ਦੁਨੀਆ ਦੇ ਪ੍ਰਸਿੱਧ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਆਪਣੇ ਕਰੋੜਾਂ ਯੂਜ਼ਰਜ਼ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਨਵਾਂ ‘Message Scheduling’ ਫੀਚਰ ਲਾਂਚ ਕਰ ਦਿੱਤਾ ਹੈ। ਮੈਟਾ ਦੀ ਮਲਕੀਅਤ ਵਾਲੇ ਇਸ ਪਲੇਟਫਾਰਮ ਨੇ ਬੁੱਧਵਾਰ, 25 ਨਵੰਬਰ 2026 ਨੂੰ ਇਸ ਫੀਚਰ ਦੀ ਸ਼ੁਰੂਆਤ ਕੀਤੀ। ਇਸ ਦੀ ਮਦਦ ਨਾਲ ਹੁਣ ਯੂਜ਼ਰਜ਼ ਆਪਣੇ ਮੈਸੇਜ ਪਹਿਲਾਂ ਤੋਂ ਤੈਅ ਕੀਤੇ ਸਮੇਂ ’ਤੇ ਆਪਣੇ ਆਪ ਭੇਜ ਸਕਣਗੇ।
ਇਹ ਨਵਾਂ ਫੀਚਰ iOS ਅਤੇ Android ਦੋਵਾਂ ਯੂਜ਼ਰਜ਼ ਲਈ ਜਾਰੀ ਕੀਤਾ ਗਿਆ ਹੈ। ਇਸ ਰਾਹੀਂ ਨਿੱਜੀ ਚੈਟ ਦੇ ਨਾਲ-ਨਾਲ ਗਰੁੱਪ ਚੈਟ ਵਿੱਚ ਵੀ ਮੈਸੇਜ ਸ਼ਡਿਊਲ ਕੀਤੇ ਜਾ ਸਕਣਗੇ।
ਕਿਵੇਂ ਕੰਮ ਕਰੇਗਾ Message Scheduling ਫੀਚਰ ?
ਇਸ ਫੀਚਰ ਦੀ ਵਰਤੋਂ ਕਰਨਾ ਕਾਫ਼ੀ ਆਸਾਨ ਹੈ। ਯੂਜ਼ਰ ਨੂੰ ਸਭ ਤੋਂ ਪਹਿਲਾਂ ਆਪਣਾ ਮੈਸੇਜ ਟਾਈਪ ਕਰਨਾ ਹੋਵੇਗਾ ਅਤੇ ਫਿਰ Send ਬਟਨ ਨੂੰ ਕੁਝ ਸਮੇਂ ਲਈ ਦਬਾ ਕੇ ਰੱਖਣਾ ਹੋਵੇਗਾ। ਇਸ ਤੋਂ ਬਾਅਦ ਆਪਣੀ ਪਸੰਦ ਦੀ ਤਾਰੀਖ਼ ਅਤੇ ਸਮਾਂ ਚੁਣ ਕੇ ਮੈਸੇਜ ਸ਼ਡਿਊਲ ਕੀਤਾ ਜਾ ਸਕੇਗਾ।
ਵਟਸਐਪ ਮੁਤਾਬਕ, ਭੇਜਣ ਵਾਲੇ ਵੱਲੋਂ ਤੈਅ ਕੀਤੇ ਸਮੇਂ ’ਤੇ ਮੈਸੇਜ ਆਪਣੇ ਆਪ ਪ੍ਰਾਪਤ ਕਰਨ ਵਾਲੇ ਕੋਲ ਪਹੁੰਚ ਜਾਵੇਗਾ ਅਤੇ ਉਸ ਨੂੰ ਇਹ ਆਮ ਮੈਸੇਜ ਵਾਂਗ ਹੀ ਦਿਖਾਈ ਦੇਵੇਗਾ।
ਇਸ ਫੀਚਰ ਰਾਹੀਂ ਸਿਰਫ਼ ਟੈਕਸਟ ਹੀ ਨਹੀਂ, ਸਗੋਂ ਲਿੰਕ, ਫੋਟੋਆਂ ਅਤੇ ਵੀਡੀਓਜ਼ ਵੀ ਸ਼ਡਿਊਲ ਕੀਤੇ ਜਾ ਸਕਣਗੇ। ਹਾਲਾਂਕਿ, ਮੀਡੀਆ ਫਾਈਲਾਂ ਇੱਕ ਸਮੇਂ ’ਤੇ ਇੱਕ ਹੀ ਸ਼ਡਿਊਲ ਕੀਤੀ ਜਾ ਸਕਦੀ ਹੈ। ਇੱਕੋ ਵਾਰ ਕਈ ਫੋਟੋਆਂ ਜਾਂ ਵੀਡੀਓਜ਼ ਨੂੰ ਸ਼ਡਿਊਲ ਕਰਨ ਦੀ ਸਹੂਲਤ ਨਹੀਂ ਦਿੱਤੀ ਗਈ ਹੈ।
