ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਈਰਾਨ ਨੂੰ ਧਮਕੀ ਦਿੱਤੀ ਹੈ, ਕਿ ਜੇਕਰ ਉਸਨੇ ਹੋਰਮੁਜ਼ ਜਲ-ਮਾਰਗ ਨੂੰ ਦੁਬਾਰਾ ਨਾ ਖੋਲਿਆਂ ਤਾਂ, ਉਸ ਵਿਰੁੱਧ ਹੋਰ ਬੰਬਾਰੀ ਕੀਤੀ ਜਾਵੇਗੀ !
ਟਰੰਪ ਦੀ ਇਹ ਧਮਕੀ ਉਹਨਾਂ ਰਿਪੋਰਟਾਂ ਤੋਂ ਬਾਅਦ ਸਾਹਮਣੇ ਆਈ ਹੈ, ਜਿਹਨਾਂ ਵਿੱਚ ਕਿਹਾ ਜਾ ਰਿਹਾ ਸੀ, ਕਿ ਜੰਗ ਨੂੰ ਖਤਮ ਕਰਨ ਲਈ ਹੁਣ ਕੋਈ ਸਮਝੌਤਾ ਹੋਣ ਦੀ ਸੰਭਾਵਨਾ ਬਣ ਰਹੀ ਹੈ ! ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਹੈ, ਕਿ ਈਰਾਨ ਨਾਲ ਚੱਲ ਰਹੀ ਜੰਗ ਜਲਦੀ ਖਤਮ ਹੋ ਸਕਦੀ ਹੈ, ਅਤੇ ਕੁਦਰਤੀ ਅਤੇ ਤੇਲ ਗੈਸ ਦੀ ਸਪਲਾਈ ਵੀ ਦੁਬਾਰਾ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਉਹਨਾਂ ਸਪਸ਼ਟ ਕੀਤਾ ਹੈ, ਕਿ ਇਹ ਸਭ ਈਰਾਨ ਵੱਲੋਂ ਉਸ ਸਮਝੌਤੇ ਨੂੰ ਮੰਨਣ ਦੇ ਉੱਪਰ ਨਿਰਭਰ ਕਰਦਾ ਹੈ, ਜਿਸਦੀਆਂ ਚਰਚਾਵਾਂ ਚੱਲ ਰਹੀਆਂ ਹਨ ! ਫਿਲਹਾਲ ਅਮਰੀਕੀ ਰਾਸ਼ਟਰਪਤੀ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਜਾਂ ਵੇਰਵਿਆਂ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ !
ਟਰੰਪ ਨੇ ਲਿਖਿਆ, ਕਿ ਜੇਕਰ ਉਹ ਸਹਿਮਤ ਨਹੀਂ ਹੁੰਦੇ ਤਾਂ ਬੰਬਾਰੀ ਸ਼ੁਰੂ ਹੋ ਜਾਵੇਗੀ ! ਟਰੰਪ ਦੀਆਂ ਇਹ ਧਮਕੀਆਂ ਉਸ ਸਮੇਂ ਸਾਹਮਣੇ ਆਈਆਂ ਜਦੋਂ ਚੀਨ ਦੇ ਵਿਦੇਸ਼ ਮੰਤਰੀ ਨੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਮੁਲਾਕਾਤ ਤੋਂ ਬਾਅਦ ਪੂਰੀ ਤਰ੍ਹਾਂ ਜੰਗਬੰਦੀ ਦੀ ਅਪੀਲ ਕੀਤੀ ਸੀ !
ਜ਼ਿਕਰ ਯੋਗ ਹੈ, ਕਿ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਅਰਾਘਚੀ ਪਹਿਲੀ ਵਾਰ ਬੀਜਿੰਗ ਦੇ ਦੌਰੇ ‘ਤੇ ਗਏ ਸਨ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਬੁੱਧਵਾਰ ਨੂੰ ਕਿਹਾ, ਕਿ ਉਹਨਾਂ ਦਾ ਦੇਸ਼ ਇਸ ਚੱਲ ਰਹੇ ਸੰਘਰਸ਼ ਤੋਂ ਬਹੁਤ ਦੁਖੀ ਹੈ। ਤਹਿਰਾਨ (ਈਰਾਨ) ਦੇ ਨਾਲ ਚੀਨ ਦੇ ਗੂੜੇ ਆਰਥਿਕ ਅਤੇ ਸਿਆਸੀ ਸੰਬੰਧਾਂ ਕਾਰਨ ਉਹਨਾਂ ਦੀ ਸਥਿਤੀ ਕਾਫੀ ਅਹਿਮ ਹੈ। ਇਸੇ ਕਾਰਨ ਟਰੰਪ ਪ੍ਰਸ਼ਾਸਨ ਹੁਣ ਚੀਨ ‘ਤੇ ਲਗਾਤਾਰ ਦਬਾਅ ਪਾ ਰਿਹਾ ਹੈ, ਕਿ ਉਹ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਈਰਾਨ ਨੂੰ ਹੋਰਮੁਜ਼ ਜਲ-ਮਾਰਗ ਖੋਲਣ ਲਈ ਮਨਾਵੇ !

