਣੇ ਆ ਸਕਦੇ ਹਨ ! ਇਸ ਦੌਰਾਨ ਮਰੀਜ਼ ਨੂੰ ਬੁਖਾਰ, ਸਿਰ ਦਰਦ, ਸਰੀਰ ਦਰਦ, ਕਮਜ਼ੋਰੀ, ਅਤੇ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ ! ਗੰਭੀਰ ਮਾਮਲਿਆਂ ਵਿੱਚ ਇਹ ਵਾਇਰਸ ਕਿਡਨੀ ਫੇਲ ਜਾਂ ਫੇਫੜਿਆਂ ਵਿੱਚ ਪਾਣੀ ਭਰਨ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਜੋ ਜਾਨ ਲਈ ਖਤਰਨਾਕ ਹੋ ਸਕਦੀਆਂ ਹਨ !
ਇਹ ਵਾਇਰਸ ਆਮ ਤੌਰ ‘ਤੇ ਚੂਹਿਆਂ ਅਤੇ ਹੋਰ ਛੋਟੇ ਜਾਨਵਰਾਂ ਤੋਂ ਫੈਲਦਾ ਹੈ, ਕਿਉਂਕਿ ਇਹ ਉਹਨਾਂ ਦੇ ਮੱਲ, ਪਿਸ਼ਾਬ, ਅਤੇ ਲਾਰ ਵਿੱਚ ਪਾਇਆ ਜਾਂਦਾ ਹੈ। ਮਨੁੱਖਾਂ ਵਿੱਚ ਇਸ ਦਾ ਫੈਲਾਅ ਕਾਫੀ ਘੱਟ ਹੁੰਦਾ ਹੈ, ਅਤੇ ਇਹ ਕੋਵਿਡ 19 ਵਾਂਗ ਤੇਜ਼ੀ ਨਾਲ ਨਹੀਂ ਫੈਲਦਾ ਹੈ, ਹਾਲਾਂਕਿ ਕੁਝ ਖਾਸ ਮਾਮਲਿਆਂ ਵਿੱਚ ਸੰਕਰਮਿਤ ਵਿਅਕਤੀ ਦੇ ਬਹੁਤ ਨੇੜੇ ਸੰਪਰਕ ਨਾਲ ਇਹ ਫੈਲ ਸਕਦਾ ਹੈ।

