ਕੈਨੇਡਾ ਵਿੱਚ ਘਰਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਲੋਕ ਘਰ ਖਰੀਦਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ। ਵੈਨਕੂਵਰ ਵਿੱਚ ਦੋ ਅਜਿਹੇ ਪਰਿਵਾਰਾਂ ਨੇ ਇੱਕ ਅਨੋਖਾ ਫ਼ੈਸਲਾ ਲੈਂਦਿਆਂ, ਜੋ ਪਹਿਲਾਂ ਇੱਕ-ਦੂਜੇ ਨੂੰ ਜਾਣਦੇ ਵੀ ਨਹੀਂ ਸਨ, ਮਿਲ ਕੇ ਇੱਕ ਵੱਡਾ ਮਕਾਨ ਖਰੀਦ ਲਿਆ ਅਤੇ ਹੁਣ ਇਕੱਠੇ ਰਹਿ ਰਹੇ ਹਨ।
ਐਲਿਜ਼ਾਬੈਥ ਅਤੇ ਟੌਮ ਵਿਲਕੌਕਸ ਆਪਣੇ ਦੋ ਬੱਚਿਆਂ ਲਈ ਬਗੀਚੇ ਵਾਲਾ ਘਰ ਖਰੀਦਣਾ ਚਾਹੁੰਦੇ ਸਨ, ਪਰ ਵੈਨਕੂਵਰ ਵਿੱਚ ਜਾਇਦਾਦਾਂ ਦੀਆਂ ਉੱਚੀਆਂ ਕੀਮਤਾਂ ਕਾਰਨ ਉਨ੍ਹਾਂ ਲਈ ਇਹ ਸੰਭਵ ਨਹੀਂ ਸੀ। 10 ਲੱਖ ਕੈਨੇਡੀਅਨ ਡਾਲਰ ਦੇ ਬਜਟ ਵਿੱਚ ਉਨ੍ਹਾਂ ਨੂੰ ਸਿਰਫ਼ ਇੱਕ ਛੋਟਾ ਅਪਾਰਟਮੈਂਟ ਹੀ ਮਿਲ ਸਕਦਾ ਸੀ।
ਇਸ ਤੋਂ ਬਾਅਦ ਐਲਿਜ਼ਾਬੈਥ ਨੇ ਕਿਸੇ ਹੋਰ ਪਰਿਵਾਰ ਨਾਲ ਮਿਲ ਕੇ ਘਰ ਖਰੀਦਣ ਦਾ ਵਿਚਾਰ ਬਣਾਇਆ। ਉਨ੍ਹਾਂ ਨੇ ਇੱਕ ਰੀਅਲ ਅਸਟੇਟ ਏਜੰਟ ਦੇ ਨਿਊਜ਼ਲੈਟਰ ਰਾਹੀਂ ਦੂਜੇ ਪਰਿਵਾਰ ਦੀ ਭਾਲ ਕੀਤੀ ਅਤੇ ਲਗਭਗ ਦੋ ਸਾਲਾਂ ਬਾਅਦ ਐਸ਼ਲੇ ਪੁਲਮੈਨ ਦੇ ਪਰਿਵਾਰ ਨਾਲ ਉਨ੍ਹਾਂ ਦੀ ਸਾਂਝ ਬਣ ਗਈ।
ਸਾਲ 2023 ਵਿੱਚ ਦੋਵਾਂ ਪਰਿਵਾਰਾਂ ਨੇ ਮਿਲ ਕੇ 18 ਲੱਖ 50 ਹਜ਼ਾਰ ਕੈਨੇਡੀਅਨ ਡਾਲਰ ਦੀ ਕੀਮਤ ਵਾਲਾ ਛੇ ਬੈੱਡਰੂਮ ਦਾ ਮਕਾਨ ਖਰੀਦਿਆ। ਦੋਵਾਂ ਪਰਿਵਾਰਾਂ ਨੇ ਢਾਈ ਲੱਖ ਡਾਲਰ ਦੀ ਡਾਊਨ ਪੇਮੈਂਟ ਅੱਧੀ-ਅੱਧੀ ਦਿੱਤੀ। ਇਸ ਤੋਂ ਇਲਾਵਾ ਹਰ ਮਹੀਨੇ 3,900 ਡਾਲਰ ਦੀ ਮੌਰਗੇਜ ਕਿਸ਼ਤ ਅਤੇ ਘਰ ਦੇ ਹੋਰ ਖ਼ਰਚੇ ਵੀ ਬਰਾਬਰ ਵੰਡੇ ਜਾਂਦੇ ਹਨ।
ਦੋਵਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਪ੍ਰਬੰਧ ਨਾਲ ਉਨ੍ਹਾਂ ਦੇ ਹਜ਼ਾਰਾਂ ਡਾਲਰ ਬਚੇ ਹਨ। ਘਰ ਵਿੱਚ ਦੋਵਾਂ ਪਰਿਵਾਰਾਂ ਲਈ ਨਿੱਜੀ ਥਾਵਾਂ ਅਤੇ ਰਸੋਈਆਂ ਹਨ, ਜਦਕਿ ਵੱਡਾ ਲਿਵਿੰਗ ਰੂਮ, ਘਰੇਲੂ ਜਿਮ ਅਤੇ ਕੁਝ ਹੋਰ ਸਹੂਲਤਾਂ ਸਾਂਝੀਆਂ ਹਨ।
