ਵਾਸ਼ਿੰਗਟਨ : ਸੈਨਟ ਵਿੱਚ ਆਰਜ਼ੀ ਫੰਡਿੰਗ ਬਿੱਲ ਪਾਸ ਨਾ ਹੋਣ ਕਾਰਨ ਅਮਰੀਕਾ ਵਿੱਚ ਆਰਥਿਕ ਸੰਕਟ ਡੂੰਘਾ ਹੋ ਗਿਆ ਹੈ। ਦੇਸ਼ ਵਿੱਚ ਆਰਥਿਕ ਤਾਲਾਬੰਦੀ (ਸ਼ਟਡਾਊਨ) ਵਰਗੇ ਹਾਲਾਤ ਬਣ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਨੂੰ ਸੈਨੇਟ ਵਿੱਚ ਅਰਜ਼ੀ ਫੰਡਿੰਗ ਬਿੱਲ ਪਾਸ ਕਰਵਾਉਣ ਲਈ ਘੱਟੋ ਘੱਟ 60 ਵੋਟਾਂ ਦੀ ਲੋੜ ਸੀ। ਪਰ ਉਸ ਨੂੰ ਸਿਰਫ 55 ਵੋਟਾਂ ਹੀ ਮਿਲੀਆਂ !
ਇਸ ਦਾ ਮਤਲਬ ਕਿ ਇਹ ਮਤਾ ਫੇਲ ਹੋ ਗਿਆ ਹੈ ,ਹੁਣ ਸਰਕਾਰ ਕੋਲ ਕੰਮ ਚਲਾਉਣ ਲਈ ਫੰਡ ਨਹੀਂ ਹਨ ਜਿਸ ਕਾਰਨ ਕਈ ਸੰਘੀ ਕੰਮਕਾਜ ਰੁਕ ਸਕਦੇ ਹਨ। ਇਸ ਤਰਾਂ ਅਮਰੀਕਾ ਵਿੱਚ ਇੱਕ ਵਾਰ ਫਿਰ ਬੇਯਕੀਨੀ ਦੇ ਦੌਰ ਵਿੱਚ ਦਾਖਲ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਅਤੇ ਕਾਂਗਰਸ ਬੁੱਧਵਾਰ ਦੀ ਸਮਾਂ ਸੀਮਾ ਤੱਕ ਸਰਕਾਰੀ ਪ੍ਰੋਗਰਾਮ ਅਤੇ ਸੇਵਾਵਾਂ ਜਾਰੀ ਰੱਖਣ ਲਈ ਕਿਸੇ ਸਮਝੌਤੇ ਤੇ ਪਹੁੰਚਣ ਵਿੱਚ ਅਸਫਲ ਰਹੇ ਇਸ ਦੇ ਨਤੀਜੇ ਵਜੋਂ 7 ਲੱਖ 50 ਹਜ਼ਾਰ ਸਰਕਾਰੀ ਮੁਲਾਜ਼ਮਾਂ ਨੂੰ ਬਿਨਾਂ ਤਨਖਾਹਾਂ ਤੋਂ ਛੁੱਟੀ ਤੇ ਭੇਜਿਆ ਜਾ ਸਕਦਾ ਹੈ !
ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਵੀ ਕੱਢ ਸਕਦਾ ਹੈ। ਕਈ ਸਰਕਾਰੀ ਦਫਤਰ ਬੰਦ ਹੋ ਜਾਣਗੇ ! ਅਜਿਹਾ ਇਸ ਲਈ ਕਿਉਂਕਿ ਟਰੰਪ ਨੇ ਬਦਲੇ ਵਜੋਂ ਅਜਿਹੇ ਕੰਮ ਕਰਨ ਦੀ ਧਮਕੀ ਦਿੱਤੀ ਜੋ ਮਾੜੇ ਹੋਣਗੇ ,ਅਤੇ ਜਿਨਾਂ ਨੂੰ ਬਦਲਿਆ ਨਹੀਂ ਜਾ ਸਕੇਗਾ। ਇਸ ਦੌਰਾਨ ਟਰੰਪ ਦਾ ਦੇਸ਼ ਨਿਕਾਲੇ ਦਾ ਏਜੰਡਾ ਪੂਰੀ ਰਫਤਾਰ ਨਾਲ ਚੱਲਦਾ ਰਹੇਗਾ। ਜਦਕਿ ਸਿੱਖਿਆ ਵਾਤਾਵਰਨ ਅਤੇ ਹੋਰ ਜਰੂਰੀ ਸੇਵਾਵਾਂ ਠੱਪ ਹੋ ਜਾਣਗੀਆਂ ! ਇਸ ਦੇ ਮਾੜੇ ਨਤੀਜੇ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲਣਗੇ !
