ਦਿਲਜੀਤ ਦੋਸਾਂਝ ਅਤੇ ਅਭਿਜੀਤ ਦੀਪਕੇ ਵਿਚਾਲੇ ਵਿਵਾਦ ਖ਼ਤਮ ਕਰਨ ਦੀ ਪਹਿਲ, ਸੀਜੇਪੀ ਸੰਸਥਾਪਕ ਨੇ ਗਾਇਕ ਨੂੰ ਕਿਹਾ—‘ਛੋਟਾ ਭਰਾ ਸਮਝ ਕੇ ਮਿੱਟੀ ਪਾਓ’

0
9

ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਵਿਚਾਲੇ ਚੱਲ ਰਹੇ ਵਿਵਾਦ ਨੂੰ ਖ਼ਤਮ ਕਰਨ ਦੀ ਪਹਿਲ ਹੋਈ ਹੈ। ਦੀਪਕੇ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਦਿਲਜੀਤ ਨੂੰ ਮਾਮਲੇ ਨੂੰ ਭੁਲਾ ਕੇ ਅੱਗੇ ਵਧਣ ਦੀ ਅਪੀਲ ਕੀਤੀ ਹੈ।

ਇਹ ਵਿਵਾਦ ਨੀਟ (NEET) ਪ੍ਰੀਖਿਆ ਵਿੱਚ ਕਥਿਤ ਪੇਪਰ ਲੀਕ ਅਤੇ ਬੇਨਿਯਮੀਆਂ ਖ਼ਿਲਾਫ਼ ਦਿੱਲੀ ਵਿੱਚ ਹੋਏ ਵਿਦਿਆਰਥੀ ਪ੍ਰਦਰਸ਼ਨਾਂ ਦੌਰਾਨ ਦਿਲਜੀਤ ਵੱਲੋਂ ਸਿਆਸੀ ਮੁੱਦਿਆਂ ਤੋਂ ਦੂਰੀ ਬਣਾਉਣ ਦੇ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਸੀ। ਦੀਪਕੇ ਨੇ ਉਸ ਸਮੇਂ ਦਿਲਜੀਤ ਦੀ ਆਲੋਚਨਾ ਕਰਦਿਆਂ ਉਨ੍ਹਾਂ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਸੀ।

* ਦਿਲਜੀਤ ਨੇ ਕੰਸਰਟ ਦੌਰਾਨ ਦਿੱਤਾ ਸੀ ਜਵਾਬ

ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਹੋਏ ਕੰਸਰਟ ਦੌਰਾਨ ਦਿਲਜੀਤ ਦੋਸਾਂਝ ਨੇ ਬਿਨਾਂ ਕਿਸੇ ਸਿਆਸੀ ਪਾਰਟੀ ਦਾ ਨਾਮ ਲਏ ਕਿਹਾ ਕਿ ਪੰਜਾਬੀਆਂ ਨੂੰ ਲੜਨਾ ਸਿਖਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਆਪਣੀ ਫ਼ਿਲਮ ‘ਸਤਲੁਜ’ ਦਾ ਮੰਚ ’ਤੇ ਮਜ਼ਾਕ ਉਡਾਏ ਜਾਣ ’ਤੇ ਵੀ ਸਵਾਲ ਚੁੱਕਿਆ।

ਦਿਲਜੀਤ ਨੇ ਕਿਹਾ ਕਿ ਉਹ ਇੱਕ ਕਲਾਕਾਰ ਹਨ ਅਤੇ ਸਾਰਿਆਂ ਨਾਲ ਪਿਆਰ ਕਰਦੇ ਹਨ। ਉਨ੍ਹਾਂ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਲਈ ਕੀਤੇ ਸੰਘਰਸ਼ ਦਾ ਵੀ ਜ਼ਿਕਰ ਕੀਤਾ।

