ਇਸ ਹਫ਼ਤੇ ਦੇ ਮੱਧਕਾਲੀ ਚੋਣਾਂ ਦੇ ਸਰਵੇਖਣਾਂ ਨੇ ਖਿੱਚਿਆ ਧਿਆਨ, ਟਰੰਪ ਦੇ 2024 ਵਾਲੇ ਵੋਟਰ ਗੱਠਜੋੜ ਵਿੱਚ ਆ ਰਹੀ ਹੈ ਦਰਾਰ !

0
8

ਅਮਰੀਕਾ ਵਿੱਚ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ (Midterm Elections) ਤੋਂ ਪਹਿਲਾਂ ਇਸ ਹਫ਼ਤੇ ਜਾਰੀ ਹੋਏ ਕਈ ਚੋਣ ਸਰਵੇਖਣਾਂ ਨੇ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਸਰਵੇਖਣਾਂ ਤੋਂ ਜਿੱਥੇ ਡੈਮੋਕ੍ਰੇਟਿਕ ਪਾਰਟੀ ਨੂੰ ਕੁਝ ਅਹਿਮ ਸੀਟਾਂ ’ਤੇ ਉਮੀਦ ਦਿਖਾਈ ਦੇ ਰਹੀ ਹੈ, ਉੱਥੇ ਹੀ ਮਾਹਿਰਾਂ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਜ਼ਿਆਦਾ ਜਸ਼ਨ ਮਨਾਉਣ ਤੋਂ ਸਾਵਧਾਨ ਕੀਤਾ ਹੈ।

* ਦੱਖਣੀ ਕੈਰੋਲੀਨਾ ’ਚ ਰਿਪਬਲਿਕਨ ਉਮੀਦਵਾਰ ਲਈ ਚੁਣੌਤੀ

ਨਿਊਯਾਰਕ ਟਾਈਮਜ਼/ਸੀਏਨਾ ਦੇ ਸਰਵੇਖਣ ਮੁਤਾਬਕ ਰਿਪਬਲਿਕਨ ਪਾਰਟੀ ਦੇ ਮਜ਼ਬੂਤ ਗੜ੍ਹ ਮੰਨੇ ਜਾਂਦੇ ਦੱਖਣੀ ਕੈਰੋਲੀਨਾ ਵਿੱਚ ਸੈਨੇਟਰ ਡਾਰਲੀਨ ਗ੍ਰਾਹਮ (R) ਅਤੇ ਡੈਮੋਕ੍ਰੇਟਿਕ ਉਮੀਦਵਾਰ ਐਨੀ ਐਂਡਰਿਊਜ਼ (D) ਵਿਚਕਾਰ ਮੁਕਾਬਲਾ ਲਗਭਗ ਬਰਾਬਰੀ ਦਾ ਬਣਿਆ ਹੋਇਆ ਹੈ।

ਇਸੇ ਸਰਵੇਖਣ ਵਿੱਚ ਮਿਨੇਸੋਟਾ ਦੀ ਅਹਿਮ ਸੈਨੇਟ ਸੀਟ ’ਤੇ ਰਿਪਬਲਿਕਨ ਉਮੀਦਵਾਰ ਮਿਸ਼ੇਲ ਟਾਫੋਇਆ, ਡੈਮੋਕ੍ਰੇਟਿਕ ਉਮੀਦਵਾਰ ਪੈਗੀ ਫਲਾਨਾਗਨ ਤੋਂ ਲਗਭਗ 14 ਫ਼ੀਸਦੀ ਪਿੱਛੇ ਦਿਖਾਈ ਦੇ ਰਹੀ ਹੈ।

