ਆਸਟ੍ਰੇਲੀਆ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ, ਖ਼ਾਸ ਕਰਕੇ ਭਾਰਤੀਆਂ ਲਈ ਵਰਕ ਐਂਡ ਹੋਲੀਡੇ ਵੀਜ਼ਾ ਦੇ ਨਿਯਮ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਮਾਰਚ 2027 ਤੋਂ ਦੂਜੇ ਅਤੇ ਤੀਜੇ ਸਾਲ ਦਾ ਵੀਜ਼ਾ ਲੈਣ ਲਈ ਬਿਨੈਕਾਰਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਸਰਕਾਰ ਵੱਲੋਂ ਸੱਦਾ ਮਿਲਣ ਤੋਂ ਬਾਅਦ ਹੀ ਅਰਜ਼ੀ ਦਿੱਤੀ ਜਾ ਸਕੇਗੀ।
ਇਸ ਤੋਂ ਇਲਾਵਾ ਦੂਜੇ ਸਾਲ ਦਾ ਵੀਜ਼ਾ ਲੈਣ ਲਈ ਲਾਜ਼ਮੀ ਖੇਤਰੀ ਕੰਮ ਦੀ ਮਿਆਦ 88 ਦਿਨਾਂ ਤੋਂ ਵਧਾ ਕੇ 120 ਦਿਨ ਕਰ ਦਿੱਤੀ ਗਈ ਹੈ। ਇਹ ਨਿਯਮ ਭਾਰਤੀਆਂ ਸਮੇਤ ਵਰਕਿੰਗ ਹੋਲੀਡੇ ਮੇਕਰ ਪ੍ਰੋਗਰਾਮ ਦੇ ਦੋਵੇਂ ਵੀਜ਼ਾ ਵਰਗਾਂ 417 ਅਤੇ 462 ’ਤੇ ਲਾਗੂ ਹੋਣਗੇ।
ਸਾਲਾਨਾ ਵੀਜ਼ਿਆਂ ਦੀ ਗਿਣਤੀ ਵੀ ਤੈਅ
ਆਸਟ੍ਰੇਲੀਆ ਸਰਕਾਰ ਨੇ 2026-27 ਲਈ ਦੂਜੇ ਸਾਲ ਦੇ 45,000 ਅਤੇ ਤੀਜੇ ਸਾਲ ਦੇ 25,000 ਵੀਜ਼ਿਆਂ ਦੀ ਸਾਲਾਨਾ ਹੱਦ ਤੈਅ ਕੀਤੀ ਹੈ। ਇਹ ਵੀਜ਼ੇ ਸਾਰੇ ਯੋਗ ਦੇਸ਼ਾਂ ਦੇ ਬਿਨੈਕਾਰਾਂ ਲਈ ਹੋਣਗੇ, ਸਿਰਫ਼ ਭਾਰਤੀਆਂ ਲਈ ਨਹੀਂ।
ਨਵੀਂ ਰਜਿਸਟ੍ਰੇਸ਼ਨ ਪ੍ਰਕਿਰਿਆ 1 ਦਸੰਬਰ 2026 ਤੋਂ ਸ਼ੁਰੂ ਹੋਵੇਗੀ ਅਤੇ ਪਹਿਲੇ ਸੱਦੇ ਜਨਵਰੀ 2027 ਦੇ ਮੱਧ ਵਿੱਚ ਜਾਰੀ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਹਰ ਮਹੀਨੇ ਸੱਦੇ ਦਿੱਤੇ ਜਾਣਗੇ।
ਪੁਰਾਣੇ ਨਿਯਮਾਂ ਦਾ ਲਾਭ ਕਿਨ੍ਹਾਂ ਨੂੰ ਮਿਲੇਗਾ ?
ਜਿਹੜੇ ਬਿਨੈਕਾਰ 28 ਫਰਵਰੀ 2027 ਤੱਕ ਲੋੜੀਂਦਾ ਖੇਤਰੀ ਕੰਮ ਪੂਰਾ ਕਰਕੇ ਆਪਣੀ ਵੀਜ਼ਾ ਅਰਜ਼ੀ ਵੀ ਜਮ੍ਹਾਂ ਕਰਵਾ ਦੇਣਗੇ, ਉਹ ਪੁਰਾਣੇ ਨਿਯਮਾਂ ਤਹਿਤ ਅਰਜ਼ੀ ਦੇ ਸਕਣਗੇ। ਸਿਰਫ਼ ਖੇਤਰੀ ਕੰਮ ਪੂਰਾ ਕਰਨਾ ਕਾਫ਼ੀ ਨਹੀਂ ਹੋਵੇਗਾ।
ਪਹਿਲੀ ਵਾਰ ਸਬਕਲਾਸ 462 ਵੀਜ਼ਾ ਲੈਣ ਵਾਲੇ ਭਾਰਤੀਆਂ ਦੀ ਪ੍ਰਕਿਰਿਆ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਰਜਿਸਟ੍ਰੇਸ਼ਨ ਕਰਵਾਉਣ ਨਾਲ ਵੀਜ਼ਾ ਮਿਲਣ ਦੀ ਗਾਰੰਟੀ ਨਹੀਂ ਹੋਵੇਗੀ ਅਤੇ ਸੱਦਾ ਮਿਲਣ ਤੋਂ ਬਾਅਦ ਵੀ ਸਾਰੀਆਂ ਯੋਗਤਾਵਾਂ ਪੂਰੀਆਂ ਕਰਨੀਆਂ ਲਾਜ਼ਮੀ ਹੋਣਗੀਆਂ।
#australia #workvisa #newupdates #saddatvusa

