ਅਮਰੀਕਾ ਅਤੇ ਈਰਾਨ ਵਿਚ ਜੂਨ ਮਹੀਨੇ ਹੋਇਆ 60 ਦਿਨਾਂ ਦਾ ਸਮਝੌਤਾ 17 ਅਗਸਤ ਨੂੰ ਖਤਮ ਹੋ ਗਿਆ ਹੈ। ਹਾਲਾਂਕਿ ਇਹ ਸਮਝੌਤਾ ਜੰਗ ਰੋਕਣ ਲਈ ਕੀਤਾ ਗਿਆ ਸੀ, ਪਰ ਦੋਵੇਂ ਦੇਸ਼ ਇਕ-ਦੂਜੇ ‘ਤੇ ਵਾਅਦੇ ਤੋੜਣ ਦੇ ਦੋਸ਼ ਲਗਾਉਂਦੇ ਰਹੇ, ਜਿਸ ਕਾਰਨ ਇਹ ਸਮਝੌਤਾ ਪਹਿਲਾਂ ਹੀ ਲਗਭਗ ਬੇਅਸਰ ਹੋ ਚੁੱਕਾ ਸੀ।
*ਜੂਨ ਦੇ ਸਮਝੌਤੇ ਵਿੱਚ ਕੀ ਸੀ?
17 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਵਿਚਕਾਰ ਹੋਏ ਸਮਝੌਤੇ ਅਨੁਸਾਰ ਦੋਵੇਂ ਪੱਖਾਂ ਨੇ ਫੌਜੀ ਕਾਰਵਾਈਆਂ ਖਤਮ ਕਰਨ ਅਤੇ 60 ਦਿਨਾਂ ਵਿੱਚ ਸਥਾਈ ਸਮਝੌਤਾ ਕਰਨ ਦੀ ਗੱਲ ਕਹੀ ਸੀ।
ਇਸ ਤਹਿਤ ਅਮਰੀਕਾ ਨੇ ਪਾਬੰਦੀਆਂ ਵਿੱਚ ਢਿੱਲ, ਈਰਾਨੀ ਤੇਲ ਨਿਰਯਾਤ ਲਈ ਰਾਹਤ ਅਤੇ ਜ਼ਬਤ ਕੀਤੇ ਫੰਡਾਂ ਤੱਕ ਪਹੁੰਚ ਦੇਣ ਦਾ ਵਾਅਦਾ ਕੀਤਾ ਸੀ। ਦੂਜੇ ਪਾਸੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਸੁਰੱਖਿਅਤ ਬਣਾਉਣ ਅਤੇ ਪਰਮਾਣੂ ਹਥਿਆਰ ਨਾ ਬਣਾਉਣ ਦਾ ਭਰੋਸਾ ਦਿੱਤਾ ਸੀ।
* ਹੁਣ ਹੋਰਮੁਜ਼ ਜਲਡਮਰੂ ਬਣਿਆ ਸਭ ਤੋਂ ਵੱਡਾ ਮੁੱਦਾ
ਦੋਵੇਂ ਦੇਸ਼ਾਂ ਵਿਚਕਾਰ ਸਭ ਤੋਂ ਵੱਡਾ ਵਿਵਾਦ ਹੁਣ ਹੋਰਮੁਜ਼ ਜਲਡਮਰੂ ਨੂੰ ਲੈ ਕੇ ਹੈ, ਜਿੱਥੋਂ ਦੁਨੀਆ ਦੇ ਕਰੀਬ 20 ਫ਼ੀਸਦੀ ਤੇਲ ਅਤੇ ਐਲਐਨਜੀ ਦੀ ਸਪਲਾਈ ਹੁੰਦੀ ਹੈ।