ਟਰੰਪ ਨੇ ਵਾਈਟ ਹਾਊਸ ਵਿੱਚ ਕਿਹਾ ਕਿ ਅਸੀਂ ਸ਼ਟਡਾਊਨ ਨਹੀਂ ਚਾਹੁੰਦੇ ਪਰ ਉਹ ਡੈਮੋਕਰੇਟਸ ਅਤੇ ਰਿਪਬਲੀਕਨਾਂ ਵਿਚਾਲੇ ਕੋਈ ਸਮਝੌਤਾ ਨਹੀਂ ਕਰਵਾ ਸਕੇ ! ਟਰੰਪ ਦੇ ਸ਼ਾਸਨਕਾਲ ਵਿੱਚ ਤੀਜੀ ਵਾਰ ਸੰਘੀ ਫੰਡਿੰਗ ਰੋਕੀ ਗਈ ਹੈ। ਇਸ ਝਗੜੇ ਦਾ ਮੁੱਖ ਕਾਰਨ ਇਹ ਹੈ ਕਿ ਡੈਮੋਕਰੇਟਿਕ ਪਾਰਟੀ ਦੇ ਵੋਟਰ ਰਾਸ਼ਟਰਪਤੀ ਦੇ ਦੂਜੇ ਕਾਰਜਕਾਲ ਦੇ ਏਜੰਡੇ ਨੂੰ ਚੁਣੌਤੀ ਦੇਣ ਲਈ ਕਾਹਲੇ ਹਨ। ਡੈਮੋਕਰੇਟਸ ਅਫੋਰਡੇਬਲ ਕੇਅਰ ਐਕਟ ਤਹਿਤ ਲੱਖਾਂ ਲੋਕਾਂ ਲਈ ਖਤਮ ਹੋ ਰਹੀਆਂ ਸਿਹਤ ਸੰਭਾਲ ਸਬਸਿਡੀਆਂ ਲਈ ਫੰਡਿੰਗ ਦੀ ਮੰਗ ਕਰ ਰਹੇ ਹਨ।
ਦੂਜੇ ਪਾਸੇ ਰਿਪਬਲੀਕਨ ਪਾਰਟੀ ਨੇ ਇਸ ਮੁੱਦੇ ਤੇ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਫਿਲਹਾਲ ਦੋਵਾਂ ਧਿਰਾਂ ਕੋਲ ਇਸ ਸ਼ਟਡਾਊਨ ਨੂੰ ਖਤਮ ਕਰਨ ਦਾ ਕੋਈ ਸਪਸ਼ਟ ਜਾਂ ਸੌਖਾ ਰਸਤਾ ਨਹੀਂ ਹੈ। ਇਸ ਦਾ ਅਸਰ ਸਿਰਫ ਸਿਆਸਤ ਤੇ ਹੀ ਨਹੀਂ ਸਗੋਂ ਉਨਾਂ ਆਮ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ ਤੇ ਵੀ ਪਵੇਗਾ ਜੋ ਸਰਕਾਰੀ ਲਾਭਾਂ ਤਨਖਾਹਾਂ ਅਤੇ ਹੋਰ ਸੇਵਾਵਾਂ ਤੇ ਨਿਰਭਰ ਕਰਦੇ ਹਨ। ਇਸ ਦੌਰਾਨ ਮੈਡੀਕੇਅਰ ਅਤੇ ਮੈਡੀਕੇਡ ਸਿਹਤ ਪ੍ਰੋਗਰਾਮ ਜਾਰੀ ਰਹਿਣ ਦੀ ਉਮੀਦ ਹੈ ਪਰ ਸਟਾਫ ਦੀ ਕਮੀ ਕਾਰਨ ਕੁਝ ਸੇਵਾਵਾਂ ਵਿੱਚ ਦੇਰੀ ਹੋ ਸਕਦੀ ਹੈ। ਰੱਖਿਆ ਵਿਭਾਗ (ਪੈਂਟਾਗਨ) ਅਤੇ (ਹੋਮਲੈਂਡ) ਸਿਕਿਉਰਟੀ ਵਿਭਾਗ ਦੇ ਜ਼ਿਆਦਾਤਰ ਕਰਮਚਾਰੀ ਕੰਮ ਕਰਦੇ ਰਹਿਣਗੇ !