ਬੈਰੀ (ਕੈਨੇਡਾ) ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਤ ਇੱਕ 22 ਸਾਲਾ ਨੌਜਵਾਨ ’ਤੇ ਕਥਿਤ ਨਫ਼ਰਤੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਬੈਰੀ ਸ਼ਹਿਰ ਵਿੱਚ ਵਾਪਰੀ ਇਸ ਘਟਨਾ ਦੌਰਾਨ ਤਿੰਨ ਨੌਜਵਾਨਾਂ ’ਤੇ ਸਿੱਖ ਵਿਅਕਤੀ ਦੀ ਪੱਗ ਜ਼ਬਰਦਸਤੀ ਲਾਹੁਣ, ਉਸ ਉੱਤੇ ਬੀਅਰ ਪਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ ਹਨ। ਪੁਲਿਸ ਨੇ ਇਸ ਮਾਮਲੇ ਵਿੱਚ 16, 18 ਅਤੇ 19 ਸਾਲ ਦੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬੈਰੀ ਪੁਲਿਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ, ਇਹ ਘਟਨਾ 8 ਨਵੰਬਰ ਦੀ ਰਾਤ ਕਰੀਬ 8:30 ਵਜੇ ਇੱਕ ਸਿਟੀ ਟ੍ਰਾਂਜ਼ਿਟ ਬੱਸ ਵਿੱਚ ਵਾਪਰੀ। ਤਿੰਨ ਸ਼ੱਕੀ ਯੋਂਗੇ ਸਟ੍ਰੀਟ ’ਤੇ ਬੱਸ ਵਿੱਚ ਸਫ਼ਰ ਕਰ ਰਹੇ 22 ਸਾਲਾ ਨੌਜਵਾਨ ਕੋਲ ਪਹੁੰਚੇ ਅਤੇ ਉਸ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੱਕ ਮੁਲਜ਼ਮ ਨੇ ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਉੱਤੇ ਬੀਅਰ ਪਾ ਦਿੱਤੀ।
ਜਦੋਂ ਪੀੜਤ ਨੇ ਪੁਲਿਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਦਾ ਮੋਬਾਈਲ ਫੋਨ ਖੋਹ ਕੇ ਜ਼ਮੀਨ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਨੌਜਵਾਨ ਨੇ ਬੱਸ ਡਰਾਈਵਰ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ, ਦੋ ਮੁਲਜ਼ਮਾਂ ਨੇ ਉਸ ਨੂੰ ਫੜ ਕੇ ਰੱਖਿਆ, ਜਦਕਿ ਤੀਜੇ ਨੇ ਉਸ ਦੇ ਚਿਹਰੇ ਅਤੇ ਸਰੀਰ ’ਤੇ ਮੁੱਕੇ ਮਾਰੇ। ਬਾਅਦ ਵਿੱਚ ਤਿੰਨੇ ਮੁਲਜ਼ਮ ਬੱਸ ਵਿੱਚੋਂ ਉਤਰ ਕੇ ਨੇੜੇ ਖੜ੍ਹੀ ਇੱਕ ਟੈਕਸੀ ਵਿੱਚ ਫ਼ਰਾਰ ਹੋ ਗਏ।
ਪੁਲਿਸ ਨੇ ਦੱਸਿਆ ਕਿ ਰਾਤ 9 ਵਜੇ ਤੋਂ ਪਹਿਲਾਂ ਸਿਮਕੋਏ ਅਤੇ ਮੁਲਕਾਸਟਰ ਸਟ੍ਰੀਟ ਦੇ ਇਲਾਕੇ ਵਿੱਚ ਟੈਕਸੀ ਦਾ ਪਤਾ ਲਗਾ ਕੇ ਤਿੰਨਾਂ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇੱਕ ਹੋਰ ਵਿਅਕਤੀ ਨਾਲ ਵੀ ਕੀਤੀ ਗਈ ਸੀ ਕੁੱਟਮਾਰ
ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਤਿੰਨਾਂ ਸ਼ੱਕੀਆਂ ’ਤੇ ਇਸ ਘਟਨਾ ਤੋਂ ਪਹਿਲਾਂ ਇੱਕ ਹੋਰ ਵਿਅਕਤੀ ਨਾਲ ਹਿੰਸਾ ਕਰਨ ਅਤੇ ਉਸ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਵੀ ਦੋਸ਼ ਹਨ। ਇਹ ਦੂਜੀ ਘਟਨਾ ਉਸੇ ਦਿਨ ਸ਼ਾਮ ਕਰੀਬ 7:15 ਵਜੇ ਐੱਸਾ ਰੋਡ ਇਲਾਕੇ ਦੀ ਇੱਕ ਬੱਸ ਵਿੱਚ ਵਾਪਰੀ ਸੀ। ਉੱਥੇ 26 ਸਾਲਾ ਵਿਅਕਤੀ ਨੂੰ ਥੱਪੜ ਮਾਰੇ ਗਏ ਅਤੇ ਧੱਕੇ ਦਿੱਤੇ ਗਏ। ਜਦੋਂ ਉਸ ਨੇ ਬੱਸ ਡਰਾਈਵਰ ਤੋਂ ਮਦਦ ਮੰਗੀ ਤਾਂ ਮੁਲਜ਼ਮਾਂ ਨੇ ਉਸ ਨੂੰ ਬੱਸ ਵਿੱਚੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਅਤੇ ਫ਼ਰਾਰ ਹੋ ਗਏ।
