ਅਮਰੀਕਾ ’ਚ ਥੈਂਕਸਗਿਵਿੰਗ ਯਾਤਰਾ ਦੌਰਾਨ ਡੈਲਟਾ ਏਅਰਲਾਈਨਜ਼ ਦੀ ਸੇਵਾ ਪ੍ਰਭਾਵਿਤ, 1,000 ਤੋਂ ਵੱਧ ਉਡਾਣਾਂ ਲੇਟ – ਤਕਨੀਕੀ ਖ਼ਰਾਬੀ ਦੂਰ !

0
3

ਅਮਰੀਕਾ ਵਿੱਚ ਥੈਂਕਸਗਿਵਿੰਗ ਦੀਆਂ ਛੁੱਟੀਆਂ ਦੌਰਾਨ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਡੈਲਟਾ ਏਅਰਲਾਈਨਜ਼ ਦੇ ਆਟੋਮੈਟਿਕ ਏਅਰਕ੍ਰਾਫਟ ਲੋਡਿੰਗ ਸਿਸਟਮ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ 1,000 ਤੋਂ ਵੱਧ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ। ਇਸ ਸਮੱਸਿਆ ਕਾਰਨ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ ’ਤੇ ਫਸ ਗਏ।

ਰਿਪੋਰਟਾਂ ਮੁਤਾਬਕ ਐਤਵਾਰ ਨੂੰ ਡੈਲਟਾ ਏਅਰਲਾਈਨਜ਼ ਦਾ ਸਿਸਟਮ ਅਚਾਨਕ ਖ਼ਰਾਬ ਹੋ ਗਿਆ, ਜਿਸ ਕਾਰਨ ਜਹਾਜ਼ਾਂ ਦੇ ਭਾਰ ਅਤੇ ਸੰਤੁਲਨ ਦੀ ਗਣਨਾ ਕਰਨ ਵਿੱਚ ਦਿੱਕਤ ਆਈ। ਇਹ ਗਣਨਾ ਉਡਾਣ ਤੋਂ ਪਹਿਲਾਂ ਸੁਰੱਖਿਅਤ ਉਡਾਣ ਲਈ ਜ਼ਰੂਰੀ ਹੁੰਦੀ ਹੈ। ਸਿਸਟਮ ਠੀਕ ਹੋਣ ਤੱਕ ਕਰਮਚਾਰੀਆਂ ਨੂੰ ਹੱਥੀਂ ਗਣਨਾ ਕਰਨ ਦੀ ਪ੍ਰਕਿਰਿਆ ਅਪਣਾਉਣੀ ਪਈ।

ਸਥਿਤੀ ਨੂੰ ਕਾਬੂ ਕਰਨ ਲਈ ਅਟਲਾਂਟਾ ਸਮੇਤ ਕਈ ਵਿਅਸਤ ਹਵਾਈ ਅੱਡਿਆਂ ’ਤੇ ਉਡਾਣਾਂ ਨੂੰ ਅਸਥਾਈ ਤੌਰ ’ਤੇ ਰੋਕਿਆ ਗਿਆ ਅਤੇ ਬਾਅਦ ਵਿੱਚ ਗਰਾਊਂਡ ਡਿਲੇਅ ਪ੍ਰੋਗਰਾਮ ਲਾਗੂ ਕੀਤਾ ਗਿਆ, ਤਾਂ ਜੋ ਹਵਾਈ ਅੱਡਿਆਂ ’ਤੇ ਭੀੜ ਅਤੇ ਜਹਾਜ਼ਾਂ ਦੀ ਆਵਾਜਾਈ ਨੂੰ ਨਿਯੰਤਰਿਤ ਕੀਤਾ ਜਾ ਸਕੇ।

ਡੈਲਟਾ ਏਅਰਲਾਈਨਜ਼ ਨੇ ਪੁਸ਼ਟੀ ਕੀਤੀ ਕਿ ਐਤਵਾਰ ਦੁਪਹਿਰ ਤੱਕ ਤਕਨੀਕੀ ਸਮੱਸਿਆ ਦੂਰ ਕਰ ਦਿੱਤੀ ਗਈ ਸੀ ਅਤੇ ਆਟੋਮੈਟਿਕ ਸਿਸਟਮ ਮੁੜ ਕੰਮ ਕਰਨ ਲੱਗ ਪਿਆ ਸੀ।

