ਜਦੋਂ ਵੀ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀ ਗੱਲ ਹੁੰਦੀ ਹੈ, ਤਾਂ ਅਕਸਰ ਨਕਾਰਾਤਮਕ ਤਸਵੀਰ ਹੀ ਸਾਹਮਣੇ ਆਉਂਦੀ ਹੈ, ਪਰ ਇਸ ਦੇਸ਼ ਵਿੱਚ ਕੁਝ ਅਜਿਹੀਆਂ ਥਾਵਾਂ ਵੀ ਹਨ, ਜੋ ਪੂਰੀ ਦੁਨੀਆ ਲਈ ਮਿਸਾਲ ਬਣੀਆਂ ਹੋਈਆਂ ਹਨ। ਅਜਿਹਾ ਹੀ ਇੱਕ ਪਿੰਡ ਹੈ ਰਸੂਲਪੁਰ, ਜਿੱਥੇ ਪਿਛਲੇ ਲਗਭਗ 100 ਸਾਲਾਂ ਤੋਂ ਨਾ ਕੋਈ ਅਪਰਾਧ ਹੋਇਆ ਹੈ ਅਤੇ ਨਾ ਹੀ ਕੋਈ FIR ਦਰਜ ਕੀਤੀ ਗਈ ਹੈ।
ਰਸੂਲਪੁਰ ਪਿੰਡ ਕਿੱਥੇ ਹੈ?
ਰਸੂਲਪੁਰ ਪਾਕਿਸਤਾਨ ਦੇ ਉੱਤਰੀ ਖੇਤਰ ਵਿੱਚ ਸਥਿਤ ਇੱਕ ਛੋਟਾ ਜਿਹਾ ਪਿੰਡ ਹੈ। ਇਹ ਪਿੰਡ ਨਾ ਸਿਰਫ਼ ਪਾਕਿਸਤਾਨ ਲਈ, ਸਗੋਂ ਪੂਰੀ ਦੁਨੀਆ ਲਈ ਇੱਕ ਮਿਸਾਲ ਮੰਨਿਆ ਜਾਂਦਾ ਹੈ। ਇੱਥੇ ਸਾਖਰਤਾ ਦਰ (Literacy Rate) 100 ਫ਼ੀਸਦੀ ਦੱਸੀ ਜਾਂਦੀ ਹੈ ਅਤੇ ਅਪਰਾਧ ਦਰ (Crime Rate) ਲਗਭਗ ਜ਼ੀਰੋ ਹੈ। ਹਰ ਸਾਲ 8 ਸਤੰਬਰ ਨੂੰ ਵਿਸ਼ਵ ਸਾਖਰਤਾ ਦਿਵਸ ਮੌਕੇ ਪਿੰਡ ਵਾਸੀ ਇੱਕ-ਦੂਜੇ ਨੂੰ ਵਧਾਈ ਦਿੰਦੇ ਹਨ ਅਤੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ।
ਪੂਰਾ ਪਿੰਡ ਹੈ ‘ਨੋ-ਸਮੋਕਿੰਗ ਜ਼ੋਨ’
ਰਸੂਲਪੁਰ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਪੂਰਾ ਪਿੰਡ ਨੋ-ਸਮੋਕਿੰਗ ਜ਼ੋਨ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਤੱਕ ਕਿ ਸੈਲਾਨੀ ਵੀ ਇਸ ਨਿਯਮ ਦਾ ਪੂਰਾ ਪਾਲਣ ਕਰਦੇ ਹਨ ! ਲੋਕ ਜਨਤਕ ਥਾਵਾਂ ਦੀ ਸਫ਼ਾਈ ਦਾ ਵੀ ਪੂਰਾ ਧਿਆਨ ਰੱਖਦੇ ਹਨ ਅਤੇ ਸੜਕਾਂ ‘ਤੇ ਗੰਦਗੀ ਨਹੀਂ ਫੈਲਾਉਂਦੇ। ਪਿੰਡ ਦੀ ਆਬਾਦੀ ਲਗਭਗ 2,000 ਤੋਂ 3,000 ਦੇ ਵਿਚਕਾਰ ਹੈ। ਇੱਥੇ ਜ਼ਿਆਦਾਤਰ ਅਹਮਦਾਨੀ ਬਲੋਚ ਭਾਈਚਾਰੇ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਪੂਰਵਜ 1933-34 ਦੌਰਾਨ ਬਲੋਚਿਸਤਾਨ ਤੋਂ ਇੱਥੇ ਆ ਕੇ ਵੱਸੇ ਸਨ।
