
ਕੰਵਰਪਾਲ ਸਿੰਘ ਬਿੱਟੂ ਦਲ ਖ਼ਾਲਸਾ ਦੇ ਸੀਨੀਅਰ ਆਗੂ ਹਨ ਅਤੇ ਪੰਥਕ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਉੱਤੇ ਪੰਜਾਬ ਵਿਚ ਬੇਬਾਕ ਅਵਾਜ਼ ਚੁੱਕਦੇ ਹਨ ।
ਕੰਵਰਪਾਲ ਸਿੰਘ ਨੇ ਦੱਸਿਆ, “ਸ੍ਰੀ ਹਰਿਮੰਦਰ ਸਾਹਿਬ ਉੱਤੇ ਫੌ਼ਜੀ ਹਮਲੇ ਦੌਰਾਨ ਮੇਰੀ ਉਮਰ ਸਿਰਫ 14 ਸਾਲ ਸੀ। ਇਸ ਨੂੰ ਮੈਂ ਕਾਫ਼ੀ ਨੇੜੇ ਤੋਂ ਦੇਖਿਆ ਸੀ। ਜਦੋਂ ਟੈਂਕ ਸਾਡੀਆਂ ਗਲੀਆਂ ਵਿੱਚੋਂ ਲੰਘੇ, ਸਾਨੂੰ ਖ਼ੌਫ਼ਜ਼ਦਾ ਕਰਦੇ ਹੋਏ ਅੱਗੇ ਵਧੇ ਅਤੇ ਫਿਰ ਗੋਲੀਬਾਰੀ ਤੋਂ ਅਸੀਂ ਸਹਿਮ ਗਏ। ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਉੱਤੇ ਗੋਲੇ ਸੁੱਟੇ ਗਏ ਤੇ ਅਸੀਂ ਕਦੇ ਛੱਤਾਂ ਅਤੇ ਕਦੇ ਬਾਰੀਆਂ ਵਿੱਚੋਂ ਦੇਖਦੇ ਰਹੇ !
ਉਹ ਅੱਗੇ ਦੱਸਦੇ ਹਨ, “ਇਹ ਬਹੁਤ ਬੁਰਾ ਅਹਿਸਾਸ ਸੀ, ਸੱਤਾ ਨਾਲ ਨਫ਼ਰਤ ਹੋ ਗਈ,ਉਸ ਮੁਲਕ ਅਤੇ ਸਰਕਾਰ, ਜਿਸ ਨਾਲ ਅਸੀਂ 1947 ਵਿੱਚ ਖੁਦ ਜੁੜੇ ਸੀ। ਇਹ ਦੁੱਖ ਉਦੋਂ ਹੋਰ ਵਧ ਗਿਆ ਜਦੋਂ ਇਹ ਸੋਚ ਦਿਮਾਗ ਵਿੱਚ ਆਈ ਕਿ ਜਿਨ੍ਹਾਂ ਲੋਕਾਂ ਨਾਲ ਮਿਲ ਕੇ ਮੁਲਕ ਦੀ ਆਜ਼ਾਦੀ ਦੀ ਲੜਾਈ ਲੜੀ ਸੀ ਉਹ 30-40 ਸਾਲਾਂ ਵਿੱਚ ਹੀ ਬੇਗਾਨੇ ਹੋ ਗਏ। ਉਨ੍ਹਾਂ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਨੂੰ ਵੀ ਨਹੀਂ ਬਖ਼ਸ਼ਿਆ।
ਅਸੀਂ ਆਮ ਲੋਕ ਸੀ,ਇਸ ਲਈ ਹਾਲਾਤ ਨਾਲ ਨਿਪਟਣ ਲਈ ਕੁਝ ਨਹੀਂ ਕਰ ਸਕਦੇ ਸੀ। ਉਮਰ ਬਹੁਤ ਛੋਟੀ ਸੀ ਪਰ ਗੁੱਸਾ ਤੇ ਰੋਹ ਓਨਾ ਹੀ ਵੱਧ
