ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਬਣੇ ਪੰਜਾਬੀ ਮੂਲ ਦੇ ਆਗੂ ਨਵਦੀਪ ਸਿੰਘ ਬੈਂਸ, 2030 ਦੀਆਂ ਚੋਣਾਂ ਲਈ ਹੁਣ ਸੰਭਾਲਣਗੇ ਕਮਾਨ !

0
2

ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਨਟਾਰੀਓ ਵਿੱਚ ਪੰਜਾਬੀ ਮੂਲ ਦੇ ਨਵਦੀਪ ਸਿੰਘ ਬੈਂਸ ਨੂੰ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣਿਆ ਗਿਆ ਹੈ। ਕਰੀਬ ਨੌਂ ਮਹੀਨੇ ਚੱਲੀ ਲੀਡਰਸ਼ਿਪ ਦੌੜ ਤੋਂ ਬਾਅਦ ਬੈਂਸ ਨੇ ਤੀਜੇ ਅਤੇ ਆਖਰੀ ਗੇੜ ਵਿੱਚ 50.3 ਫੀਸਦੀ ਵੋਟਾਂ ਹਾਸਲ ਕਰਕੇ ਆਪਣੀ ਵਿਰੋਧੀ ਉਮੀਦਵਾਰ ਲੀ ਫੇਅਰਕਲੌ ਨੂੰ ਹਰਾਇਆ।

49 ਸਾਲਾ ਨਵਦੀਪ ਬੈਂਸ ਹੁਣ ਓਨਟਾਰੀਓ ਵਿੱਚ ਵਿਰੋਧੀ ਧਿਰ ਦੀ ਲਿਬਰਲ ਪਾਰਟੀ ਦੀ ਅਗਵਾਈ ਕਰਨਗੇ। ਉਨ੍ਹਾਂ ਸਾਹਮਣੇ ਅਗਲੀਆਂ ਸੂਬਾਈ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਮੌਜੂਦਾ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਨੂੰ ਚੁਣੌਤੀ ਦੇਣ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ।

ਰਾਜਸਥਾਨ ਤੋਂ ਕੈਨੇਡਾ ਤੱਕ ਦਾ ਸਫ਼ਰ

ਨਵਦੀਪ ਸਿੰਘ ਬੈਂਸ ਦਾ ਪਰਿਵਾਰ ਮੂਲ ਰੂਪ ਵਿੱਚ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਨਾਲ ਸਬੰਧਤ ਹੈ। ਉਨ੍ਹਾਂ ਦੇ ਮਾਤਾ-ਪਿਤਾ ਹਰਮਿੰਦਰ ਸਿੰਘ ਬੈਂਸ ਅਤੇ ਬਲਵਿੰਦਰ ਕੌਰ ਬੈਂਸ ਲਗਭਗ 50 ਸਾਲ ਪਹਿਲਾਂ ਬਿਹਤਰ ਭਵਿੱਖ ਦੀ ਭਾਲ ਵਿੱਚ ਕੈਨੇਡਾ ਆਏ ਸਨ।

ਬੈਂਸ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸ਼ੁਰੂਆਤ ਵਿੱਚ ਮਜ਼ਦੂਰੀ ਕੀਤੀ ਅਤੇ ਬਾਅਦ ਵਿੱਚ ਕਿਚਨ ਕੈਬਨਿਟ ਦਾ ਕੰਮ ਸਿੱਖ ਕੇ ਆਪਣਾ ਕਾਰੋਬਾਰ ਖੜ੍ਹਾ ਕੀਤਾ। ਉਨ੍ਹਾਂ ਦੀ ਮਾਤਾ ਵੀ ਰਾਤ ਸਮੇਂ ਫੈਕਟਰੀ ਵਿੱਚ ਕੰਮ ਕਰਕੇ ਪਰਿਵਾਰ ਦੀ ਆਰਥਿਕ ਮਦਦ ਕਰਦੇ ਰਹੇ। ਮਾਪਿਆਂ ਦੀ ਸਖ਼ਤ ਮਿਹਨਤ ਸਦਕਾ ਹੀ ਉਨ੍ਹਾਂ ਨੂੰ ਚੰਗੀ ਸਿੱਖਿਆ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਮੌਕੇ ਮਿਲੇ।

ਨਵਦੀਪ ਬੈਂਸ ਦਾ ਵਿਆਹ ਬ੍ਰਹਮਜੋਤ ਬੈਂਸ ਨਾਲ ਹੋਇਆ ਹੈ ਅਤੇ ਉਨ੍ਹਾਂ ਦੀਆਂ ਦੋ ਧੀਆਂ ਨਾਨਕੀ ਕੌਰ ਤੇ ਕਿਰਪਾ ਕੌਰ ਹਨ। ਉਹ ਮਿਸੀਸਾਗਾ ਵਿੱਚ ਰਹਿੰਦੇ ਹਨ।

