ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਭਾਜਪਾ ਦਾ ਹਮਲਾ, 1984 ਸਿੱਖ ਕਤਲੇਆਮ ਬਾਰੇ ਪਰਿਵਾਰ ਨੂੰ ਕਲੀਨ ਚਿੱਟ ਦੇਣ ਦੇ ਲਗਾਏ ਇਲਜ਼ਾਮ !

0
5

ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੀ ਨਵੀਂ ਕਿਤਾਬ ‘Belonging: A Journey of Love’ ਨੂੰ ਲੈ ਕੇ ਭਾਜਪਾ ਨੇ ਤਿੱਖਾ ਹਮਲਾ ਕੀਤਾ ਹੈ। ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਸੋਨੀਆ ਗਾਂਧੀ ਨੇ ਆਪਣੀ ਕਿਤਾਬ ਰਾਹੀਂ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਗਾਂਧੀ ਪਰਿਵਾਰ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਹੈ।

ਭਾਜਪਾ ਆਗੂ ਅਤੇ ਸਿੱਖ ਕਤਲੇਆਮ ਪੀੜਤਾਂ ਦੇ ਕੇਸ ਲੜਨ ਵਾਲੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਸੋਨੀਆ ਗਾਂਧੀ ਦੀਆਂ ਲਿਖਤਾਂ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ 31 ਅਕਤੂਬਰ 1984 ਦੀ ਰਾਤ ਨੂੰ ਰਾਜੀਵ ਗਾਂਧੀ ਨੇ ਫ਼ੌਜ ਮੁਖੀ ਜਨਰਲ ਵੈਦਿਆ ਨੂੰ ਫ਼ੌਜ ਬੁਲਾਉਣ ਲਈ ਕਿਹਾ ਸੀ। ਪਰ ਦਿੱਲੀ ਦੇ ਨੇੜੇ ਮੌਜੂਦ ਫ਼ੌਜੀ ਦਸਤਿਆਂ ਦੀ ਬਜਾਏ ਦੂਰ-ਦੁਰਾਡੇ ਤੋਂ ਫ਼ੌਜ ਬੁਲਾਉਣ ਦਾ ਫ਼ੈਸਲਾ ਜਨਰਲ ਵੈਦਿਆ ਨੇ ਖ਼ੁਦ ਕੀਤਾ ਸੀ।

ਫੂਲਕਾ ਨੇ ਇਸ ਬਿਆਨ ਨੂੰ ਤੱਥਾਂ ਦੇ ਉਲਟ ਦੱਸਦਿਆਂ ਕਿਹਾ ਕਿ ਰੰਗਨਾਥ ਮਿਸ਼ਰਾ ਕਮਿਸ਼ਨ ਦੇ ਰਿਕਾਰਡ ਮੁਤਾਬਕ 31 ਅਕਤੂਬਰ ਅਤੇ 1 ਨਵੰਬਰ ਦੀ ਸਵੇਰ ਨੂੰ ਦਿੱਲੀ ਵਿੱਚ ਲਗਭਗ 6,000 ਫ਼ੌਜੀ ਜਵਾਨ ਮੌਜੂਦ ਸਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਇਨ੍ਹਾਂ ਵਿੱਚੋਂ 5,000 ਜਵਾਨਾਂ ਨੂੰ 1 ਨਵੰਬਰ ਦੀ ਸਵੇਰ ਦਿੱਲੀ ਦੀਆਂ ਸੜਕਾਂ ’ਤੇ ਤਾਇਨਾਤ ਕਰ ਦਿੱਤਾ ਜਾਂਦਾ ਤਾਂ ਘੱਟੋ-ਘੱਟ 2,000 ਸਿੱਖਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ।

ਉਨ੍ਹਾਂ ਸਵਾਲ ਕੀਤਾ ਕਿ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਲਈ ਕੀ ਕਾਰਵਾਈ ਕੀਤੀ ਸੀ ਅਤੇ ਜਿਨ੍ਹਾਂ ਲੋਕਾਂ ’ਤੇ ਕਤਲੇਆਮ ਦੀ ਜ਼ਿੰਮੇਵਾਰੀ ਸੀ, ਉਨ੍ਹਾਂ ਖ਼ਿਲਾਫ਼ ਕੀ ਕਦਮ ਚੁੱਕੇ ਗਏ ਸਨ। ਫੂਲਕਾ ਨੇ ਰਾਜੀਵ ਗਾਂਧੀ ਦੇ ਉਸ ਸਮੇਂ ਦਿੱਤੇ ਗਏ ਬਿਆਨ ‘ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ’ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਇਸ ਬਿਆਨ ਰਾਹੀਂ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਭਾਜਪਾ ਦੇ ਕੌਮੀ ਬੁਲਾਰੇ ਸੀ.ਆਰ. ਕੇਸਵਨ ਨੇ ਵੀ ਸੋਨੀਆ ਗਾਂਧੀ ਦੀ ਕਿਤਾਬ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਦਾ ਸਿਰਲੇਖ ‘ਵਾਈਟਵਾਸ਼ਿੰਗ’ ਹੋਣਾ ਚਾਹੀਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਕਿਤਾਬ ਦਾ ਮਕਸਦ ਨਹਿਰੂ-ਗਾਂਧੀ ਪਰਿਵਾਰ ਅਤੇ ਕਾਂਗਰਸ ਵੱਲੋਂ ਕੀਤੀਆਂ ਗਈਆਂ ਇਤਿਹਾਸਕ ਗ਼ਲਤੀਆਂ ’ਤੇ ਪਰਦਾ ਪਾਉਣਾ ਹੈ।

ਦੂਜੇ ਪਾਸੇ, ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਨੇ ਭਾਜਪਾ ’ਤੇ ਪਲਟਵਾਰ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਰਾਣੇ ਜ਼ਖ਼ਮਾਂ ਨੂੰ ਮੁੜ ਕੁਰੇਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇੱਕ ਹੋਰ ਭਾਜਪਾ ਬੁਲਾਰੇ ਨੇ ਕਿਤਾਬ ‘ਤੇ ਇਤਿਹਾਸਕ ਗਲਤੀਆਂ ਨੂੰ ਛੁਪਾਉਣ ਦਾ ਦੋਸ਼ ਲਗਾਇਆ ਹੈ।

ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਵਿਚਾਲੇ ਸ਼ੁਰੂ ਹੋਈ ਇਹ ਬਿਆਨਬਾਜ਼ੀ ਹੁਣ 1984 ਦੇ ਸਿੱਖ ਕਤਲੇਆਮ ਅਤੇ ਉਸ ਸਮੇਂ ਦੀ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਨਵੀਂ ਸਿਆਸੀ ਚਰਚਾ ਦਾ ਵਿਸ਼ਾ ਬਣ ਗਈ ਹੈ।

#saddatvusa#1984SikhGenocide#SoniaGandhi#book#BJPGovernment

LEAVE A REPLY

Please enter your comment!
Please enter your name here