* ਦੀਪਕੇ ਨੇ ਦਿਲਜੀਤ ਦੀ ਕੀਤੀ ਤਾਰੀਫ਼

ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਅਭਿਜੀਤ ਦੀਪਕੇ ਨੇ ਕਿਹਾ ਕਿ ਦਿਲਜੀਤ ਦੀ ਟਿੱਪਣੀ ਨਾਲ ਉਨ੍ਹਾਂ ਨੂੰ ਦੁੱਖ ਜ਼ਰੂਰ ਹੋਇਆ ਸੀ, ਪਰ ਇਹ ਕੋਈ ਨਿੱਜੀ ਨਾਰਾਜ਼ਗੀ ਨਹੀਂ ਸੀ। ਉਨ੍ਹਾਂ ਨੇ ਦਿਲਜੀਤ ਨੂੰ ਆਪਣਾ ਪਸੰਦੀਦਾ ਕਲਾਕਾਰ ਦੱਸਦਿਆਂ ਉਨ੍ਹਾਂ ਦੇ ਸੰਗੀਤ, ਹੌਸਲੇ ਅਤੇ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਦੀਪਕੇ ਨੇ ਲਿਖਿਆ ਕਿ ਉਹ ਅੱਜ ਵੀ ਦਿਲਜੀਤ ਦੇ ਗੀਤ ਸੁਣਦੇ ਹਨ ਅਤੇ ਇਸ ਸਾਲ ਮਈ ਵਿੱਚ ਸ਼ਿਕਾਗੋ ਵਿਖੇ ਉਨ੍ਹਾਂ ਦੇ ਕੰਸਰਟ ਵਿੱਚ ਵੀ ਸ਼ਾਮਲ ਹੋਏ ਸਨ।

ਪੋਸਟ ਦੇ ਅਖ਼ੀਰ ਵਿੱਚ ਉਨ੍ਹਾਂ ਨੇ ਸੁਲ੍ਹਾ ਦਾ ਸੁਨੇਹਾ ਦਿੰਦਿਆਂ ਲਿਖਿਆ, “ਭਾਜੀ, ਛੋਟਾ ਭਾਈ ਸਮਝ ਕੇ ਮਿੱਟੀ ਪਾਓ।”

* ਕਿਸਾਨ ਅੰਦੋਲਨ ਨਾਲ ਵੀ ਕੀਤੀ ਗਈ ਸੀ ਤੁਲਨਾ

ਦਿਲਜੀਤ ਦੀ ਨੀਟ ਪ੍ਰਦਰਸ਼ਨਾਂ ਬਾਰੇ ਟਿੱਪਣੀ ਦੀ ਤੁਲਨਾ 2020 ਦੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੇ ਰੁਖ਼ ਨਾਲ ਵੀ ਕੀਤੀ ਗਈ ਸੀ। ਉਸ ਸਮੇਂ ਦਿਲਜੀਤ ਨੇ ਕਿਸਾਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਆਵਾਜ਼ ਉਠਾਈ ਸੀ ਅਤੇ ਅੰਦੋਲਨ ਦਾ ਸਮਰਥਨ ਕੀਤਾ ਸੀ।

ਇਸ ਵਿਵਾਦ ਦਾ ਇੱਕ ਹੋਰ ਪੱਖ ਫ਼ਿਲਮ ‘ਸਤਲੁਜ’ ਨਾਲ ਜੁੜਿਆ ਹੈ, ਜੋ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਘਟਨਾਵਾਂ ’ਤੇ ਆਧਾਰਿਤ ਹੈ। ਫ਼ਿਲਮ ਨੂੰ ਰਿਲੀਜ਼ ਅਤੇ ਸਰਟੀਫਿਕੇਸ਼ਨ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਹੁਣ ਦੀਪਕੇ ਦੀ ਤਾਜ਼ਾ ਪੋਸਟ ਤੋਂ ਬਾਅਦ ਦੋਵਾਂ ਵਿਚਾਲੇ ਵਿਵਾਦ ਖ਼ਤਮ ਹੋਣ ਅਤੇ ਆਪਸੀ ਸਤਿਕਾਰ ਬਰਕਰਾਰ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ।

#diljitdosanjh #liveconcertdelhi #abhijitdipke #saddatvusa

LEAVE A REPLY

Please enter your comment!
Please enter your name here