ਸਾਈਪ੍ਰਸ ਦੇ ਉੱਤਰੀ ਤੱਟ ਨੇੜੇ ਐਤਵਾਰ ਨੂੰ ਯਾਤਰੀ ਫੈਰੀ Filo Jet ਦੇ ਪਲਟਣ ਅਤੇ ਸਮੁੰਦਰ ਵਿੱਚ ਡੁੱਬਣ ਤੋਂ ਬਾਅਦ 20 ਲੋਕ ਅਜੇ ਵੀ ਲਾਪਤਾ ਹਨ। ਹਾਦਸੇ ਵਿੱਚ ਹੁਣ ਤੱਕ 8 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਜਹਾਜ਼ ਵਿੱਚ ਸਵਾਰ 267 ਲੋਕਾਂ ਵਿੱਚੋਂ 241 ਨੂੰ ਬਚਾ ਲਿਆ ਗਿਆ ਹੈ।
ਲਾਪਤਾ ਲੋਕਾਂ ਦੀ ਭਾਲ ਲਈ ਤੁਰਕੀ ਨੇ ਡੂੰਘੇ ਸਮੁੰਦਰ ਵਿੱਚ ਖੋਜ ਅਤੇ ਬਚਾਅ ਲਈ ਆਪਣਾ ਵਿਸ਼ੇਸ਼ ਜਹਾਜ਼ TCG Isin ਸਾਈਪ੍ਰਸ ਭੇਜਿਆ ਹੈ। ਇਹ ਜਹਾਜ਼ ਸਮੁੰਦਰ ਦੀ ਲਗਭਗ 3,000 ਮੀਟਰ ਤੱਕ ਦੀ ਡੂੰਘਾਈ ਵਿੱਚ ਖੋਜ ਕਰਨ ਦੇ ਸਮਰੱਥ ਹੈ। ਫੈਰੀ ਕਰੀਬ 514 ਮੀਟਰ ਦੀ ਡੂੰਘਾਈ ਵਿੱਚ ਸਮੁੰਦਰੀ ਤਲ ’ਤੇ ਪਈ ਹੋਈ ਹੈ।
ਅਧਿਕਾਰੀਆਂ ਮੁਤਾਬਕ ਜਹਾਜ਼ ਦਾ ਬਲੈਕ ਬਾਕਸ/ਵੋਏਜ ਡਾਟਾ ਰਿਕਾਰਡਰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਅਹਿਮ ਸਾਬਤ ਹੋ ਸਕਦਾ ਹੈ। ਇਸ ਦੌਰਾਨ ਫੈਰੀ ਦੇ ਕਪਤਾਨ ਅਤੇ 7 ਕਰੂ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕੁਝ ਯਾਤਰੀਆਂ ਨੇ ਦੋਸ਼ ਲਗਾਇਆ ਹੈ ਕਿ ਜਹਾਜ਼ ਵਿੱਚ ਪਾਣੀ ਭਰਨ ਤੋਂ ਬਾਅਦ ਵਾਪਸ ਬੰਦਰਗਾਹ ਜਾਣ ਦੀਆਂ ਅਪੀਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਦੂਜੇ ਪਾਸੇ, ਕਰੂ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਖਰਾਬ ਸਮੁੰਦਰੀ ਹਾਲਾਤਾਂ ਕਾਰਨ ਫੈਰੀ ਦੇ ਅੱਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ।
ਰਾਹਤ ਅਤੇ ਬਚਾਅ ਕਾਰਜ 24 ਘੰਟੇ ਜਾਰੀ ਹਨ। ਹਾਲਾਂਕਿ ਅਧਿਕਾਰੀਆਂ ਮੁਤਾਬਕ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਸਮੁੰਦਰ ਵਿੱਚੋਂ ਬਚੇ ਹੋਏ ਲੋਕਾਂ ਦੇ ਮਿਲਣ ਦੀ ਉਮੀਦ ਬਹੁਤ ਘੱਟ ਰਹਿ ਗਈ ਹੈ।

