ਰੂਸ ਅਤੇ ਯੂਕ੍ਰੇਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਅਮਰੀਕਾ ਦੀ ਵਿਚੋਲਗੀ ਹੇਠ ਆਬੂ ਧਾਬੀ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਦੋ ਦਿਨਾਂ ਤੱਕ ਸ਼ਾਂਤੀ ਵਾਰਤਾ ਹੋਈ। ਇਸ ਦੌਰਾਨ ਦੋਵੇਂ ਧਿਰਾਂ ਵੱਡੀ ਗਿਣਤੀ ਵਿੱਚ ਜੰਗੀ ਕੈਦੀਆਂ ਦੀ ਰਿਹਾਈ ਲਈ ਸਹਿਮਤ ਹੋ ਗਈਆਂ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਨੇ ਵਾਰਤਾ ਦੀ ਸਮਾਪਤੀ ਤੋਂ ਬਾਅਦ ਇਸ ਨੂੰ ਸਕਾਰਾਤਮਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗੱਲਬਾਤ ਚੰਗੇ ਮਾਹੌਲ ਵਿੱਚ ਹੋਈ ਹੈ ਅਤੇ ਦੋਵੇਂ ਦੇਸ਼ ਵੱਡੀ ਗਿਣਤੀ ਵਿੱਚ ਜੰਗੀ ਕੈਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋਏ ਹਨ। ਹਾਲਾਂਕਿ, ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਸਹੀ ਗਿਣਤੀ ਨੂੰ ਅਗਲੇ ਦਿਨ ਅੰਤਿਮ ਰੂਪ ਦਿੱਤਾ ਜਾਣਾ ਸੀ।
ਉੱਧਰ, ਸ਼ਾਂਤੀ ਵਾਰਤਾ ਦੇ ਬਾਵਜੂਦ ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਜਾਰੀ ਰਹੇ। ਰੂਸੀ ਫੌਜ ਨੇ ਖਾਰਕੀਵ ਦੇ ਸਾਲਟਿਵਸਕੀ, ਓਸਨੋਵੀਆਨਸਕੀ ਅਤੇ ਸ਼ੇਵਚੇਨਕਿਵਸਕੀ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ। ਸਾਲਟਿਵਸਕੀ ਜ਼ਿਲ੍ਹੇ ਵਿੱਚ ਇੱਕ ਕਾਰ ’ਤੇ ਕੀਤੇ ਗਏ ਡਰੋਨ ਹਮਲੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਹੋਰ ਇਲਾਕਿਆਂ ਵਿੱਚ ਵਪਾਰਕ ਅਦਾਰਿਆਂ ਅਤੇ ਕਈ ਕਾਰਾਂ ਨੂੰ ਅੱਗ ਲੱਗ ਗਈ।
ਸ਼ਾਂਤੀ ਵਾਰਤਾ ਦੌਰਾਨ ਜੰਗੀ ਕੈਦੀਆਂ ਦੀ ਰਿਹਾਈ ’ਤੇ ਬਣੀ ਸਹਿਮਤੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘਟਾਉਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

