ਅਮਰੀਕਾ ਵੱਲੋਂ ਲਗਾਤਾਰ ਛੇਵੀਂ ਰਾਤ ਵੀ ਈਰਾਨ ਉੱਤੇ ਕਈ ਹਵਾਈ ਹਮਲੇ ਕੀਤੇ ਗਏ ! ਇਸ ਕਾਰਵਾਈ ਦੌਰਾਨ ਅਮਰੀਕਾ ਨੇ ਭਾਰਤ ਦੇ ਨਿਵੇਸ਼ ਵਾਲੇ ਰਣਨੀਤਕ ਤੌਰ ‘ਤੇ ਅਹਿਮ ਚਾਬਹਾਰ ਪੋਰਟ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ! ਇਸ ਹਮਲੇ ਵਿੱਚ ਬੰਦਰਗਾਹ ਦੇ ਕੰਟਰੋਲ ਟਾਵਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਸ ਮਾਮਲੇ ਵਿੱਚ ਨੁਕਸਾਨੇ ਗਏ ਕੰਟਰੋਲ ਟਾਵਰ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਦੂਜੇ ਪਾਸੇ ਇਰਾਨ ਦੀ ਅਧਿਕਾਰਤ ਨਿਊਜ਼ ਏਜੰਸੀ ਮੇਹਰ ਨੇ ਵੀ ਚਾਬਹਾਰ ਪੋਰਟ ਅਤੇ ਉਸਦੇ ਕੰਟਰੋਲ ਟਾਵਰ ‘ਤੇ ਹੋਏ ਇਸ ਅਮਰੀਕੀ ਹਮਲੇ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ, ਕਿ ਪਿਛਲੇ ਇੱਕ ਹਫਤੇ ਦੇ ਅੰਦਰ ਇਸ ਟਾਵਰ ‘ਤੇ ਇਹ ਤੀਜਾ ਹਮਲਾ ਹੈ।
ਅਮਰੀਕੀ ਸੈਂਟਰਲ ਕਮਾਂਡ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ, ਕਿ ਲੜਾਕੂ ਜਹਾਜ਼ਾਂ ਡਰੋਨਾ ਅਤੇ ਜੰਗੀ ਬੇੜਿਆਂ ਦੀ ਮਦਦ ਨਾਲ ਈਰਾਨ ਦੇ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸੈਂਟਰਲ ਕਮਾਂਡ ਮੁਤਾਬਿਕ ਇਹਨਾਂ ਹਮਲਿਆਂ ਵਿੱਚ ਖਾਸ ਤੌਰ ‘ਤੇ ਤੱਟੀ ਨਿਗਰਾਨੀ ਕੇਂਦਰਾਂ, ਏਅਰ ਡਿਫੈਂਸ ਸਿਸਟਮ, ਫੌਜੀ ਲੋਜਿਸਟਿਕ ਅਤੇ ਸਮੁੰਦਰੀ ਫੌਜੀ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਹੈ। ਜ਼ਿਕਰ ਯੋਗ ਹੈ ਕਿ ਚਾਬਹਾਰ ਪੋਰਟ ਭਾਰਤ ਲਈ ਰਣਨੀਤਿਕ ਅਤੇ ਵਪਾਰਕ ਪੱਖੋਂ ਬਹੁਤ ਅਹਿਮ ਹੈ। ਭਾਰਤ ਨੇ ਇਸ ਬੰਦਰਗਾਹ ਦੇ ਵਿਕਾਸ ਵਿੱਚ ਬਹੁਤ ਵੱਡਾ ਨਿਵੇਸ਼ ਕੀਤਾ ਹੈ, ਅਤੇ ਮੌਜੂਦਾ ਸਮੇਂ ਵਿੱਚ ਇਸ ਦਾ ਸੰਚਾਲਨ ਵੀ ਇੱਕ ਭਾਰਤੀ ਕੰਪਨੀ ਇੰਡੀਆ ਪੋਰਟਸ ਗਲੋਬਲ ਲਿਮਿਟਡ ਵੱਲੋਂ ਕੀਤਾ ਜਾ ਰਿਹਾ ਹੈ। ਇਹ ਬੰਦਰਗਾਹ ਭਾਰਤ ਨੂੰ ਪਾਕਿਸਤਾਨ ਦੇ ਰਸਤੇ ‘ਤੇ ਨਿਰਭਰ ਹੋਏ ਬਿਨਾਂ ਸਿੱਧੇ ਅਫਗਾਨਿਸਤਾਨ ਅਤੇ ਮੱਧ ਏਸ਼ੀਆਈ ਦੇਸ਼ ਤੱਕ ਵਪਾਰ ਕਰਨ ਲਈ ਇੱਕ ਸੁਰੱਖਿਤ ਅਤੇ ਸੌਖਾ ਰਸਤਾ ਪ੍ਰਦਾਨ ਕਰਦੀ ਹੈ।