ਪੁਲਿਸ ਅਨੁਸਾਰ, ਦੋਵਾਂ ਘਟਨਾਵਾਂ ਵਿੱਚ ਕਿਸੇ ਵੀ ਪੀੜਤ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ।
ਓਨਟਾਰੀਓ ਦੇ ਮੰਤਰੀ ਨੇ ਘਟਨਾ ਦੀ ਕੀਤੀ ਨਿੰਦਾ
ਓਨਟਾਰੀਓ ਦੇ ਨਾਗਰਿਕਤਾ ਅਤੇ ਬਹੁ-ਸਭਿਆਚਾਰਵਾਦ ਮੰਤਰੀ ਗ੍ਰਾਹਮ ਮੈਕਗ੍ਰੇਗਰ ਨੇ ਇਸ ਘਟਨਾ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਸਿੱਖ ਨੌਜਵਾਨ ਨਾਲ ਵਾਪਰੀ ਹਿੰਸਕ ਘਟਨਾ ਬੇਹੱਦ ਪਰੇਸ਼ਾਨ ਕਰਨ ਵਾਲੀ ਹੈ।
ਉਨ੍ਹਾਂ ਕਿਹਾ ਕਿ ਪੱਗ ਸਿੱਖ ਧਰਮ ਦਾ ਇੱਕ ਪਵਿੱਤਰ ਚਿੰਨ੍ਹ ਹੈ ਅਤੇ ਇਸ ਨੂੰ ਨਿਸ਼ਾਨਾ ਬਣਾਉਣਾ ਕਿਸੇ ਵਿਅਕਤੀ ਦੇ ਸਵੈਮਾਣ ਅਤੇ ਧਾਰਮਿਕ ਆਜ਼ਾਦੀ ’ਤੇ ਸਿੱਧਾ ਹਮਲਾ ਹੈ।
ਇਸੇ ਦੌਰਾਨ ਵਰਲਡ ਸਿੱਖ ਆਰਗੇਨਾਈਜ਼ੇਸ਼ਨ (WSO) ਨੇ ਵੀ ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜਥੇਬੰਦੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅਲੱਗ ਮਾਮਲੇ ਸਮਝ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਰੁਝਾਨ ਵੱਲ ਗੰਭੀਰਤਾ ਨਾਲ ਧਿਆਨ ਦੇਣ ਅਤੇ ਦੋਸ਼ੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਲੋੜ ਹੈ, ਤਾਂ ਜੋ ਕੈਨੇਡਾ ਵਿੱਚ ਸਿੱਖ ਭਾਈਚਾਰਾ ਸੁਰੱਖਿਅਤ ਮਹਿਸੂਸ ਕਰ ਸਕੇ।
ਕੈਨੇਡਾ ਵਿੱਚ ਨਫ਼ਰਤੀ ਅਪਰਾਧਾਂ ਦੇ ਅੰਕੜੇ ਵੀ ਚਿੰਤਾਜਨਕ
ਕੈਨੇਡਾ ਸਰਕਾਰ ਵੱਲੋਂ ਮਾਰਚ 2026 ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਸਾਲ 2024 ਦੌਰਾਨ ਦੇਸ਼ ਭਰ ਵਿੱਚ ਪੁਲਿਸ ਵੱਲੋਂ ਨਫ਼ਰਤੀ ਅਪਰਾਧਾਂ ਦੇ ਕੁੱਲ 4,882 ਮਾਮਲੇ ਦਰਜ ਕੀਤੇ ਗਏ ਸਨ। ਇਹ ਗਿਣਤੀ ਸਾਲ 2023 ਦੇ ਮੁਕਾਬਲੇ ਇੱਕ ਫ਼ੀਸਦੀ ਵੱਧ ਸੀ।
ਅੰਕੜਿਆਂ ਅਨੁਸਾਰ, 2022 ਤੋਂ 2023 ਦਰਮਿਆਨ ਨਫ਼ਰਤੀ ਅਪਰਾਧਾਂ ਵਿੱਚ 34 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਸਾਲ 2018 ਦੇ ਮੁਕਾਬਲੇ 2024 ਵਿੱਚ ਅਜਿਹੇ ਅਪਰਾਧਾਂ ਦੀ ਗਿਣਤੀ ਵਿੱਚ 169 ਫ਼ੀਸਦੀ ਦਾ ਵਾਧਾ ਹੋਇਆ ਹੈ।
ਕੈਨੇਡਾ ਵਿੱਚ ਸਿੱਖ ਨੌਜਵਾਨ ਨਾਲ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਧਾਰਮਿਕ ਪਛਾਣ ਅਤੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕਰ ਦਿੱਤੀ ਹੈ।

