ਮੱਧ ਪੂਰਬ ਵਿੱਚ ਜੰਗੀ ਤਣਾਅ ਘਟਾਉਣ ਅਤੇ ਕੂਟਨੀਤਕ ਗੱਲਬਾਤ ਅੱਗੇ ਵਧਣ ਦੀਆਂ ਉਮੀਦਾਂ ਦਰਮਿਆਨ ਮੰਗਲਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ ਵਿੱਚ ਡਿੱਗ ਗਈਆਂ। ਕੌਮਾਂਤਰੀ ਬੈਂਚਮਾਰਕ ਬ੍ਰੈਂਟ ਕਰੂਡ ਦੀ ਕੀਮਤ 1.7 ਫ਼ੀਸਦੀ ਘਟ ਕੇ 113.88 ਡਾਲਰ ਪ੍ਰਤੀ ਬੈਰਲ ਰਹਿ ਗਈ, ਜਦਕਿ ਅਮਰੀਕੀ ਵੈਸਟ ਟੈਕਸਸ ਇੰਟਰਮੀਡੀਏਟ (WTI) ਦੀ ਕੀਮਤ 1.8 ਫ਼ੀਸਦੀ ਡਿੱਗ ਕੇ 99.90 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਈ।
ਇਰਾਨ ਦੇ ਸੁਪਰੀਮ ਲੀਡਰ ਮੋਜਤਬਾ ਖ਼ਾਮੇਨੇਈ ਨੇ ਦੇਸ਼ ਦੇ ਸੀਨੀਅਰ ਸੁਰੱਖਿਆ ਅਧਿਕਾਰੀ ਮੋਹਸਨ ਰਜ਼ਾਈ ਨਾਲ ਮੁਲਾਕਾਤ ਕਰਕੇ ਅਮਰੀਕਾ ਨਾਲ ਜੰਗ ਖ਼ਤਮ ਕਰਨ ਲਈ ਇਰਾਨ ਦੀਆਂ ਸ਼ਰਤਾਂ ਬਾਰੇ ਚਰਚਾ ਕੀਤੀ। ਖ਼ਾਮੇਨੇਈ ਨੇ ਕਿਹਾ ਕਿ ਮੌਜੂਦਾ ‘ਨਾ ਜੰਗ, ਨਾ ਅਮਨ’ ਵਾਲੀ ਸਥਿਤੀ ਨੂੰ ਖ਼ਤਮ ਕਰਨ ਦੀ ਲੋੜ ਹੈ। ਇਸ ਦੌਰਾਨ ਹੋਰਮੁਜ਼ ਜਲਡਮਰੂਮੱਧ ’ਤੇ ਕੰਟਰੋਲ ਕਾਇਮ ਰੱਖਣ ਰਾਹੀਂ ਕੌਮੀ ਅਤੇ ਖੇਤਰੀ ਸੁਰੱਖਿਆ ਯਕੀਨੀ ਬਣਾਉਣ ਦੇ ਮੁੱਦੇ ’ਤੇ ਵੀ ਵਿਚਾਰ ਹੋਇਆ।
ਇਸੇ ਦੌਰਾਨ, ਸਾਊਦੀ ਅਰਬ ਦੇ ਰੱਖਿਆ ਮੰਤਰੀ ਅਤੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵਿਚਕਾਰ ਸੋਮਵਾਰ ਨੂੰ ਤਹਿਰਾਨ ਵਿੱਚ ਸਿੱਧੀ ਗੱਲਬਾਤ ਹੋਈ। ਇਸ ਮੀਟਿੰਗ ਵਿੱਚ ਪਾਕਿਸਤਾਨ ਅਤੇ ਤੁਰਕੀ ਦੇ ਸੀਨੀਅਰ ਫ਼ੌਜੀ ਤੇ ਖ਼ੁਫ਼ੀਆ ਅਧਿਕਾਰੀ ਵੀ ਸ਼ਾਮਲ ਹੋਏ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ ਕਿ ਇਹ ਗੱਲਬਾਤ ਖੇਤਰੀ ਸੁਰੱਖਿਆ ਸਹਿਯੋਗ ਵੱਲ ਇੱਕ ਕਦਮ ਹੈ ਅਤੇ ਭਵਿੱਖ ਵਿੱਚ ਹੋਰ ਵਿਚਾਰ-ਵਟਾਂਦਰਾ ਵੀ ਹੋ ਸਕਦਾ ਹੈ।
ਹਾਲਾਂਕਿ, ਸਾਊਦੀ ਅਰਬ ਨੂੰ ਇਰਾਨ-ਸਮਰਥਿਤ ਹੂਤੀ ਬਾਗ਼ੀਆਂ ਦੇ ਲਗਾਤਾਰ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੂਤੀ ਲੜਾਕਿਆਂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਊਰਜਾ ਢਾਂਚੇ ਅਤੇ ਹਵਾਈ ਅੱਡਿਆਂ ਵਰਗੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਹਮਲਿਆਂ ਨਾਲ ਸਾਊਦੀ ਅਰਬ ਦੇ ਤੇਲ ਨਿਰਯਾਤ ਵਿੱਚ ਵਿਘਨ ਪੈਣ ਦਾ ਖ਼ਤਰਾ ਵਧ ਗਿਆ ਹੈ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਫੌਕਸ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਇਰਾਨ ਨਾਲ ਸਮਝੌਤਾ ਕਰਨ ਜਾਂ ਫ਼ੌਜੀ ਕਾਰਵਾਈਆਂ ਤੇਜ਼ ਕਰਨ ਬਾਰੇ ਫ਼ੈਸਲੇ ਦੇ ਨੇੜੇ ਹਨ। ਇਸ ਬਿਆਨ ਤੋਂ ਸਪੱਸ਼ਟ ਹੈ ਕਿ ਗੱਲਬਾਤ ਦੇ ਨਾਲ-ਨਾਲ ਹੋਰ ਫ਼ੌਜੀ ਹਮਲਿਆਂ ਦੀ ਸੰਭਾਵਨਾ ਵੀ ਬਣੀ ਹੋਈ ਹੈ।
ਯੂਬੀਐੱਸ ਦੇ ਵਿਸ਼ਲੇਸ਼ਕ ਜਿਓਵਾਨੀ ਸਟਾਉਨੋਵੋ ਅਨੁਸਾਰ, ਸਾਲ ਦੇ ਅੰਤ ਤੱਕ ਬ੍ਰੈਂਟ ਕਰੂਡ ਦੀ ਕੀਮਤ ਲਗਭਗ 110 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਮੱਧ ਪੂਰਬ ਤੋਂ ਤੇਲ ਦੀ ਸਪਲਾਈ ਵਿੱਚ ਸੁਧਾਰ ਹੋਣ ਦੇ ਬਾਵਜੂਦ ਬਾਜ਼ਾਰ ਹਾਲੇ ਆਮ ਹਾਲਾਤਾਂ ਵਿੱਚ ਨਹੀਂ ਪਰਤਿਆ।
ਹੋਰਮੁਜ਼ ਜਲਡਮਰੂਮੱਧ ਵਿੱਚ ਜਹਾਜ਼ਾਂ ’ਤੇ ਹਮਲਿਆਂ ਦਾ ਖ਼ਤਰਾ ਬਰਕਰਾਰ ਹੈ। ਇਸ ਕਾਰਨ ਜਹਾਜ਼ਾਂ ਦਾ ਬੀਮਾ ਅਤੇ ਮਾਲ ਢੋਆ-ਢੁਆਈ ਮਹਿੰਗੀ ਹੋ ਗਈ ਹੈ। ਇਸ ਤੋਂ ਇਲਾਵਾ, ਤੇਲ ਦੇ ਟੈਂਕਰਾਂ ਨੂੰ ਜਲਡਮਰੂਮੱਧ ਪਾਰ ਕਰਨ ਲਈ ਇੱਕ ਜਹਾਜ਼ ਤੋਂ ਦੂਜੇ ਜਹਾਜ਼ ਵਿੱਚ ਤੇਲ ਤਬਦੀਲ ਕਰਨ ਦੀ ਵਧਦੀ ਲੋੜ ਕਾਰਨ ਵੀ ਸਮੁੰਦਰੀ ਆਵਾਜਾਈ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ।
ਵਿਸ਼ਲੇਸ਼ਕ ਮੁਤਾਬਕ, ਫਰਵਰੀ ਤੋਂ ਹੁਣ ਤੱਕ ਦੁਨੀਆ ਦੇ ਤੇਲ ਭੰਡਾਰਾਂ ਵਿੱਚ ਲਗਭਗ 50 ਕਰੋੜ ਬੈਰਲ ਦੀ ਕਮੀ ਆ ਚੁੱਕੀ ਹੈ। ਸਰਕਾਰਾਂ ਵੱਲੋਂ ਰਣਨੀਤਕ ਤੇਲ ਭੰਡਾਰਾਂ ਵਿੱਚੋਂ ਤੇਲ ਜਾਰੀ ਕਰਨ ਦੀ ਪ੍ਰਕਿਰਿਆ ਵੀ ਵੱਡੇ ਪੱਧਰ ’ਤੇ ਮੁੱਕ ਚੁੱਕੀ ਹੈ। ਜੇਕਰ ਖੇਤਰ ਵਿੱਚ ਸੁਰੱਖਿਆ ਹਾਲਾਤ ਨਾ ਸੁਧਰੇ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਵਪਾਰਕ ਤੇਲ ਭੰਡਾਰ ਹੋਰ ਤੇਜ਼ੀ ਨਾਲ ਘਟ ਸਕਦੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਜੰਗ ਖ਼ਤਮ ਹੋਣ ਤੋਂ ਬਾਅਦ ਵੀ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਰਹਿ ਸਕਦੀਆਂ ਹਨ, ਕਿਉਂਕਿ ਦੁਨੀਆ ਦੇ ਘਟੇ ਹੋਏ ਤੇਲ ਭੰਡਾਰਾਂ ਨੂੰ ਮੁੜ ਭਰਨ ਵਿੱਚ ਕਾਫ਼ੀ ਸਮਾਂ ਲੱਗੇਗਾ।