ਫੋਨ ਬੰਦ ਹੋਣ ’ਤੇ ਵੀ ਭੇਜਿਆ ਜਾਵੇਗਾ ਮੈਸੇਜ
ਇਸ ਫੀਚਰ ਦੀ ਖ਼ਾਸ ਗੱਲ ਇਹ ਹੈ ਕਿ ਜੇਕਰ ਮੈਸੇਜ ਭੇਜਣ ਵਾਲੇ ਦਾ ਫੋਨ ਬੰਦ ਹੋਵੇ ਜਾਂ ਉਸ ਦੀ ਬੈਟਰੀ ਖ਼ਤਮ ਹੋ ਗਈ ਹੋਵੇ, ਤਾਂ ਵੀ ਸ਼ਡਿਊਲ ਕੀਤਾ ਗਿਆ ਮੈਸੇਜ ਤੈਅ ਸਮੇਂ ’ਤੇ ਭੇਜਿਆ ਜਾਵੇਗਾ। ਵਟਸਐਪ ਨੇ ਸਪੱਸ਼ਟ ਕੀਤਾ ਹੈ ਕਿ ਇਹ ਮੈਸੇਜ ਵੀ ਹੋਰ ਨਿੱਜੀ ਮੈਸੇਜਾਂ ਵਾਂਗ End-to-End Encryption ਨਾਲ ਸੁਰੱਖਿਅਤ ਰਹਿਣਗੇ, ਜਿਸ ਕਾਰਨ ਕੋਈ ਹੋਰ ਵਿਅਕਤੀ ਇਨ੍ਹਾਂ ਨੂੰ ਪੜ੍ਹ ਨਹੀਂ ਸਕੇਗਾ।
ਭੇਜਣ ਤੋਂ ਪਹਿਲਾਂ ਮੈਸੇਜ ਡਿਲੀਟ ਕਰਨ ਦੀ ਵੀ ਸਹੂਲਤ
ਜੇਕਰ ਯੂਜ਼ਰ ਆਪਣਾ ਫ਼ੈਸਲਾ ਬਦਲ ਲੈਂਦਾ ਹੈ ਤਾਂ ਉਹ ਮੈਸੇਜ ਭੇਜੇ ਜਾਣ ਤੋਂ ਪਹਿਲਾਂ ਉਸ ਨੂੰ ਡਿਲੀਟ ਵੀ ਕਰ ਸਕਦਾ ਹੈ। ਇਸ ਲਈ ਚੈਟ ਦੀ ਜਾਣਕਾਰੀ ਵਾਲੇ ਸੈਕਸ਼ਨ ਵਿੱਚ ‘Scheduled Messages’ ’ਤੇ ਜਾ ਕੇ ਸਬੰਧਤ ਮੈਸੇਜ ਨੂੰ ਹਟਾਇਆ ਜਾ ਸਕਦਾ ਹੈ। ਇਸ ਬਾਰੇ ਦੂਜੇ ਵਿਅਕਤੀ ਨੂੰ ਕੋਈ ਨੋਟੀਫਿਕੇਸ਼ਨ ਵੀ ਨਹੀਂ ਭੇਜਿਆ ਜਾਵੇਗਾ।
ਵਟਸਐਪ ਨੇ ਆਪਣੇ ਬਲੌਗ ਵਿੱਚ ਇਸ ਫੀਚਰ ਨੂੰ ‘Say it at the Right Time with Scheduled Messages’ ਨਾਮ ਦਿੱਤਾ ਹੈ। ਜਾਣਕਾਰੀ ਮੁਤਾਬਕ, ਯੂਜ਼ਰਜ਼ 10 ਮਿੰਟ ਤੋਂ ਲੈ ਕੇ 14 ਦਿਨ ਪਹਿਲਾਂ ਤੱਕ ਮੈਸੇਜ ਸ਼ਡਿਊਲ ਕਰ ਸਕਣਗੇ।
ਇਸ ਨਵੇਂ ਫੀਚਰ ਨਾਲ ਜਨਮਦਿਨ ਦੀਆਂ ਵਧਾਈਆਂ, ਜ਼ਰੂਰੀ ਯਾਦ-ਦਹਾਨੀਆਂ ਅਤੇ ਪਹਿਲਾਂ ਤੋਂ ਤੈਅ ਕੀਤੇ ਸੁਨੇਹੇ ਸਹੀ ਸਮੇਂ ’ਤੇ ਭੇਜਣਾ ਹੋਰ ਵੀ ਆਸਾਨ ਹੋ ਜਾਵੇਗਾ।
#whatsapp📲 #messangingapp #launchnew #schedule #feature #saddatvusa