13 ਸਾਲ ਤੱਕ ਰਹੇ ਸੰਸਦ ਮੈਂਬਰ

ਨਵਦੀਪ ਬੈਂਸ ਨੇ ਐਮ.ਬੀ.ਏ. ਦੀ ਪੜ੍ਹਾਈ ਤੋਂ ਬਾਅਦ 2004 ਵਿੱਚ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਉਹ ਮਿਸੀਸਾਗਾ ਤੋਂ ਲਗਾਤਾਰ 13 ਸਾਲ ਕੈਨੇਡਾ ਦੀ ਸੰਸਦ ਵਿੱਚ ਨੁਮਾਇੰਦਗੀ ਕਰਦੇ ਰਹੇ।

ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਉਨ੍ਹਾਂ ਨੇ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਵਜੋਂ ਅਹਿਮ ਜ਼ਿੰਮੇਵਾਰੀ ਨਿਭਾਈ। 2021 ਵਿੱਚ ਉਨ੍ਹਾਂ ਨੇ ਪਰਿਵਾਰਕ ਕਾਰਨਾਂ ਕਰਕੇ ਫੈਡਰਲ ਸਿਆਸਤ ਤੋਂ ਅਸਤੀਫਾ ਦੇ ਦਿੱਤਾ ਅਤੇ ਨਿੱਜੀ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਲਿਬਰਲ ਪਾਰਟੀ ਦੀ ਸੂਬਾਈ ਲੀਡਰਸ਼ਿਪ ਜਿੱਤ ਕੇ ਉਨ੍ਹਾਂ ਨੇ ਮੁੜ ਸਿਆਸਤ ਵਿੱਚ ਵਾਪਸੀ ਕੀਤੀ ਹੈ।

ਲੋਕਾਂ ਦੀ ਮਹਿੰਗਾਈ ਅਤੇ ਆਰਥਿਕ ਮੁਸ਼ਕਲਾਂ ਮੁੱਖ ਮੁੱਦੇ

ਜਿੱਤ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਨਵਦੀਪ ਬੈਂਸ ਨੇ ਕਿਹਾ ਕਿ ਓਨਟਾਰੀਓ ਨੇ ਉਨ੍ਹਾਂ ਦੇ ਮਾਪਿਆਂ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਮੌਕੇ ਦਿੱਤੇ, ਪਰ ਹੁਣ ਅਗਲੀ ਪੀੜ੍ਹੀ ਲਈ ਅਜਿਹੇ ਮੌਕੇ ਘੱਟ ਹੁੰਦੇ ਜਾ ਰਹੇ ਹਨ।

ਉਨ੍ਹਾਂ ਮਿਸੀਸਾਗਾ ਦੇ ਲੋਕਾਂ ਦੀ ਆਰਥਿਕ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਦੇ ਹਰ ਚਾਰ ਵਿੱਚੋਂ ਇੱਕ ਵਿਅਕਤੀ ਫੂਡ ਬੈਂਕ ਤੋਂ ਮਦਦ ਲੈਣ ਲਈ ਮਜਬੂਰ ਹੈ। ਇਨ੍ਹਾਂ ਵਿੱਚ ਅਜਿਹੇ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਕੋਲ ਨੌਕਰੀਆਂ ਹਨ ਅਤੇ ਕਈ ਲੋਕ ਇੱਕ ਤੋਂ ਵੱਧ ਕੰਮ ਕਰ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਲਈ ਘਰ ਦਾ ਖ਼ਰਚ ਚਲਾਉਣਾ ਮੁਸ਼ਕਲ ਹੋ ਰਿਹਾ ਹੈ।

ਡੱਗ ਫੋਰਡ ਅਤੇ ਮਨਿੰਦਰ ਸਿੱਧੂ ਨੇ ਦਿੱਤੀ ਵਧਾਈ

ਨਵਦੀਪ ਬੈਂਸ ਦੀ ਜਿੱਤ ਤੋਂ ਬਾਅਦ ਲਿਬਰਲ ਪਾਰਟੀ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਇਸ ਨੂੰ ਪਾਰਟੀ ਲਈ ਨਵੇਂ ਅਧਿਆਇ ਦੀ ਸ਼ੁਰੂਆਤ ਦੱਸਿਆ।