ਨਿਊਯਾਰਕ ਟਾਈਮਜ਼ ਦੇ ਮੁੱਖ ਸਿਆਸੀ ਵਿਸ਼ਲੇਸ਼ਕ ਨੈਟ ਕੋਹਨ ਨੇ ਚਿਤਾਵਨੀ ਦਿੱਤੀ ਹੈ ਕਿ ਸਰਵੇਖਣਾਂ ਵਿੱਚ ਰਿਪਬਲਿਕਨ ਪਾਰਟੀ ਦੀ ਹਮਾਇਤ ਘੱਟ ਦਿਖਾਈ ਦੇ ਸਕਦੀ ਹੈ, ਕਿਉਂਕਿ ਗੋਰੇ ਅਤੇ ਮਜ਼ਦੂਰ ਵਰਗ ਦੇ ਵੋਟਰਾਂ ਤੱਕ ਪਹੁੰਚ ਬਣਾਉਣ ਵਿੱਚ ਮੁਸ਼ਕਲ ਆ ਰਹੀ ਹੈ।

* ਟਰੰਪ ਦੇ 2024 ਵਾਲੇ ਵੋਟਰ ਗੱਠਜੋੜ ਵਿੱਚ ਦਰਾਰ ?

CNN/SRSS ਦੇ ਸਰਵੇਖਣ ਮੁਤਾਬਕ 2024 ਵਿੱਚ ਡੋਨਾਲਡ ਟਰੰਪ ਦੀ ਜਿੱਤ ਦਾ ਆਧਾਰ ਬਣਿਆ ਬਹੁ-ਨਸਲੀ ਅਤੇ ਮਜ਼ਦੂਰ ਵਰਗ ਦਾ ਗੱਠਜੋੜ ਹੁਣ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ। ਟੈਕਸਾਸ ਦੀ ਸੈਨੇਟ ਸੀਟ ’ਤੇ ਡੈਮੋਕ੍ਰੇਟਿਕ ਉਮੀਦਵਾਰ ਜੇਮਜ਼ ਟਾਲਾਰਿਕੋ ਨੂੰ ਲੈਟਿਨੋ ਵੋਟਰਾਂ ਵਿੱਚੋਂ 63 ਫ਼ੀਸਦੀ ਅਤੇ ਸਮੁੱਚੇ ਗੈਰ-ਗੋਰੇ ਵੋਟਰਾਂ ਵਿੱਚੋਂ 64 ਫ਼ੀਸਦੀ ਦੀ ਹਮਾਇਤ ਮਿਲਣ ਦਾ ਅਨੁਮਾਨ ਹੈ।

ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵੋਟਰਾਂ ਵਿੱਚੋਂ 22 ਫ਼ੀਸਦੀ ਅਜਿਹੇ ਹਨ, ਜਿਨ੍ਹਾਂ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਨੂੰ ਵੋਟ ਪਾਈ ਸੀ।

* ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਨ ਬਦਲਣ ਦੇ ਸੰਕੇਤ

ਸਰਵੇਖਣਾਂ ਦੇ ਇਹ ਰੁਝਾਨ ਡੈਮੋਕ੍ਰੇਟਿਕ ਪਾਰਟੀ ਲਈ ਉਮੀਦ ਜਗਾਉਂਦੇ ਹਨ, ਪਰ ਚੋਣ ਮਾਹਿਰਾਂ ਦਾ ਮੰਨਣਾ ਹੈ ਕਿ ਅਸਲ ਤਸਵੀਰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਸਾਹਮਣੇ ਆਵੇਗੀ। ਦੂਜੇ ਪਾਸੇ ਰਿਪਬਲਿਕਨ ਪਾਰਟੀ ਲਈ ਆਪਣੇ ਰਵਾਇਤੀ ਵੋਟਰਾਂ ਨੂੰ ਇਕਜੁੱਟ ਰੱਖਣਾ ਅਤੇ ਟਰੰਪ ਦੇ ਪੁਰਾਣੇ ਗੱਠਜੋੜ ਨੂੰ ਬਚਾਉਣਾ ਵੱਡੀ ਚੁਣੌਤੀ ਬਣ ਸਕਦਾ ਹੈ।

#saddatvusa #usa #midtermelections #vots #DonaldTrump

LEAVE A REPLY

Please enter your comment!
Please enter your name here