ਐਲੋਨ ਮਸਕ ਦਾ ਮੁਕੇਸ਼ ਅੰਬਾਨੀ ’ਤੇ ਤਿੱਖਾ ਹਮਲਾ, ਪੁੱਛਿਆ—ਕੀ ਅੰਬਾਨੀ ਹੀ ਭਾਰਤ ਦੇ ਅਸਲ ਬੌਸ ਹਨ ?

0
8

ਦੁਨੀਆ ਦੇ ਪ੍ਰਮੁੱਖ ਅਰਬਪਤੀ ਅਤੇ ਸਪੇਸਐਕਸ ਦੇ ਸੰਸਥਾਪਕ ਐਲੋਨ ਮਸਕ ਨੇ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ’ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਭਾਰਤ ਵਿੱਚ ਆਪਣੀ ਸੈਟੇਲਾਈਟ ਇੰਟਰਨੈੱਟ ਸੇਵਾ ਸਟਾਰਲਿੰਕ ਦੀ ਸ਼ੁਰੂਆਤ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਮਸਕ ਨੇ ਸਵਾਲ ਉਠਾਇਆ ਕਿ ਕੀ ਮੁਕੇਸ਼ ਅੰਬਾਨੀ ਹੀ ਭਾਰਤ ਦੇ ਅਸਲ ਬੌਸ ਹਨ? ਇਸ ਬਿਆਨ ਤੋਂ ਬਾਅਦ ਭਾਰਤ ਵਿੱਚ ਸਿਆਸੀ ਅਤੇ ਕਾਰੋਬਾਰੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।

ਮਸਕ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਕੰਪਨੀ ਪਿਛਲੇ ਪੰਜ ਸਾਲਾਂ ਤੋਂ ਭਾਰਤ ਸਰਕਾਰ ਦੇ ਕਾਨੂੰਨਾਂ ਅਤੇ ਸਾਰੀਆਂ ਸ਼ਰਤਾਂ ਦੀ ਪਾਲਣਾ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਸਟਾਰਲਿੰਕ ਨੂੰ ਆਪਣੀ ਸੇਵਾ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਮਿਲ ਰਹੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਭਾਰਤ ਵਿੱਚ ਕੁਝ ਤਾਕਤਵਰ ਕਾਰੋਬਾਰੀਆਂ ’ਤੇ ਇੰਟਰਨੈੱਟ ਬਾਜ਼ਾਰ ’ਤੇ ਏਕਾਧਿਕਾਰ ਕਾਇਮ ਰੱਖਣ ਦੇ ਦੋਸ਼ ਲਗਾਏ ਸਨ।

ਇਸ ਮਾਮਲੇ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਮਸਕ ਨੂੰ ਕਿਹਾ ਕਿ ਦੂਜੇ ਕਾਰੋਬਾਰੀ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਹੋਰ ਵੀ ਬਹੁਤ ਕੁਝ ਪਤਾ ਲੱਗੇਗਾ। ਇਸ ਨੂੰ ਭਾਰਤ ਦੇ ਅਮੀਰ ਉਦਯੋਗਪਤੀ ਗੌਤਮ ਅਡਾਨੀ ਵੱਲ ਇਸ਼ਾਰਾ ਮੰਨਿਆ ਜਾ ਰਿਹਾ ਹੈ। ਮਸਕ ਨੇ ਰਾਹੁਲ ਗਾਂਧੀ ਦੀ ਗੱਲ ਦੇ ਜਵਾਬ ਵਿੱਚ ਕਿਹਾ ਕਿ ਇਹ ਸੱਚਮੁੱਚ ਚਿੰਤਾਜਨਕ ਹੈ।

ਦੱਸਣਯੋਗ ਹੈ ਕਿ ਮੁਕੇਸ਼ ਅੰਬਾਨੀ ਦੀ ਜੀਓ ਭਾਰਤ ਦੀਆਂ ਸਭ ਤੋਂ ਵੱਡੀਆਂ ਦੂਰਸੰਚਾਰ ਅਤੇ ਇੰਟਰਨੈੱਟ ਸੇਵਾ ਕੰਪਨੀਆਂ ਵਿੱਚੋਂ ਇੱਕ ਹੈ। ਜੀਓ ਅਤੇ ਏਅਰਟੈੱਲ ਮਿਲ ਕੇ ਭਾਰਤੀ ਦੂਰਸੰਚਾਰ ਬਾਜ਼ਾਰ ਦੇ ਲਗਭਗ 80 ਫ਼ੀਸਦੀ ਹਿੱਸੇ ’ਤੇ ਕਬਜ਼ਾ ਰੱਖਦੀਆਂ ਹਨ।

ਸਟਾਰਲਿੰਕ ਦੀ ਲਾਂਚਿੰਗ ਵਿੱਚ ਦੇਰੀ ਕਿਉਂ?

ਮਾਰਚ 2025 ਵਿੱਚ ਸਟਾਰਲਿੰਕ ਨੇ ਭਾਰਤ ਵਿੱਚ ਆਪਣੀਆਂ ਸੇਵਾਵਾਂ ਦੀ ਮਾਰਕੀਟਿੰਗ ਅਤੇ ਵਿਕਰੀ ਦੇ ਮੌਕੇ ਤਲਾਸ਼ਣ ਲਈ ਜੀਓ ਪਲੇਟਫਾਰਮਜ਼ ਅਤੇ ਏਅਰਟੈੱਲ ਨਾਲ ਸਮਝੌਤੇ ਕੀਤੇ ਸਨ। ਇਸ ਤੋਂ ਬਾਅਦ ਜੁਲਾਈ 2025 ਵਿੱਚ ਸਟਾਰਲਿੰਕ ਨੂੰ ਭਾਰਤ ਵਿੱਚ ਸੈਟੇਲਾਈਟ ਇੰਟਰਨੈੱਟ ਸੇਵਾ ਸ਼ੁਰੂ ਕਰਨ ਲਈ ਲਾਇਸੈਂਸ ਵੀ ਮਿਲ ਗਿਆ ਸੀ।

ਹਾਲਾਂਕਿ, ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਕਾਰਨ ਸੇਵਾ ਦੀ ਸ਼ੁਰੂਆਤ ਅਜੇ ਤੱਕ ਅੱਗੇ ਨਹੀਂ ਵਧ ਸਕੀ। ਇਸ ਦੌਰਾਨ ਜੀਓ ਵੀ ਆਪਣੇ ਸੈਟੇਲਾਈਟ ਨੈੱਟਵਰਕ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਲਗਭਗ 1,600 ਲੋਅ ਅਰਥ ਆਰਬਿਟ (LEO) ਸੈਟੇਲਾਈਟਾਂ ਅਤੇ 23 ਗਰਾਊਂਡ ਸਟੇਸ਼ਨਾਂ ਦਾ ਨੈੱਟਵਰਕ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ।

ਦੂਜੇ ਪਾਸੇ, ਸਟਾਰਲਿੰਕ ਦੇ ਲਗਭਗ 11,000 ਸੈਟੇਲਾਈਟ ਪੁਲਾੜ ਵਿੱਚ ਹਨ ਅਤੇ ਕੰਪਨੀ 170 ਤੋਂ ਵੱਧ ਦੇਸ਼ਾਂ ਤੇ ਖੇਤਰਾਂ ਵਿੱਚ ਸੇਵਾਵਾਂ ਦਿੰਦੀ ਹੈ। ਜੀਓ ਦੇ ਪ੍ਰਬੰਧ ਨਿਰਦੇਸ਼ਕ ਆਕਾਸ਼ ਅੰਬਾਨੀ ਨੇ ਵੀ ਕਿਹਾ ਹੈ ਕਿ ਭਾਰਤ ਨੂੰ ਆਪਣੀਆਂ ਤਕਨੀਕਾਂ ਅਤੇ ਤਕਨੀਕੀ ਢਾਂਚੇ ਨੂੰ ਵਿਕਸਤ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ।

ਸਟਾਰਲਿੰਕ ਤੋਂ ਇਲਾਵਾ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਵੀ ਭਾਰਤ ਵਿੱਚ ਉਮੀਦ ਮੁਤਾਬਕ ਹੁੰਗਾਰਾ ਨਹੀਂ ਮਿਲਿਆ। ਰਿਪੋਰਟ ਮੁਤਾਬਕ, ਭਾਰਤ ਵਿੱਚ ਲਾਂਚਿੰਗ ਤੋਂ ਬਾਅਦ ਕੰਪਨੀ ਦੀਆਂ ਕਾਰਾਂ ਦੀ ਵਿਕਰੀ 1,000 ਦਾ ਅੰਕੜਾ ਥੋੜ੍ਹਾ ਜਿਹਾ ਪਾਰ ਕਰ ਸਕੀ ਹੈ।

ਹੁਣ ਸਭ ਦੀ ਨਜ਼ਰ ਇਸ ਗੱਲ ’ਤੇ ਹੈ ਕਿ ਸਟਾਰਲਿੰਕ ਨੂੰ ਭਾਰਤ ਵਿੱਚ ਸੇਵਾਵਾਂ ਸ਼ੁਰੂ ਕਰਨ ਦੀ ਅੰਤਿਮ ਮਨਜ਼ੂਰੀ ਕਦੋਂ ਮਿਲਦੀ ਹੈ ਅਤੇ ਮਸਕ ਤੇ ਭਾਰਤੀ ਟੈਲੀਕਾਮ ਕੰਪਨੀਆਂ ਵਿਚਾਲੇ ਇਹ ਵਿਵਾਦ ਅੱਗੇ ਕੀ ਮੋੜ ਲੈਂਦਾ ਹੈ।

#Starlink#INTERNET#IndiaLaunch#matters#elonmusknews#mukeshambani#RahulGandhi#saddatvusa

LEAVE A REPLY

Please enter your comment!
Please enter your name here