ਵਾਸ਼ਿੰਗਟਨ – ਅਮਰੀਕਾ ਦੀਆਂ 2026 ਦੀਆਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਪਾਰਟੀ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿੱਚ ਨਵੇਂ ਨੇਤਾ ਦੀ ਚੋਣ ਕਰ ਲਈ ਹੈ। ਓਹਾਇਓ ਤੋਂ ਰਿਪਬਲਿਕਨ ਸੰਸਦ ਮੈਂਬਰ ਜਿਮ ਜੌਰਡਨ ਨੂੰ ਹਾਊਸ ਵਿੱਚ ਘੱਟ ਗਿਣਤੀ ਪਾਰਟੀ ਦਾ ਨੇਤਾ ਚੁਣਿਆ ਗਿਆ ਹੈ। ਉਨ੍ਹਾਂ ਨੇ ਲੁਈਜ਼ਿਆਨਾ ਤੋਂ ਸੰਸਦ ਮੈਂਬਰ ਸਟੀਵ ਸਕੈਲਿਸ ਨੂੰ ਹਰਾਇਆ। ਗੁਪਤ ਵੋਟਿੰਗ ਵਿੱਚ ਜੌਰਡਨ ਨੂੰ 106 ਵੋਟਾਂ ਮਿਲੀਆਂ, ਜਦਕਿ ਸਕੈਲਿਸ ਦੇ ਹੱਕ ਵਿੱਚ 73 ਵੋਟਾਂ ਪਈਆਂ।
62 ਸਾਲਾ ਜਿਮ ਜੌਰਡਨ ਹਾਊਸ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਹਨ ਅਤੇ ਕੰਜ਼ਰਵੇਟਿਵ ਹਾਊਸ ਫ੍ਰੀਡਮ ਕਾਕਸ ਦੇ ਸਹਿ-ਸੰਸਥਾਪਕ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀ ਚੋਣ ਅਜਿਹੇ ਸਮੇਂ ਹੋਈ ਹੈ ਜਦੋਂ ਰਿਪਬਲਿਕਨ ਪਾਰਟੀ ਅਗਲੀ ਕਾਂਗਰਸ ਵਿੱਚ ਘੱਟ ਗਿਣਤੀ ਵਿੱਚ ਹੋਵੇਗੀ ਅਤੇ ਡੈਮੋਕ੍ਰੇਟਿਕ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਸੱਤਾ ਦਾ ਸਮੀਕਰਨ ਬਦਲ ਗਿਆ ਹੈ।
ਜੌਰਡਨ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਖ਼ਿਲਾਫ਼ ਜਾਂਚਾਂ ਅਤੇ ਨਿਗਰਾਨੀ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰਿਪਬਲਿਕਨਾਂ ਨੂੰ ਸਿਰਫ਼ ਵਿਰੋਧੀ ਧਿਰ ਦੀਆਂ ਨੀਤੀਆਂ ਦੀ ਆਲੋਚਨਾ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਚੋਣਾਂ ਜਿੱਤਣ ਲਈ ਸਰਗਰਮ ਰਣਨੀਤੀ ਬਣਾਉਣੀ ਪਵੇਗੀ।
ਦੂਜੇ ਪਾਸੇ, ਸਟੀਵ ਸਕੈਲਿਸ ਨੇ ਆਪਣੀ ਚੋਣ ਮੁਹਿੰਮ ਦੌਰਾਨ ਪਾਰਟੀ ਲਈ ਫੰਡ ਇਕੱਠੇ ਕਰਨ ਦੇ ਆਪਣੇ ਤਜਰਬੇ ਅਤੇ ਲੀਡਰਸ਼ਿਪ ਦਾ ਹਵਾਲਾ ਦਿੱਤਾ ਸੀ, ਪਰ ਜ਼ਿਆਦਾਤਰ ਰਿਪਬਲਿਕਨ ਸੰਸਦ ਮੈਂਬਰਾਂ ਨੇ ਜੌਰਡਨ ਦੇ ਹੱਕ ਵਿੱਚ ਵੋਟ ਪਾਈ।
ਇਸ ਦੇ ਨਾਲ ਹੀ ਰਿਪਬਲਿਕਨ ਪਾਰਟੀ ਵਿੱਚ ਵ੍ਹਿਪ ਅਤੇ ਕਾਨਫਰੰਸ ਚੇਅਰਮੈਨ ਵਰਗੇ ਹੋਰ ਅਹਿਮ ਅਹੁਦਿਆਂ ਲਈ ਵੀ ਚੋਣਾਂ ਹੋਣੀਆਂ ਹਨ। ਉੱਧਰ ਡੈਮੋਕ੍ਰੇਟਿਕ ਪਾਰਟੀ ਵੱਲੋਂ ਅਗਲੇ ਹਫ਼ਤੇ ਆਪਣੇ ਆਗੂਆਂ ਦੀ ਚੋਣ ਕੀਤੀ ਜਾਵੇਗੀ। ਨਿਊਯਾਰਕ ਤੋਂ ਸੰਸਦ ਮੈਂਬਰ ਹਕੀਮ ਜੈਫਰੀਜ਼ ਦੇ ਹਾਊਸ ਸਪੀਕਰ ਬਣਨ ਦੀ ਉਮੀਦ ਹੈ।

