ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੱਧਕਾਲੀ ਚੋਣਾਂ ਤੋਂ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ। ਓਬਾਮਾ ਨੇ ਓਹਾਇਓ ਅਤੇ ਮਿਸ਼ੀਗਨ ਵਿੱਚ ਰੈਲੀਆਂ ਦੌਰਾਨ ਈਰਾਨ ਨਾਲ ਜੰਗ, ਵਧਦੀਆਂ ਕੀਮਤਾਂ ਅਤੇ ਵ੍ਹਾਈਟ ਹਾਊਸ ਦੇ ਕੰਮਕਾਜ ਨੂੰ ਲੈ ਕੇ ਟਰੰਪ ’ਤੇ ਨਿਸ਼ਾਨਾ ਸਾਧਿਆ।
ਓਬਾਮਾ ਨੇ ਈਰਾਨ ਜੰਗ ਬਾਰੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਲਈ ਸਮਝੌਤਾ ਕੀਤਾ ਗਿਆ ਸੀ ਅਤੇ ਇਸ ਲਈ ਇੱਕ ਵੀ ਮਿਜ਼ਾਈਲ ਦਾਗਣ ਦੀ ਲੋੜ ਨਹੀਂ ਪਈ। ਉਨ੍ਹਾਂ ਟਰੰਪ ਨੂੰ ਸਵਾਲ ਕੀਤਾ ਕਿ ਸੱਤ ਮਹੀਨੇ ਬਾਅਦ ਵੀ ਜੰਗ ਦਾ ਨਤੀਜਾ ਕੀ ਨਿਕਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਈਰਾਨ ਨੂੰ ਹੋਰਮੁਜ਼ ਜਲਡਮਰੂ ’ਤੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਮਿਲ ਗਈ ਹੈ।
ਓਬਾਮਾ ਨੇ ਮਹਿੰਗਾਈ ਦੇ ਮੁੱਦੇ ’ਤੇ ਵੀ ਟਰੰਪ ਨੂੰ ਘੇਰਦਿਆਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਮੌਜੂਦਾ ਸਰਕਾਰ ਦੀਆਂ ਨੀਤੀਆਂ ’ਤੇ ਕਾਬੂ ਪਾਉਣ ਦਾ ਅਹਿਮ ਮੌਕਾ ਹਨ। ਇਸ ਦੇ ਨਾਲ ਹੀ ਉਨ੍ਹਾਂ ਟਰੰਪ ਵੱਲੋਂ ਵ੍ਹਾਈਟ ਹਾਊਸ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਅਤੇ ਵੱਧ ਸੋਨੇ ਦੀ ਸਜਾਵਟ ਦਾ ਮਜ਼ਾਕ ਵੀ ਉਡਾਇਆ।
ਦੂਜੇ ਪਾਸੇ, ਟਰੰਪ ਨੇ ਆਪਣੀਆਂ ਆਰਥਿਕ, ਇਮੀਗ੍ਰੇਸ਼ਨ ਅਤੇ ਟੈਰਿਫ ਨੀਤੀਆਂ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਮਜ਼ਬੂਤ ਹੋ ਰਿਹਾ ਹੈ ਅਤੇ ਤੇਲ ਦੀਆਂ ਕੀਮਤਾਂ ਘਟਣ ਦੀ ਉਮੀਦ ਹੈ। ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ’ਤੇ ਵੀ ਹਮਲੇ ਕੀਤੇ ਅਤੇ ਓਬਾਮਾ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਅਯੋਗ ਸਾਬਕਾ ਰਾਸ਼ਟਰਪਤੀ ਕਿਹਾ।
ਅਮਰੀਕਾ ਵਿੱਚ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਇਹ ਤੈਅ ਕਰਨਗੀਆਂ ਕਿ ਕਾਂਗਰਸ ਦੇ ਦੋਵਾਂ ਸਦਨਾਂ ’ਤੇ ਕਿਸ ਪਾਰਟੀ ਦਾ ਕਬਜ਼ਾ ਹੋਵੇਗਾ। ਇਨ੍ਹਾਂ ਚੋਣਾਂ ਨੂੰ ਟਰੰਪ ਦੀਆਂ ਨੀਤੀਆਂ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਸਿਆਸੀ ਤਾਕਤ ਲਈ ਅਹਿਮ ਮੰਨਿਆ ਜਾ ਰਿਹਾ ਹੈ।