70 ਫੀਸਦੀ ਦੇਰੀ ਦਾ ਕਾਰਨ ਤਕਨੀਕੀ ਖ਼ਰਾਬੀ

ਰਿਪੋਰਟ ਅਨੁਸਾਰ ਐਤਵਾਰ ਨੂੰ ਡੈਲਟਾ ਅਤੇ ਡੈਲਟਾ ਕਨੈਕਸ਼ਨ ਦੀਆਂ ਲਗਭਗ 5,000 ਉਡਾਣਾਂ ਨਿਰਧਾਰਤ ਸਨ। ਏਅਰਲਾਈਨ ਮੁਤਾਬਕ ਉਡਾਣਾਂ ਵਿੱਚ ਹੋਈ ਦੇਰੀ ਅਤੇ ਰੱਦ ਹੋਣ ਦੀਆਂ ਲਗਭਗ 70 ਫੀਸਦੀ ਘਟਨਾਵਾਂ ਦਾ ਕਾਰਨ ਇਹ ਤਕਨੀਕੀ ਖ਼ਰਾਬੀ ਸੀ, ਜਦਕਿ ਬਾਕੀ ਉਡਾਣਾਂ ਮੌਸਮ ਦੀ ਖ਼ਰਾਬੀ ਅਤੇ ਨਿਊਯਾਰਕ ਸਮੇਤ ਅਮਰੀਕਾ ਦੇ ਉੱਤਰ-ਪੂਰਬੀ ਖੇਤਰ ਵਿੱਚ ਹਵਾਈ ਆਵਾਜਾਈ ਪਾਬੰਦੀਆਂ ਕਾਰਨ ਪ੍ਰਭਾਵਿਤ ਹੋਈਆਂ।

ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਸਪੱਸ਼ਟ ਕੀਤਾ ਕਿ ਇਸ ਸਮੱਸਿਆ ਦਾ ਉਸ ਦੇ ਆਪਣੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਨਾਲ ਕੋਈ ਸਬੰਧ ਨਹੀਂ ਸੀ।

ਯਾਤਰੀਆਂ ਨੂੰ ਰਿਫੰਡ ਅਤੇ ਬਦਲਵੀਂਆਂ ਉਡਾਣਾਂ ਦੀ ਸਹੂਲਤ

ਡੈਲਟਾ ਏਅਰਲਾਈਨਜ਼ ਨੇ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮੁਆਫ਼ੀ ਮੰਗੀ ਹੈ। ਕੰਪਨੀ ਵੱਲੋਂ ਪ੍ਰਭਾਵਿਤ ਯਾਤਰੀਆਂ ਲਈ ਬਦਲਵੀਆਂ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਲੋੜ ਪੈਣ ’ਤੇ ਖਾਣੇ ਤੇ ਹੋਟਲ ਦੀ ਸਹੂਲਤ ਵੀ ਦਿੱਤੀ ਗਈ।

ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਰੱਦ ਹੋ ਗਈਆਂ ਅਤੇ ਜੋ ਹੁਣ ਯਾਤਰਾ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਨੂੰ ਰਿਫੰਡ ਦੇਣ ਦਾ ਭਰੋਸਾ ਦਿੱਤਾ ਗਿਆ ਹੈ।

ਕੰਪਨੀ ਨੇ ਕਿਹਾ ਕਿ ਉਸ ਦੀਆਂ ਟੀਮਾਂ ਦਿਨ ਦੀਆਂ ਬਾਕੀ ਉਡਾਣਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਪੂਰਾ ਕਰਨ ਲਈ ਕੰਮ ਕਰ ਰਹੀਆਂ ਹਨ। ਥੈਂਕਸਗਿਵਿੰਗ ਦੇ ਰੁਝੇਵੇਂ ਵਾਲੇ ਯਾਤਰਾ ਸੀਜ਼ਨ ਦੌਰਾਨ ਹੋਈ ਇਸ ਗੜਬੜ ਨੇ ਅਮਰੀਕਾ ਦੀ ਹਵਾਈ ਆਵਾਜਾਈ ਪ੍ਰਣਾਲੀ ’ਤੇ ਦਬਾਅ ਵਧਾ ਦਿੱਤਾ।

#deltaairlines #usa #flightsdelayed #saddatvusa

LEAVE A REPLY

Please enter your comment!
Please enter your name here