ਅਮਰੀਕੀ ਹਾਊਸ ਨੇ ਸਾਲ ਭਰ ਲਈ Daylight Saving Time ਲਾਗੂ ਕਰਨ ਵਾਲੇ ਬਿੱਲ ਨੂੰ ਦਿੱਤੀ ਮਨਜ਼ੂਰੀ, ਵਾਸ਼ਿੰਗਟਨ ਸੂਬੇ ਲਈ ਵਧੀ ਉਮੀਦ !

0
4

Everett-ਵਾਸ਼ਿੰਗਟਨ-ਅਮਰੀਕਾ ਦੀ ਪ੍ਰਤੀਨਿਧੀ ਸਭਾ (U.S. House of Representatives) ਨੇ ਇੱਕ ਮਹੱਤਵਪੂਰਨ ਬਿੱਲ ਪਾਸ ਕੀਤਾ ਹੈ, ਜਿਸ ਨਾਲ ਦੇਸ਼ ਭਰ ਵਿੱਚ Daylight Saving Time (DST) ਨੂੰ ਸਾਲ ਭਰ ਲਈ ਸਥਾਈ ਬਣਾਉਣ ਦਾ ਰਸਤਾ ਖੁੱਲ ਸਕਦਾ ਹੈ। ਜੇਕਰ ਇਹ ਬਿੱਲ ਸੈਨੇਟ ਤੋਂ ਵੀ ਮਨਜ਼ੂਰ ਹੋ ਜਾਂਦਾ ਹੈ ਅਤੇ ਰਾਸ਼ਟਰਪਤੀ ਦੇ ਦਸਤਖ਼ਤ ਮਿਲ ਜਾਂਦੇ ਹਨ, ਤਾਂ ਹਰ ਸਾਲ ਬਸੰਤ ਅਤੇ ਪਤਝੜ ਵਿੱਚ ਘੜੀਆਂ ਅੱਗੇ-ਪਿੱਛੇ ਕਰਨ ਦੀ ਪ੍ਰਥਾ ਖ਼ਤਮ ਹੋ ਜਾਵੇਗੀ।

ਇਸ ਬਿੱਲ ਦੇ ਪਾਸ ਹੋਣ ਨਾਲ ਵਾਸ਼ਿੰਗਟਨ ਸੂਬੇ ਲਈ ਵੀ ਵੱਡੀ ਉਮੀਦ ਜਾਗੀ ਹੈ। ਵਾਸ਼ਿੰਗਟਨ ਨੇ ਸਾਲ 2019 ਵਿੱਚ ਹੀ ਸਥਾਈ Daylight Saving Time ਨੂੰ ਮਨਜ਼ੂਰੀ ਦੇ ਦਿੱਤੀ ਸੀ, ਪਰ ਮੌਜੂਦਾ ਸੰਘੀ ਕਾਨੂੰਨ ਅਨੁਸਾਰ ਕੋਈ ਵੀ ਸੂਬਾ ਆਪਣੇ ਤੌਰ ‘ਤੇ ਇਹ ਬਦਲਾਅ ਲਾਗੂ ਨਹੀਂ ਕਰ ਸਕਦਾ। ਇਸ ਲਈ ਕਾਂਗਰਸ ਵੱਲੋਂ ਸੰਘੀ ਕਾਨੂੰਨ ਵਿੱਚ ਸੋਧ ਲਾਜ਼ਮੀ ਹੈ।

ਹੁਣ ਇਹ ਬਿੱਲ ਸੈਨੇਟ ਵਿੱਚ ਪੇਸ਼ ਕੀਤਾ ਜਾਵੇਗਾ। ਸਾਲ 2022 ਵਿੱਚ ਵੀ ਇਸ ਤਰ੍ਹਾਂ ਦਾ ਇੱਕ ਬਿੱਲ ਸੈਨੇਟ ਵਿੱਚ ਪਾਸ ਹੋਇਆ ਸੀ, ਪਰ ਉਹ ਹਾਊਸ ਵਿੱਚ ਅੱਗੇ ਨਹੀਂ ਸੀ ਵੱਧ ਸਕਿਆ। ਇਸ ਵਾਰ ਵੀ ਸੈਨੇਟ ਵਿੱਚ ਇਸ ਬਿੱਲ ਨੂੰ ਲੈ ਕੇ ਕੁਝ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਇਸ ਦਾ ਭਵਿੱਖ ਅਜੇ ਅਣਿਸ਼ਚਿਤ ਹੈ।

ਵਾਸ਼ਿੰਗਟਨ ਸਮੇਤ 19 ਅਮਰੀਕੀ ਸੂਬਿਆਂ ਨੇ ਸਥਾਈ Daylight Saving Time ਦੇ ਹੱਕ ਵਿੱਚ ਕਾਨੂੰਨ ਜਾਂ ਪ੍ਰਸਤਾਵ ਪਾਸ ਕੀਤੇ ਹੋਏ ਹਨ, ਪਰ ਇਹ ਸਾਰੇ ਤਦੋਂ ਹੀ ਲਾਗੂ ਹੋ ਸਕਣਗੇ ਜੇਕਰ ਸੰਘੀ ਕਾਨੂੰਨ ਵਿੱਚ ਤਬਦੀਲੀ ਕੀਤੀ ਜਾਂਦੀ ਹੈ। ਇਸ ਸਮੇਂ ਸਿਰਫ਼ ਅਰੀਜ਼ੋਨਾ ਅਤੇ ਹਵਾਈ ਸੂਬੇ ਹੀ ਸਾਲ ਭਰ Standard Time ਦੀ ਪਾਲਣਾ ਕਰਦੇ ਹਨ।

ਵਾਸ਼ਿੰਗਟਨ ਤੋਂ ਡੈਮੋਕ੍ਰੈਟਿਕ ਸੈਨੇਟਰ ਪੈਟੀ ਮਰੇ ਨੇ ਹਾਊਸ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਮਰੀਕੀ ਲੋਕ ਹੁਣ ਸਾਲ ਵਿੱਚ ਦੋ ਵਾਰ ਘੜੀਆਂ ਬਦਲਣ ਦੀ ਪ੍ਰਥਾ ਨੂੰ ਹੁਣ ਖ਼ਤਮ ਹੋਣੀ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਵਿੱਚ ਸਰਦੀਆਂ ਦੌਰਾਨ ਸ਼ਾਮ 4 ਵਜੇ ਤੋਂ ਪਹਿਲਾਂ ਹੀ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ, ਇਸ ਲਈ ਸਥਾਈ Daylight Saving Time ਸੂਬੇ ਦੇ ਲੋਕਾਂ ਲਈ ਵਧੇਰੇ ਲਾਭਦਾਇਕ ਹੋ ਸਕਦਾ ਹੈ।

ਜੇਕਰ ਸੈਨੇਟ ਵੀ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੰਦਾ ਹੈ, ਤਾਂ ਅਮਰੀਕਾ ਵਿੱਚ ਹਰ ਸਾਲ ਘੜੀਆਂ ਅੱਗੇ-ਪਿੱਛੇ ਕਰਨ ਦੀ ਲੰਬੇ ਸਮੇਂ ਤੋਂ ਚੱਲ ਰਹੀ ਪ੍ਰਥਾ ਇਤਿਹਾਸ ਬਣ ਸਕਦੀ ਹੈ।

#everett#Washington#DaylightSavingTime#NewsUpdate#saddatvusa

LEAVE A REPLY

Please enter your comment!
Please enter your name here