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੰਸਦ ਵਿੱਚ ਇਕੱਠੇ ਕੰਮ ਕਰਦਿਆਂ ਉਨ੍ਹਾਂ ਨੇ ਬੈਂਸ ਦੀ ਲੋਕ ਸੇਵਾ ਪ੍ਰਤੀ ਵਚਨਬੱਧਤਾ ਨੂੰ ਨੇੜਿਓਂ ਦੇਖਿਆ ਹੈ।

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੂਬੇ ਦੇ ਲੋਕ ਚਾਹੁੰਦੇ ਹਨ ਕਿ ਸਾਰੀਆਂ ਪਾਰਟੀਆਂ ਮਿਲ ਕੇ ਅਮਰੀਕੀ ਟੈਰਿਫਾਂ ਦਾ ਸਾਹਮਣਾ ਕਰਨ, ਕਾਮਿਆਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਲੋਕਾਂ ਲਈ ਜੀਵਨ ਨੂੰ ਕਿਫ਼ਾਇਤੀ ਬਣਾਉਣ।

ਪੰਜਾਬੀ ਭਾਈਚਾਰੇ ਲਈ ਅਹਿਮ ਸਿਆਸੀ ਪ੍ਰਾਪਤੀ

ਓਨਟਾਰੀਓ ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ ਅਤੇ ਇੱਥੇ ਪੰਜਾਬੀ ਭਾਈਚਾਰੇ ਦੀ ਵੱਡੀ ਵਸੋਂ ਹੈ। ਇਸ ਕਾਰਨ ਸੂਬੇ ਦੀ ਸਿਆਸਤ ਵਿੱਚ ਪੰਜਾਬੀ ਵੋਟਰਾਂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ।

ਸਿਆਸੀ ਮਾਹਿਰਾਂ ਅਨੁਸਾਰ ਨਵਦੀਪ ਬੈਂਸ ਦੀ ਜਿੱਤ ਦੇ ਕਈ ਅਹਿਮ ਮਾਅਨੇ ਹਨ। ਹਾਲਾਂਕਿ ਉਨ੍ਹਾਂ ਨੂੰ ਲੀਡਰਸ਼ਿਪ ਚੋਣ ਵਿੱਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਹੋਰਨਾਂ ਭਾਈਚਾਰਿਆਂ ਦਾ ਵੀ ਸਮਰਥਨ ਮਿਲਿਆ ਹੈ।

ਬੈਂਸ ਸਾਹਮਣੇ ਇਸ ਸਮੇਂ ਕਈ ਚੁਣੌਤੀਆਂ ਵੀ ਹਨ। ਉਨ੍ਹਾਂ ਕੋਲ ਫਿਲਹਾਲ ਵਿਧਾਨ ਸਭਾ ਦੀ ਕੋਈ ਸੀਟ ਜਾਂ ਸੰਵਿਧਾਨਕ ਅਹੁਦਾ ਨਹੀਂ ਹੈ। ਇਸ ਤੋਂ ਇਲਾਵਾ ਸੂਬੇ ਦੀ ਉਦਯੋਗਿਕ ਅਤੇ ਵਪਾਰਕ ਸਥਿਤੀ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਦੀਆਂ ਆਰਥਿਕ ਮੁਸ਼ਕਲਾਂ ਨੂੰ ਮੁੱਖ ਮੁੱਦਾ ਬਣਾਉਣਾ ਵੀ ਉਨ੍ਹਾਂ ਲਈ ਵੱਡੀ ਚੁਣੌਤੀ ਹੋਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬੀ ਮੂਲ ਦੇ ਉੱਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਰਹਿ ਚੁੱਕੇ ਹਨ, ਜਦਕਿ ਜਗਮੀਤ ਸਿੰਘ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਕੌਮੀ ਆਗੂ ਰਹੇ ਹਨ।

ਹੁਣ ਨਵਦੀਪ ਸਿੰਘ ਬੈਂਸ ਦੀ ਨਜ਼ਰ ਓਨਟਾਰੀਓ ਵਿੱਚ ਲਿਬਰਲ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਅਤੇ ਅਗਲੀਆਂ ਸੂਬਾਈ ਚੋਣਾਂ ਵਿੱਚ ਪਾਰਟੀ ਨੂੰ ਜਿੱਤ ਦਿਵਾਉਣ ਉੱਤੇ ਹੋਵੇਗੀ।

#canada#NewsUpdate#CanadaPolitics#navdeepsinghbains#ontario#liberalpartycanada#saddatvusa

LEAVE A REPLY

Please enter your comment!
Please enter your name here