ਉਸ ਸਮੇਂ ਰੋਜ਼ਗਾਰ ਦੇ ਮੌਕੇ ਘੱਟ ਸਨ, ਇਸ ਲਈ ਲੋਕਾਂ ਨੇ ਸਿੱਖਿਆ ਨੂੰ ਹੀ ਆਪਣੀ ਤਰੱਕੀ ਦਾ ਆਧਾਰ ਬਣਾਇਆ। ਪਿੰਡ ਦੇ ਲੋਕ ਸਦਭਾਵਨਾ ਨਾਲ ਰਹਿੰਦੇ ਹਨ। ਮਾਮੂਲੀ ਗੱਲਾਂ ’ਤੇ ਕੋਈ ਲੜਾਈ ਨਹੀਂ ਹੁੰਦੀ। ਬਜ਼ੁਰਗਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸਲਾਹ ਦੇ ਆਧਾਰ ’ਤੇ ਫੈਸਲੇ ਲਏ ਜਾਂਦੇ ਹਨ। ਇਸ ਲਈ ਪੁਲਸ ਨੂੰ ਕਦੇ ਵੀ ਇੱਥੇ ਆਉਣ ਦੀ ਲੋੜ ਨਹੀਂ ਪੈਂਦੀ।
ਔਰਤਾਂ ਵੀ ਹਨ ਪੂਰੀ ਤਰ੍ਹਾਂ ਪੜ੍ਹੀਆਂ-ਲਿਖੀਆਂ
ਪਿੰਡ ਵਿੱਚ ਦੋ ਹਾਈ ਸਕੂਲ ਅਤੇ ਇੱਕ ਪ੍ਰਾਇਮਰੀ ਸਕੂਲ ਹੈ। ਹਾਈ ਸਕੂਲ ਤੋਂ ਬਾਅਦ ਵਿਦਿਆਰਥੀ ਨੇੜਲੇ ਜਮਾਲਪੁਰ ਟਾਊਨਸ਼ਿਪ ਵਿੱਚ ਕਾਲਜ ਦੀ ਪੜ੍ਹਾਈ ਕਰਦੇ ਹਨ।
ਇੱਥੇ ਦੀਆਂ ਔਰਤਾਂ ਵੀ ਸਿੱਖਿਆ ਪ੍ਰਾਪਤ ਹਨ। ਸਥਾਨਕ ਲੋਕਾਂ ਦੇ ਮੁਤਾਬਕ, ਪਿਛਲੇ ਕਰੀਬ 100 ਸਾਲਾਂ ਵਿੱਚ ਇੱਥੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਇਆ।
ਸਿੱਖਿਆ ਲਈ ਬਣਾਈ ਗਈ ਹੈ ਸੋਸਾਇਟੀ
ਰਸੂਲਪੁਰ ਵਿੱਚ ਬੱਚੇ 4 ਤੋਂ 5 ਸਾਲ ਦੀ ਉਮਰ ਵਿੱਚ ਸਕੂਲ ਜਾਣਾ ਸ਼ੁਰੂ ਕਰ ਦਿੰਦੇ ਹਨ।
ਇੱਥੇ ਰਸੂਲਪੁਰ ਡਿਵੈਲਪਮੈਂਟ ਸੋਸਾਇਟੀ ਵੀ ਕੰਮ ਕਰਦੀ ਹੈ, ਜੋ ਉਹਨਾਂ ਪਰਿਵਾਰਾਂ ਦੀ ਮਦਦ ਲਈ ਦਾਨ ਇਕੱਠਾ ਕਰਦੀ ਹੈ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਨਹੀਂ ਝੱਲ ਸਕਦੇ। ਸੋਸਾਇਟੀ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਕੋਈ ਵੀ ਬੱਚਾ ਆਰਥਿਕ ਤੰਗੀ ਕਾਰਨ ਸਕੂਲ ਨਾ ਛੱਡੇ।
ਇਹ ਪਿੰਡ ਦੁਨੀਆ ਲਈ ਇੱਕ ਉਦਾਹਰਣ ਬਣ ਰਿਹਾ ਹੈ।
#saddatvusa#lehndapunjab#rasoolpurvillage#inspiration#FORWORLDPEACE

