ਅਮਰੀਕੀ ਰਾਜਦੂਤ ਪੀਟ ਹੋਕਸਟਰਾ ਨੂੰ ਕੈਨੇਡਾ ’ਚੋਂ ਕੱਢਣ ਦੀ ਮੰਗ ਤੇਜ਼, 2.90 ਲੱਖ ਲੋਕਾਂ ਨੇ ਪਟੀਸ਼ਨ ’ਤੇ ਕੀਤੇ ਦਸਤਖ਼ਤ !

0
6

ਕੈਨੇਡਾ ਵਿੱਚ ਅਮਰੀਕੀ ਰਾਜਦੂਤ ਪੀਟ ਹੋਕਸਟਰਾ ਨੂੰ ਦੇਸ਼ ਵਿੱਚੋਂ ਹਟਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਕਰੀਬ 2.90 ਲੱਖ ਕੈਨੇਡੀਅਨ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੂੰ ਪਟੀਸ਼ਨ ਸੌਂਪ ਕੇ ਰਾਜਦੂਤ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ’ਤੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਅਤੇ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧ ਖ਼ਰਾਬ ਕਰਨ ਦੇ ਦੋਸ਼ ਲਗਾਏ ਗਏ ਹਨ।

ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਐਲਿਜ਼ਾਬੈਥ ਮੇਅ ਨੇ ਵੀਰਵਾਰ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਇਹ ਪਟੀਸ਼ਨ ਪੇਸ਼ ਕੀਤੀ। ਉਨ੍ਹਾਂ ਨੇ ਹੋਕਸਟਰਾ ਨੂੰ ਕੈਨੇਡਾ ਦਾ ਹੁਣ ਤੱਕ ਦਾ ਸਭ ਤੋਂ ਗ਼ੈਰ-ਕੂਟਨੀਤਕ ਰਾਜਦੂਤ ਦੱਸਦਿਆਂ ਕਿਹਾ ਕਿ ਉਹ ਵਾਰ-ਵਾਰ ਕੈਨੇਡੀਅਨਾਂ ਦਾ ਅਪਮਾਨ ਕਰਦੇ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਰਾਜਦੂਤ ਨੂੰ ‘ਪਰਸੋਨਾ ਨਾਨ ਗ੍ਰਾਟਾ’ ਐਲਾਨ ਕੇ ਕੂਟਨੀਤਕ ਸਹੂਲਤਾਂ ਵਾਪਸ ਲੈਣ ਦੀ ਅਪੀਲ ਕੀਤੀ।

ਦਰਅਸਲ, ਹੋਕਸਟਰਾ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਵਾਲੇ ਬਿਆਨਾਂ ਦਾ ਸਮਰਥਨ ਕਰਨ ਕਾਰਨ ਕੈਨੇਡਾ ਵਿੱਚ ਨਾਰਾਜ਼ਗੀ ਹੈ। ਉਨ੍ਹਾਂ ਨੇ ਟਰੰਪ ਦੀ ਇਸ ਗੱਲ ਨੂੰ ਪਿਆਰ ਦੀ ਨਿਸ਼ਾਨੀ ਦੱਸਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੈਨੇਡਾ ਦੀਆਂ 2025 ਦੀਆਂ ਚੋਣਾਂ ਨੂੰ ‘ਅਮਰੀਕਾ ਵਿਰੋਧੀ’ ਵੀ ਕਰਾਰ ਦਿੱਤਾ ਸੀ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਹੋਕਸਟਰਾ ਦੇ ਬਿਆਨਾਂ ’ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਅਮਰੀਕੀ ਚੋਣਾਂ ਵਿੱਚ ਦਖ਼ਲਅੰਦਾਜ਼ੀ ਕਰਨ ਦੇ ਕੈਨੇਡਾ ’ਤੇ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।

ਇਸ ਵਿਵਾਦ ਦੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਵੀ ਵਧ ਰਿਹਾ ਹੈ। ਕਾਰਨੀ ਮੁਤਾਬਕ, ਅਮਰੀਕੀ ਟੈਰਿਫ ਕਾਰਨ ਕੈਨੇਡਾ ਦੀਆਂ ਅਮਰੀਕਾ ਨੂੰ ਕਾਰਾਂ ਦੀ ਬਰਾਮਦ ਵਿੱਚ 10 ਫ਼ੀਸਦੀ ਅਤੇ ਅਮਰੀਕਾ ਦੀ ਕੈਨੇਡਾ ਨੂੰ ਬਰਾਮਦ ਵਿੱਚ 20 ਫ਼ੀਸਦੀ ਤੋਂ ਵੱਧ ਗਿਰਾਵਟ ਆਈ ਹੈ।

ਕੈਨੇਡਾ ਦੀ ਸੰਸਦ ਵਿੱਚ ਪੇਸ਼ ਕੀਤੀ ਗਈ ਇਸ ਪਟੀਸ਼ਨ ’ਤੇ ਸਰਕਾਰ ਨੂੰ ਰਸਮੀ ਜਵਾਬ ਦੇਣਾ ਪਵੇਗਾ। ਹਾਲਾਂਕਿ, ਅਮਰੀਕੀ ਦੂਤਾਵਾਸ ਨੇ ਪਟੀਸ਼ਨ ਬਾਰੇ ਜਾਣਕਾਰੀ ਹੋਣ ਦੀ ਪੁਸ਼ਟੀ ਕੀਤੀ ਹੈ, ਪਰ ਇਸ ’ਤੇ ਕੋਈ ਵਿਸਥਾਰਪੂਰਵਕ ਟਿੱਪਣੀ ਨਹੀਂ ਕੀਤੀ।

#america#canada#signedpetition#removeusambassador#petehoekstra#saddatvusa

LEAVE A REPLY

Please enter your comment!
Please enter your name here