ਵਾਸ਼ਿੰਗਟਨ ਡੀ.ਸੀ. ਵਿੱਚ ਕਿਰਾਏਦਾਰ ਵੀ ਹੁਣ Airbnb ’ਤੇ ਆਪਣਾ ਘਰ ਦੇ ਸਕਣਗੇ, ਨਵੇਂ ਬਿੱਲ ਨੂੰ ਮਿਲੀ ਮਨਜ਼ੂਰੀ !

0
9

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਕਿਰਾਏ ’ਤੇ ਰਹਿਣ ਵਾਲੇ ਲੋਕ ਵੀ ਹੁਣ Airbnb ਵਰਗੇ ਪਲੇਟਫਾਰਮਾਂ ’ਤੇ ਆਪਣੇ ਘਰ ਜਾਂ ਅਪਾਰਟਮੈਂਟ ਨੂੰ ਥੋੜ੍ਹੇ ਸਮੇਂ ਲਈ ਕਿਰਾਏ ’ਤੇ ਦੇ ਸਕਣਗੇ। ਇਸ ਸਬੰਧੀ ਇੱਕ ਨਵਾਂ ਬਿੱਲ ਡੀ.ਸੀ. ਕੌਂਸਲ ਵਿੱਚ ਅੱਗੇ ਵਧਿਆ ਹੈ।

ਕੀ ਹੈ ਨਵੇਂ ਬਿੱਲ ਵਿੱਚ?

ਬਿੱਲ ਮੁਤਾਬਕ ਕਿਰਾਏਦਾਰ ਆਪਣੇ ਮਕਾਨ ਮਾਲਕ ਤੋਂ ਲਿਖਤੀ ਮਨਜ਼ੂਰੀ ਲੈ ਕੇ ਆਪਣਾ ਘਰ ਜਾਂ ਅਪਾਰਟਮੈਂਟ Airbnb ’ਤੇ ਲਿਸਟ ਕਰ ਸਕਣਗੇ। ਇਸ ਬਿੱਲ ਨੂੰ ਵੀਰਵਾਰ ਨੂੰ ਕਮੇਟੀ ਵੱਲੋਂ ਸਰਬਸੰਮਤੀ ਨਾਲ ਮਨਜ਼ੂਰੀ ਮਿਲ ਗਈ ਹੈ ਅਤੇ ਅਗਲੇ ਮਹੀਨੇ ਇਸ ’ਤੇ ਅੰਤਿਮ ਵੋਟਿੰਗ ਹੋਣ ਦੀ ਉਮੀਦ ਹੈ।

ਬਿੱਲ ਦੀ ਲੇਖਕ ਕੌਂਸਲ ਮੈਂਬਰ ਬ੍ਰਾਇਨ ਨੈਡੋ ਨੇ ਕਿਹਾ ਕਿ ਆਮਦਨ ਕਮਾਉਣ ਦੇ ਮੌਕੇ ਇਸ ਗੱਲ ’ਤੇ ਨਿਰਭਰ ਨਹੀਂ ਹੋਣੇ ਚਾਹੀਦੇ ਕਿ ਕਿਸੇ ਵਿਅਕਤੀ ਕੋਲ ਆਪਣਾ ਘਰ ਹੈ ਜਾਂ ਉਹ ਕਿਰਾਏ ’ਤੇ ਰਹਿੰਦਾ ਹੈ।

Airbnb ਪਲੇਟਫਾਰਮਾਂ ਲਈ ਵੀ ਨਵੇਂ ਨਿਯਮ

ਡੀ.ਸੀ. ਪ੍ਰਸ਼ਾਸਨ ਅਨੁਸਾਰ ਕੁਝ ਕਿਰਾਏਦਾਰ ਪਹਿਲਾਂ ਹੀ ਬਿਨਾਂ ਮਕਾਨ ਮਾਲਕ ਦੀ ਮਨਜ਼ੂਰੀ ਦੇ ਆਪਣੇ ਘਰ Airbnb ’ਤੇ ਦੇ ਰਹੇ ਹਨ। ਇਸ ਲਈ ਨਵੇਂ ਬਿੱਲ ਵਿੱਚ ਬੁਕਿੰਗ ਪਲੇਟਫਾਰਮਾਂ ਲਈ ਇਹ ਲਾਜ਼ਮੀ ਕੀਤਾ ਜਾਵੇਗਾ ਕਿ ਉਹ ਕਿਸੇ ਵੀ ਘਰ ਦੀ ਲਿਸਟਿੰਗ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਮੇਜ਼ਬਾਨ ਦਾ ਬਿਜ਼ਨਸ ਲਾਇਸੈਂਸ ਤਸਦੀਕ ਕਰਨ।

ਹਾਲਾਂਕਿ, ਛੁੱਟੀਆਂ ਲਈ ਘਰ ਕਿਰਾਏ ’ਤੇ ਦੇਣ ਦੀ ਮੌਜੂਦਾ 90 ਦਿਨਾਂ ਦੀ ਸੀਮਾ ਬਰਕਰਾਰ ਰਹੇਗੀ।

ਇਸ ਤੋਂ ਇਲਾਵਾ, ਦੋ ਯੂਨਿਟਾਂ ਵਾਲੇ ਰੋ-ਹਾਊਸ ਦੇ ਮਾਲਕ ਆਪਣੇ ਇੱਕ ਯੂਨਿਟ, ਜਿਵੇਂ ਕਿ ਬੇਸਮੈਂਟ, ਨੂੰ ਵੀ ਥੋੜ੍ਹੇ ਸਮੇਂ ਲਈ ਕਿਰਾਏ ’ਤੇ ਦੇ ਸਕਣਗੇ।

ਮੇਅਰ ਦੇ ਪ੍ਰਸਤਾਵ ਨਾਲੋਂ ਵੱਖਰਾ ਹੈ ਬਿੱਲ

ਜ਼ਿਕਰਯੋਗ ਹੈ ਕਿ ਮੇਅਰ ਮੂਰੀਅਲ ਬਾਊਜ਼ਰ ਨੇ ਇਸ ਤੋਂ ਪਹਿਲਾਂ ਹੋਰ ਵੱਡੀਆਂ ਛੋਟਾਂ ਦੇਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਵਿੱਚ ਘਰ ਮਾਲਕਾਂ ਨੂੰ ਆਪਣੀ ਦੂਜੀ ਜਾਇਦਾਦ ਵੀ ਕਿਰਾਏ ’ਤੇ ਦੇਣ ਦੀ ਇਜਾਜ਼ਤ ਸ਼ਾਮਲ ਸੀ, ਪਰ ਬ੍ਰਾਇਨ ਨੈਡੋ ਦੇ ਬਿੱਲ ਵਿੱਚ ਇਹ ਛੋਟ ਸ਼ਾਮਲ ਨਹੀਂ ਕੀਤੀ ਗਈ। ਕਮੇਟੀ ਦੀ ਰਿਪੋਰਟ ਮੁਤਾਬਕ ਇਸ ਨਾਲ ਪਾਰਟੀ ਹਾਊਸਾਂ ਵਰਗੀਆਂ ਸਮੱਸਿਆਵਾਂ ਮੁੜ ਪੈਦਾ ਹੋਣ ਦਾ ਖਦਸ਼ਾ ਹੈ।

#saddatvusa#renthouse#airbnb#Washington#NewsUpdate

LEAVE A REPLY

Please enter your comment!
Please enter your name here