ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ’ਚ ਪੱਥਰਬਾਜ਼ੀ, 3 ਗ੍ਰਿਫ਼ਤਾਰ; 2 ਮੁਲਜ਼ਮਾਂ ਦੀ ਭਾਲ ਜਾਰੀ !

0
9

ਲੁਧਿਆਣਾ, 8 ਅਕਤੂਬਰ – ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਦੇ ਪਰਿਸਰ ਵਿੱਚ ਪੱਥਰਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਲੰਗਰ ਹਾਲ ਵਿੱਚ ਹੱਥ ਧੋਣ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਗੁਰਦੁਆਰਾ ਪ੍ਰਬੰਧਕ ਹਰਦੀਪ ਸਿੰਘ ਦੇ ਮੁਤਾਬਕ ਕੁਝ ਵਿਅਕਤੀ ਪਖਾਨੇ ਤੋਂ ਆਉਣ ਮਗਰੋਂ ਬਿਨਾਂ ਹੱਥ ਧੋਏ ਲੰਗਰ ਹਾਲ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਸੇਵਾਦਾਰ ਵੱਲੋਂ ਉਨ੍ਹਾਂ ਨੂੰ ਪਹਿਲਾਂ ਹੱਥ ਧੋਣ ਲਈ ਕਿਹਾ ਗਿਆ, ਜਿਸ ਕਾਰਨ ਕਥਿਤ ਤੌਰ ’ਤੇ ਤਕਰਾਰ ਹੋ ਗਈ। ਬਾਅਦ ਵਿੱਚ ਉਨ੍ਹਾਂ ਵਿਅਕਤੀਆਂ ਨੇ ਹੱਥ ਧੋ ਕੇ ਲੰਗਰ ਛਕਿਆ ਅਤੇ ਉੱਥੋਂ ਚਲੇ ਗਏ।

ਪ੍ਰਬੰਧਕਾਂ ਅਨੁਸਾਰ ਕੁਝ ਸਮੇਂ ਬਾਅਦ ਨੇੜਲੇ ਇੱਕ ਖਾਲੀ ਪਲਾਟ ਵੱਲੋਂ ਗੁਰਦੁਆਰਾ ਸਾਹਿਬ ਦੇ ਪਰਿਸਰ ਵਿੱਚ ਪੱਥਰ ਸੁੱਟੇ ਗਏ। ਘਟਨਾ ਸਮੇਂ ਲੰਗਰ ਹਾਲ ਦੇ ਨੇੜੇ ਬਰਤਨਾਂ ਦੀ ਸੇਵਾ ਕਰ ਰਹੀਆਂ ਕੁਝ ਔਰਤਾਂ ਵੀ ਮੌਜੂਦ ਸਨ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

ਥਾਣਾ ਡੇਹਲੋਂ ਦੇ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜੀਆ ਲਾਲ ਸਦਾ, ਰਾਜ ਕੁਮਾਰ ਅਤੇ ਬਲੀ ਰਾਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਥੇ ਹੀ ਪ੍ਰਦੀਪ ਕੁਮਾਰ ਅਤੇ ਮਨੀਸ਼ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਨੇ ਗੁਰਦੁਆਰਾ ਪ੍ਰਬੰਧਕ ਦੀ ਸ਼ਿਕਾਇਤ ਦੇ ਆਧਾਰ ’ਤੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਅਤੇ ਪੱਥਰਬਾਜ਼ੀ ਵਿੱਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

#GurdwaraManjiSahib#aalamgirsahib#ludhiana#parvasi#Incident#saddatvusa

LEAVE A REPLY

Please enter your comment!
Please enter your name here