ਰਾਸ਼ਟਰੀ ਪਾਰਕ ਤੇ ਅਜਾਇਬ ਘਰ ਕੁਝ ਦਿਨਾਂ ਲਈ ਖੁੱਲੇ ਰਹਿ ਸਕਦੇ ਹਨ। ਪਰ ਸਾਬਕਾ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਘੱਟ ਸਟਾਫ ਨਾਲ ਪਾਰਕਾਂ ਨੂੰ ਖੁੱਲਾ ਰੱਖਣਾ ਜਨਤਾ ਲਈ ਖਤਰਨਾਕ ਹੋ ਸਕਦਾ ਹੈ। ਅਮਰੀਕੀ ਕਾਨੂੰਨ ਮੁਤਾਬਿਕ ਜਦੋਂ ਤੱਕ ਬਜਟ ਜਾਂ ਆਰਜ਼ੀ ਫੰਡਿੰਗ ਬਿੱਲ ਪਾਸ ਨਹੀਂ ਹੁੰਦਾ ਉਦੋਂ ਤੱਕ ਗੈਰ ਜਰੂਰੀ ਸਰਕਾਰੀ ਵਿਭਾਗਾਂ ਅਤੇ ਸੇਵਾਵਾਂ ਨੂੰ ਬੰਦ ਕਰਨਾ ਪੈਂਦਾ ਹੈ ! ਇਸ ਸਥਿਤੀ ਨੂੰ ਸ਼ਟਡਾਊਨ ਕਿਹਾ ਜਾਂਦਾ ਹੈ ਪਿਛਲੇ ਦੋ ਦਹਾਕਿਆਂ ਵਿੱਚ ਇਹ ਅਮਰੀਕਾ ਵਿੱਚ ਇਹ ਪੰਜਵਾਂ ਵੱਡਾ ਸ਼ਟਡਾਊਨ ਹੋ ਸਕਦਾ ਹੈ ! ਇਸ ਤੋਂ ਪਹਿਲਾਂ ਰਿਪਬਲੀਕਨਾਂ ਨੇ ਸਰਕਾਰ ਨੂੰ 21 ਨਵੰਬਰ ਤੱਕ ਚੱਲਦਾ ਰੱਖਣ ਲਈ ਇੱਕ ਥੋੜੇ ਸਮੇਂ ਦਾ ਫੰਡਿੰਗ ਬਿੱਲ ਪੇਸ਼ ਕੀਤਾ ਸੀ। ਹਾਲਾਂਕਿ ਡੈਮੋਕਰੇਟਸ ਦਾ ਕਹਿਣਾ ਹੈ ਕਿ ਇਹ ਕਾਫੀ ਨਹੀਂ ਹੈ !
ਉਹ ਚਾਹੁੰਦੇ ਹਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗਰਮੀਆਂ ਦੇ ਮੈਗਾ ਬਿੱਲ ਚੋਂ ਮੈਡੀਕੇਡ ਦੀਆਂ ਕਟੌਤੀਆਂ ਨੂੰ ਵਾਪਸ ਲਿਆ ਜਾਵੇ ,ਅਤੇ ਅਫੋਰਡੇਬਲ ਕੇਅਰ ਐਕਟ ਦੇ ਮੁੱਖ ਟੈਕਸ ਕ੍ਰੈਡਿਟ ਨੂੰ ਵਧਾਇਆ ਜਾਵੇ। ਰਿਪਬਲਿਕਨਾਂ ਨੇ ਇਸ ਮੰਗ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
#saddatvusa#america#shutdown#Conditions#ripblicans#newsupdate2025#usa#newstoday#DonaldTrump#Democrats