ਵਾਸ਼ਿੰਗਟਨ – ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਯਮਨ ਵਿੱਚ ਈਰਾਨ-ਸਮਰਥਿਤ ਹੂਥੀ ਅੰਦੋਲਨ ਖ਼ਿਲਾਫ਼ ਅਮਰੀਕੀ ਹਵਾਈ ਹਮਲੇ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ। ਰਿਪੋਰਟ ਮੁਤਾਬਕ ਇਸ ਗੱਲਬਾਤ ਤੋਂ ਬਾਅਦ ਟਰੰਪ ਨੇ ਪੈਂਟਾਗਨ ਨੂੰ ਫੌਜੀ ਕਾਰਵਾਈ ਦੀ ਤਿਆਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ।
ਟਰੰਪ ਪ੍ਰਸ਼ਾਸਨ ਕਰੀਬ ਦੋ ਹਫ਼ਤਿਆਂ ਤੋਂ ਸਾਊਦੀ ਅਰਬ ਦੀ ਫੌਜੀ ਮਦਦ ਦੀ ਮੰਗ ’ਤੇ ਵਿਚਾਰ ਕਰ ਰਿਹਾ ਸੀ। ਇਸ ਦੌਰਾਨ ਹੂਥੀ ਬਲਾਂ ਨੇ ਲਾਲ ਸਾਗਰ ਦੇ ਨੇੜੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਇਲਾਕਿਆਂ ਵਿੱਚ ਆਪਣਾ ਕੰਟਰੋਲ ਵਧਾਇਆ ਅਤੇ ਸਾਊਦੀ ਅਰਬ ਖ਼ਿਲਾਫ਼ ਹਮਲੇ ਤੇਜ਼ ਕੀਤੇ।
ਰਿਪੋਰਟਾਂ ਅਨੁਸਾਰ ਟਰੰਪ ਨੇ ਪਹਿਲਾਂ ਆਪਣੇ ਸਲਾਹਕਾਰਾਂ ਨੂੰ ਕਿਹਾ ਸੀ ਕਿ ਉਹ ਹੂਥੀਆਂ ਖ਼ਿਲਾਫ਼ ਹਵਾਈ ਹਮਲੇ ਕਰਨ ਦੇ ਹੱਕ ਵਿੱਚ ਨਹੀਂ ਹਨ, ਪਰ ਮੁਹੰਮਦ ਬਿਨ ਸਲਮਾਨ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਦਾ ਰੁਖ ਬਦਲਿਆ ਅਤੇ ਪੈਂਟਾਗਨ ਨੂੰ ਹਮਲਿਆਂ ਦੀ ਤਿਆਰੀ ਕਰਨ ਲਈ ਕਿਹਾ ਗਿਆ।
ਅਮਰੀਕੀ ਫੌਜੀ ਕਾਰਵਾਈ ਦੀ ਤਿਆਰੀ ਕਾਫ਼ੀ ਅੱਗੇ ਵਧ ਚੁੱਕੀ ਸੀ। ਰਿਪੋਰਟ ਮੁਤਾਬਕ ਹੂਥੀ ਟਿਕਾਣਿਆਂ ਦੀਆਂ ਸੂਚੀਆਂ ਤਿਆਰ ਸਨ ਅਤੇ ਅਮਰੀਕੀ ਜੰਗੀ ਜਹਾਜ਼ਾਂ ’ਤੇ ਬੰਬ ਲੋਡ ਕੀਤੇ ਜਾ ਰਹੇ ਸਨ। ਹਮਲਾ ਸ਼ੁਰੂ ਹੋਣ ਦੇ ਨੇੜੇ ਸੀ, ਪਰ ਆਖ਼ਰੀ ਪੜਾਅ ’ਤੇ ਹੁਕਮ ਰੋਕ ਦਿੱਤਾ ਗਿਆ।