ਕੰਵਰਪਾਲ ਸਿੰਘ ਬਿੱਟੂ ਮੁਤਾਬਕ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਖਤਮ ਹੋਇਆ ਤੇ ਉਨ੍ਹਾਂ ਨੂੰ ਅੰਦਰ ਜਾਣ ਦੀ ਆਗਿਆ ਮਿਲੀ ਤਾਂ ਜਾ ਕੇ ਦੇਖਿਆ ਕਿ ਅਕਾਲ ਤਖਤ ਟੁੱਟਿਆ ਪਿਆ ਸੀ। ਥਾਂ-ਥਾਂ ਗੋਲੀਆਂ ਦੇ ਨਿਸ਼ਾਨ ਸਨ।ਇਸ ਸਾਰੇ ਹਾਲਾਤ ਨੇ ਮਨ ਵਿੱਚ ਰੋਹ ਪੈਦਾ ਕਰ ਦਿੱਤਾ।
ਕੰਵਰਪਾਲ ਕਹਿੰਦੇ ਨੇ ਕਿ ਹੌਲੀ-ਹੌਲੀ ਇਹ ਰੋਹ ਤੇ ਗੁੱਸਾ ਬਦਲਾ ਲੈਣ ਦੀ ਭਾਵਨਾ ਵਿੱਚ ਤਬਦੀਲ ਹੋਣ ਲੱਗਾ ਪਿਆ। ਉਹ ਉਸ ਸਮੇਂ ਜਵਾਨ ਸਨ ਖੂਨ ਗਰਮ ਸੀ ਤੇ ਭਾਰਤ ਸਰਕਾਰ ਨੇ ਸਿੱਖ ਕੌਮ ਨਾਲ ਜ਼ਿਆਦਤੀ ਕੀਤੀ ਸੀ।
ਕੰਵਰਪਾਲ ਮੁਤਾਬਕ “ਅਜਿਹੇ ਹਾਲਾਤ ਦੌਰਾਨ ਘਰ ਵਿੱਚ ਰਹਿਣਾ ਲਾਹਨਤ ਵਰਗਾ ਲੱਗਣ ਲੱਗ ਪਿਆ ਸੀ । ਇਸੇ ਮਾਹੌਲ ਵਿੱਚ ਮੈਂ ਕੁਝ ਹੋਰ ਦੋਸਤਾਂ ਨਾਲ ਘਰ ਛੱਡਣ ਦਾ ਫ਼ੈਸਲਾ ਕਰ ਲਿਆ। ਅਸਲ ਵਿੱਚ ਇਸ ਘਟਨਾ ਤੋਂ ਹਰ ਸਿੱਖ ਦੁਖੀ ਸੀ। ਸਾਡੀ ਕਾਲੌਨੀ ਵਿੱਚ ਮੈਂ ਔਰਤਾਂ ਰੋਂਦੀਆਂ ਦੇਖੀਆਂ ,ਉਹ ਕਹਿ ਰਹੀਆਂ ਸਨ, ‘ ਮੁੰਡਿਓ ਕੁਝ ਕਰੋ’। ਇਸ ਹਾਲਾਤ ਨੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਗਈ ਕਿ ਸਿੱਖਾਂ ਦਾ ਭਾਰਤ ਨਾਲ ਰਿਸ਼ਤਾ ਹੁਣ ਖ਼ਤਮ ਹੋ ਗਿਆ ਹੈ।”
ਰੋਹ ਪ੍ਰਗਟਾਉਣ ਲਈ ਅਸੀਂ ਤਿੰਨ-ਚਾਰ ਵਿਦਿਆਰਥੀ ਬੱਬਰ ਖ਼ਾਲਸਾ ਵਿੱਚ ਸ਼ਾਮਲ ਹੋ ਗਏ। ਸਾਡਾ ਮਕਸਦ ਸੀ ਭਾਰਤ ਸਰਕਾਰ ਵੱਲੋਂ ਕੀਤੀ ਜ਼ਿਆਦਤੀ ਦਾ ਬਦਲਾ ਲੈਣਾ ਸੀ । ਪਹਿਲਾਂ ਅਸੀਂ ਸੰਘਰਸ਼ ਵਿੱਚ ਸ਼ਾਮਲ ਹੋਏ ਅਤੇ ਫਿਰ ਹੌਲੀ-ਹੌਲੀ ਮੁੱਦੇ ਦੀ ਸਮਝ ਆਈ।
