ਅਮਰੀਕਾ ਵੱਲੋਂ ਬ੍ਰਾਜ਼ੀਲ ਦੇ ਕੁਝ ਉਤਪਾਦਾਂ ‘ਤੇ 25 ਫੀਸਦੀ ਨਵੇਂ ਟੈਰਿਫ਼ ਲਗਾਉਣ ਦੇ ਫ਼ੈਸਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਹੋਰ ਵੱਧ ਗਿਆ ਹੈ। ਬ੍ਰਾਜ਼ੀਲ ਸਰਕਾਰ ਨੇ ਇਸ ਕਦਮ ਨੂੰ ਗੈਰ-ਵਾਜਬ ਅਤੇ ਰਾਜਨੀਤਿਕ ਮਕਸਦ ਨਾਲ ਚੁੱਕਿਆ ਗਿਆ ਫ਼ੈਸਲਾ ਕਰਾਰ ਦਿੱਤਾ ਹੈ ਅਤੇ ਲੋੜ ਪੈਣ ‘ਤੇ ਅਮਰੀਕੀ ਉਤਪਾਦਾਂ ‘ਤੇ ਜਵਾਬੀ ਟੈਰਿਫ਼ ਲਗਾਉਣ ਦੀ ਚੇਤਾਵਨੀ ਵੀ ਦਿੱਤੀ ਹੈ।
ਅਮਰੀਕਾ ਵੱਲੋਂ ਐਲਾਨੇ ਗਏ ਇਹ ਨਵੇਂ ਟੈਰਿਫ਼ ਅਗਲੇ ਹਫ਼ਤੇ ਤੋਂ ਲਾਗੂ ਹੋਣਗੇ। ਹਾਲਾਂਕਿ ਕੌਫੀ, ਬੀਫ, ਸੰਤਰੇ, ਸੰਤਰੇ ਦਾ ਰਸ ਅਤੇ ਜਹਾਜ਼ਾਂ ਦੇ ਕੁਝ ਪੁਰਜ਼ਿਆਂ ਵਰਗੇ ਉਤਪਾਦਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ ਤਾਂ ਜੋ ਸਪਲਾਈ ਚੇਨ ਪ੍ਰਭਾਵਿਤ ਨਾ ਹੋਵੇ।
ਬ੍ਰਾਜ਼ੀਲ ਦੇ ਉਦਯੋਗ ਮੰਤਰੀ ਮਾਰਸੀਓ ਐਲਿਆਸ ਰੋਜ਼ਾ ਨੇ ਕਿਹਾ ਕਿ ਇਹ ਟੈਰਿਫ਼ ਦੇਸ਼ ਦੇ ਲਗਭਗ 7.4 ਅਰਬ ਡਾਲਰ ਦੇ ਨਿਰਯਾਤ ਨੂੰ ਪ੍ਰਭਾਵਿਤ ਕਰਨਗੇ, ਜੋ ਬ੍ਰਾਜ਼ੀਲ ਦੇ ਕੁੱਲ ਅਮਰੀਕੀ ਨਿਰਯਾਤ ਦਾ ਕਰੀਬ 18 ਫੀਸਦੀ ਬਣਦਾ ਹੈ।
ਵਿਦੇਸ਼ ਮੰਤਰੀ ਮਾਊਰੋ ਵੀਏਰਾ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਬਿਆਨਾਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਲੂਲਾ ਦਾ ਰੁਖ਼ ਕਿਸੇ ਹੰਕਾਰ ਦਾ ਨਹੀਂ, ਸਗੋਂ ਬ੍ਰਾਜ਼ੀਲ ਦੀ ਸੰਪ੍ਰਭੂਤਾ ਅਤੇ ਆਪਣੇ ਉਦਯੋਗਾਂ ‘ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬ੍ਰਾਜ਼ੀਲ ਹਮੇਸ਼ਾਂ ਗੱਲਬਾਤ ਲਈ ਤਿਆਰ ਰਿਹਾ ਹੈ।
ਬ੍ਰਾਜ਼ੀਲ ਸਰਕਾਰ ਨੇ ਸੰਕੇਤ ਦਿੱਤਾ ਹੈ, ਕਿ ਉਹ ਆਪਣੇ ਕਾਨੂੰਨਾਂ ਅਤੇ ਵਿਸ਼ਵ ਵਪਾਰ ਸੰਗਠਨ (WTO) ਦੇ ਵਿਵਾਦ ਨਿਪਟਾਰਾ ਮਕੈਨਿਜ਼ਮ ਰਾਹੀਂ ਵੀ ਅਮਰੀਕੀ ਕਦਮ ਨੂੰ ਚੁਣੌਤੀ ਦੇ ਸਕਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਨੂੰ ਬ੍ਰਾਜ਼ੀਲ ਨਾਲ ਵਪਾਰ ਵਿੱਚ ਘਾਟਾ ਨਹੀਂ, ਸਗੋਂ ਵੱਡਾ ਵਪਾਰਕ ਸਰਪਲੱਸ ਮਿਲਦਾ ਹੈ। ਸਾਲ 2024 ਦੌਰਾਨ ਅਮਰੀਕਾ ਨੇ ਬ੍ਰਾਜ਼ੀਲ ਨਾਲ ਵਪਾਰ ਵਿੱਚ ਕਰੀਬ 42 ਅਰਬ ਡਾਲਰ ਦਾ ਸਰਪਲੱਸ ਦਰਜ ਕੀਤਾ ਸੀ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਟੈਰਿਫ਼ ਸਿਰਫ਼ ਵਪਾਰਕ ਨਹੀਂ, ਸਗੋਂ ਰਾਜਨੀਤਿਕ ਪ੍ਰਭਾਵ ਵੀ ਰੱਖਦੇ ਹਨ। ਬ੍ਰਾਜ਼ੀਲ ਵਿੱਚ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਇਹ ਮੁੱਦਾ ਦੇਸ਼ ਦੀ ਅੰਦਰੂਨੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