ਐਤਵਾਰ ਤੱਕ ਟਰੰਪ ਨੇ ਮੁੜ ਆਪਣਾ ਫ਼ੈਸਲਾ ਬਦਲਦਿਆਂ ਫਿਲਹਾਲ ਹੂਥੀਆਂ ’ਤੇ ਅਮਰੀਕੀ ਹਮਲੇ ਨਾ ਕਰਨ ਦਾ ਫ਼ੈਸਲਾ ਕੀਤਾ। ਟਰੰਪ ਨੇ ਇੱਕ ਨਿਊਜ਼ ਨਾਲ ਗੱਲਬਾਤ ਦੌਰਾਨ ਈਰਾਨ ਨਾਲ ਜੁੜੇ ਵਿਆਪਕ ਯੁੱਧ ਬਾਰੇ ਖੁਦ ਨੂੰ “ਫ਼ੈਸਲਾ ਕਰਨ ਦੀ ਸਥਿਤੀ” ਵਿੱਚ ਦੱਸਿਆ।
ਰਿਪੋਰਟ ਮੁਤਾਬਕ ਟਰੰਪ ਦੇ ਅੰਦਰੂਨੀ ਘੇਰੇ ਦੇ ਕਈ ਮੈਂਬਰ ਸਾਊਦੀ ਅਰਬ ਦੀ ਹੂਥੀਆਂ ਖ਼ਿਲਾਫ਼ ਲੜਾਈ ਵਿੱਚ ਅਮਰੀਕਾ ਦੀ ਸਿੱਧੀ ਸ਼ਮੂਲੀਅਤ ਨੂੰ ਲੈ ਕੇ ਸ਼ੱਕੀ ਜਾਂ ਵਿਰੋਧੀ ਹਨ। ਵ੍ਹਾਈਟ ਹਾਊਸ ਵੱਲੋਂ ਟਰੰਪ ਦੇ ਵਿਚਾਰ-ਵਟਾਂਦਰੇ ’ਤੇ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ।
ਹੂਥੀ ਮੁੱਦਾ ਅਮਰੀਕਾ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਵਾਸ਼ਿੰਗਟਨ ਨੂੰ ਈਰਾਨ ਨਾਲ ਵਿਆਪਕ ਟਕਰਾਅ ਵਿੱਚ ਸਾਊਦੀ ਅਰਬ ਦੇ ਸਹਿਯੋਗ ਦੀ ਲੋੜ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਾਊਦੀ ਅਰਬ ਪਹਿਲਾਂ ਅਮਰੀਕੀ ਫੌਜੀ ਯੋਜਨਾਵਾਂ ’ਤੇ ਆਪਣਾ ਪ੍ਰਭਾਵ ਦਿਖਾ ਚੁੱਕਾ ਹੈ।
ਯਮਨ ਵਿੱਚ ਹੂਥੀਆਂ ਅਤੇ ਸਾਊਦੀ-ਸਮਰਥਿਤ ਸਰਕਾਰ ਵਿਚਕਾਰ ਟਕਰਾਅ 2014 ਤੋਂ ਚੱਲ ਰਿਹਾ ਹੈ। 2022 ਵਿੱਚ ਜੰਗਬੰਦੀ ਤੋਂ ਬਾਅਦ ਹਾਲਾਤ ਕੁਝ ਹੱਦ ਤੱਕ ਸ਼ਾਂਤ ਹੋਏ ਸਨ, ਪਰ ਇਸ ਸਾਲ ਮੱਧ-ਪੂਰਬ ਦੇ ਵਿਆਪਕ ਸੰਘਰਸ਼ ਦੌਰਾਨ ਹੂਥੀਆਂ ਦੀਆਂ ਗਤੀਵਿਧੀਆਂ ਮੁੜ ਵਧੀਆਂ। ਰਿਪੋਰਟ ਮੁਤਾਬਕ ਬਾਬ ਅਲ-ਮੰਦਬ ਜਲਡਮਰੂ ਦੇ ਨੇੜੇ ਰਣਨੀਤਕ ਇਲਾਕਿਆਂ ’ਤੇ ਉਨ੍ਹਾਂ ਦੇ ਕਬਜ਼ੇ ਨੇ ਲਾਲ ਸਾਗਰ ਰਾਹੀਂ ਵਿਸ਼ਵ ਵਪਾਰ ਅਤੇ ਊਰਜਾ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।