ਕੰਵਰਪਾਲ ਦੱਸਦੇ ਹਨ, ਖਾਲਿਸਤਾਨ ਦੀ ਮੰਗ ਉੱਠ ਖੜ੍ਹੀ ਹੋਈ ਅਤੇ ਅਸੀਂ ਸੋਚਣ ਲੱਗੇ ਕਿ ਜਦੋਂ ਸਾਡਾ ਭਾਰਤ ਨਾਲ ਰਿਸ਼ਤਾ ਖ਼ਤਮ ਹੋ ਗਿਆ ਹੈ ਤਾਂ ਅੱਗੇ ਕੀ ਕਰਨਾ ਹੈ ? ਇਹ ਤੈਅ ਕੀਤਾ ਗਿਆ ਕਿ ਇੱਕ ਵੱਖਰਾ ਦੇਸ ਬਣਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਗਤੀਵਿਧੀਆਂ ਦੌਰਾਨ 1984 ਤੋਂ 96 ਤੱਕ ਮੈਂ 12 ਸਾਲ ਅੰਡਰਗਰਾਉਂਡ ਰਿਹਾ। 1986 ਦੌਰਾਨ ਥੋੜ੍ਹੇ ਸਮੇਂ ਲਈ ਜੇਲ੍ਹ ਵੀ ਕੱਟੀ ਸੀ ।
ਇਸ ਦੌਰਾਨ ਕਾਫ਼ੀ ਹਿੰਸਾ ਹੋਈ, ਖੂਬ ਖੂਨ ਵਿਹਾ ਸਰਕਾਰ ਪਾਸਿਓਂ ਦਮਨ ਵਧਿਆ ਤੇ ਸਾਡੇ ਵੱਲੋਂ ਵੀ ਜਵਾਬੀ ਕਾਰਵਾਈ ਓਨੀ ਹੀ ਕਰਾਰੀ ਸੀ ਪਰ ਅੱਜ ਜਦੋਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਇਸ ਦਾ ਕੋਈ ਪਛਤਾਵਾ ਨਹੀਂ ਹੈ। ਅਸੀਂ ਜੋ ਕੁਝ ਕੀਤਾ ਉਹ ਆਪਣੀ ਧਾਰਮਿਕ ਜ਼ਿੰਮੇਦਾਰੀ ਸਮਝਦਿਆਂ ਕੀਤਾ ਸੀ ।
ਕੰਵਰਪਾਲ ਮੁਤਾਬਕ 1996 ਵਿੱਚ ਮੁੜ ਗ੍ਰਿਫ਼ਤਾਰੀ ਹੋਈ ਅਤੇ 1997 ਵਿੱਚ ਰਿਹਾਅ ਹੋਇਆ ਉਦੋਂ ਤੱਕ ਕਾਫ਼ੀ ਸਮਾਂ ਬੀਤ ਗਿਆ ਸੀ ਤੇ ਹਾਲਾਤ ਬਦਲ ਗਏ ਸਨ।
ਲੋਕਾਂ ਦਾ ਗੁੱਸਾ ਅੰਦਰੋ-ਅੰਦਰੀ ਦਬ ਗਿਆ ਸੀ ਅਤੇ ਜ਼ੁਲਮ ਵੀ ਕਾਫ਼ੀ ਹੋ ਚੁੱਕਾ ਸੀ। ਹੁਣ ਸੋਚਦੇ ਹਾਂ ਕਿ ਜਿਸ ਮਕਸਦ ਲਈ ਅਸੀਂ ਕੁਰਬਾਨੀਆਂ ਕੀਤੀਆਂ ਉਸਨੂੰ ਅੱਗੇ ਵਧਾਉਣਾ ਚਾਹੀਦਾ ਹੈ। ਪਰ ਹੁਣ ਬਦਲੇ ਹਾਲਾਤ ਵਿੱਚ ਸੰਘਰਸ਼ ਦਾ ਤਰੀਕਾ ਵੀ ਬਦਲ ਚੁਕਿਆ ਹੈ।
ਕੰਵਰਪਾਲ ਕਹਿੰਦੇ ਨੇ, “ਹੁਣ ਅਸੀਂ ਆਪਣੀ ਕੌਮ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਦਰਪੇਸ਼ ਚੁਣੌਤੀਆਂ ਨਾਲ ਜੂਝ ਰਹੇ ਹਾਂ। ਹੁਣ ਅਸੀਂ ਇਸੇ ਨਿਸ਼ਾਨੇ ਉੱਤੇ ਚੱਲ ਰਹੇ ਹਾਂ।
#saddatvusa#kanwarpalsinghbittu#1984SikhRiots#sridarbarsahibji#sriakaltakhatsahibji#OperationBlueStar