ਈਰਾਨ ਨੇ ਕਿਹਾ ਹੈ ਕਿ ਜਲਡਮਰੂ ‘ਤੇ ਉਸ ਦਾ ਕੰਟਰੋਲ ਰਹੇਗਾ ਅਤੇ ਜਹਾਜ਼ਾਂ ਦੀ ਆਵਾਜਾਈ ਉਸ ਦੀਆਂ ਸ਼ਰਤਾਂ ‘ਤੇ ਹੀ ਹੋਵੇਗੀ। ਇਸ ਦੇ ਜਵਾਬ ਵਿੱਚ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਉੱਥੇ ਪੂਰਾ ਕੰਟਰੋਲ ਰੱਖਦਾ ਹੈ ਅਤੇ ਲੋੜ ਪਈ ਤਾਂ ਹੋਰਮੁਜ਼ ਨੂੰ ਅਮਰੀਕੀ ਖੇਤਰ ਐਲਾਨਣ ਦੀ ਗੱਲ ਵੀ ਕੀਤੀ।
* ਗੱਲਬਾਤ ਫਿਲਹਾਲ ਰੁਕੀ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਤੇਹਰਾਨ ਨੇ ਹਾਲੇ ਤੱਕ ਅਮਰੀਕਾ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦਾ ਕੋਈ ਫ਼ੈਸਲਾ ਨਹੀਂ ਕੀਤਾ। ਹਾਲਾਂਕਿ ਕਤਰ, ਪਾਕਿਸਤਾਨ ਅਤੇ ਓਮਾਨ ਰਾਹੀਂ ਦੋਵੇਂ ਪੱਖਾਂ ਵਿਚਕਾਰ ਪਿੱਛੇ ਤੋਂ ਸੁਨੇਹਿਆਂ ਦਾ ਅਦਾਨ-ਪ੍ਰਦਾਨ ਜਾਰੀ ਹੈ।
* ਅੱਗੇ ਕੀ ਹੋ ਸਕਦਾ ਹੈ?
ਮਾਹਿਰਾਂ ਦਾ ਮੰਨਣਾ ਹੈ ਕਿ ਤੁਰੰਤ ਪੂਰੀ ਜੰਗ ਜਾਂ ਪੂਰੀ ਸ਼ਾਂਤੀ ਦੀ ਸੰਭਾਵਨਾ ਘੱਟ ਹੈ। ਅਮਰੀਕਾ ਵੱਲੋਂ ਹੋਰ ਪਾਬੰਦੀਆਂ ਲੱਗ ਸਕਦੀਆਂ ਹਨ, ਜਦਕਿ ਈਰਾਨ ਹੋਰਮੁਜ਼ ਰਾਹੀਂ ਦਬਾਅ ਬਣਾਈ ਰੱਖ ਸਕਦਾ ਹੈ।
ਸਭ ਤੋਂ ਵੱਡਾ ਅਣਸੁਲਝਿਆ ਮੁੱਦਾ ਈਰਾਨ ਦਾ ਪਰਮਾਣੂ ਪ੍ਰੋਗਰਾਮ ਹੈ। ਜੇ ਨਵਾਂ ਸਮਝੌਤਾ ਹੁੰਦਾ ਹੈ ਤਾਂ ਉਸ ਵਿੱਚ ਹੋਰਮੁਜ਼ ਜਲਡਮਰੂ ਦੀ ਸੁਰੱਖਿਆ, ਪਾਬੰਦੀਆਂ, ਤੇਲ ਨਿਰਯਾਤ ਅਤੇ ਪਰਮਾਣੂ ਪਾਬੰਦੀਆਂ ਵਰਗੇ ਮੁੱਦਿਆਂ ਨੂੰ ਇਕੱਠੇ ਹੱਲ ਕਰਨਾ ਪਵੇਗਾ।
ਫਿਲਹਾਲ ਹਾਲਾਤ ਇਹ ਦਰਸਾ ਰਹੇ ਹਨ ਕਿ ਅਮਰੀਕਾ ਅਤੇ ਈਰਾਨ ਦੋਵੇਂ ਦਬਾਅ ਅਤੇ ਅਪਰੋਕਸ਼ ਕੂਟਨੀਤੀ ਦਾ ਰਾਹ ਅਪਣਾ ਰਹੇ ਹਨ, ਪਰ ਕਿਸੇ ਵੀ ਗਲਤ ਕਦਮ ਨਾਲ ਖਾੜੀ ਖੇਤਰ ਵਿੱਚ ਤਣਾਅ ਮੁੜ ਵੱਧ ਸਕਦਾ ਹੈ।