ਕੈਨੇਡਾ ਦੇ ਟੋਰਾਂਟੋ ਵਿੱਚ ਵੀ ਇਸ ਤਰ੍ਹਾਂ ਘਰ ਖਰੀਦਣ ਦਾ ਰੁਝਾਨ ਵਧ ਰਿਹਾ ਹੈ। ‘ਹਸਮੇਟਸ’ ਨਾਮ ਦੀ ਐਪ ਅਤੇ ਵੈੱਬਸਾਈਟ ਲੋਕਾਂ ਨੂੰ ਅਜਿਹੇ ਸਾਥੀ ਲੱਭਣ ਵਿੱਚ ਮਦਦ ਕਰਦੀ ਹੈ, ਜੋ ਕਿਸੇ ਹੋਰ ਵਿਅਕਤੀ ਨਾਲ ਮਿਲ ਕੇ ਜਾਇਦਾਦ ਖਰੀਦਣਾ ਚਾਹੁੰਦੇ ਹਨ।
ਟੋਰਾਂਟੋ ਵਿੱਚ ਸਬਰੀਨਾ ਬੋਮੈਨ ਵੀ 2018 ਤੋਂ ਦੋ ਹੋਰ ਵਿਅਕਤੀਆਂ ਨਾਲ ਮਿਲ ਕੇ ਇੱਕ ਘਰ ਦੀ ਸਹਿ-ਮਾਲਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰਬੰਧ ਵਿੱਚ ਖੁੱਲ੍ਹੀ ਗੱਲਬਾਤ, ਵਿੱਤੀ ਪਾਰਦਰਸ਼ਤਾ ਅਤੇ ਆਪਸੀ ਸਹਿਮਤੀ ਬਹੁਤ ਜ਼ਰੂਰੀ ਹੈ। ਇਸ ਲਈ ਉਹ ਘਰ ਦੇ ਖ਼ਰਚਿਆਂ, ਕੰਮਾਂ ਅਤੇ ਹੋਰ ਮਾਮਲਿਆਂ ਬਾਰੇ ਨਿਯਮਿਤ ਮੀਟਿੰਗਾਂ ਵੀ ਕਰਦੇ ਹਨ।
ਕਾਨੂੰਨੀ ਮਾਹਿਰਾਂ ਮੁਤਾਬਕ, ਇਸ ਤਰ੍ਹਾਂ ਘਰ ਖਰੀਦਣ ਵਾਲਿਆਂ ਲਈ ਲਿਖਤੀ ਅਤੇ ਕਾਨੂੰਨੀ ਤੌਰ ’ਤੇ ਲਾਗੂ ਹੋਣ ਵਾਲਾ ਸਮਝੌਤਾ ਕਰਨਾ ਬੇਹੱਦ ਜ਼ਰੂਰੀ ਹੈ। ਇਸ ਵਿੱਚ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਜੇਕਰ ਕੋਈ ਸਹਿ-ਮਾਲਕ ਘਰ ਛੱਡਣਾ ਜਾਂ ਆਪਣਾ ਹਿੱਸਾ ਵੇਚਣਾ ਚਾਹੇ ਤਾਂ ਕੀ ਪ੍ਰਕਿਰਿਆ ਅਪਣਾਈ ਜਾਵੇਗੀ।
ਵਿਲਕੌਕਸ ਅਤੇ ਪੁਲਮੈਨ ਪਰਿਵਾਰਾਂ ਦਾ ਕਹਿਣਾ ਹੈ ਕਿ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਵਿਚਕਾਰ ਸਭ ਕੁਝ ਚੰਗੀ ਤਰ੍ਹਾਂ ਚੱਲ ਰਿਹਾ ਹੈ। ਦੋਵੇਂ ਪਰਿਵਾਰ ਇਸ ਪ੍ਰਬੰਧ ਤੋਂ ਖੁਸ਼ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰੀਕੇ ਨਾਲ ਨਾ ਸਿਰਫ਼ ਘਰ ਖਰੀਦਣ ਦਾ ਸੁਪਨਾ ਪੂਰਾ ਹੋਇਆ, ਸਗੋਂ ਬੱਚਿਆਂ ਨੂੰ ਖੁੱਲ੍ਹੇ ਵਿਹੜੇ ਵਿੱਚ ਖੇਡਣ ਦਾ ਮੌਕਾ ਵੀ ਮਿਲਿਆ।
#canada#homesharing#TwoFamilies#Sharingexpenses#saddatvusa#canadanews

