ਵਾਸ਼ਿੰਗਟਨ – ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਸ਼ਿੰਗਟਨ ਡੀ.ਸੀ. ਵਿੱਚ ਵਿਸ਼ਾਲ ਯਾਦਗਾਰੀ ਆਰਚ ਬਣਾਉਣ ਦੇ ਪ੍ਰੋਜੈਕਟ ’ਤੇ ਲੱਗੀ ਰੋਕ ਨੂੰ ਹੋਰ 14 ਦਿਨਾਂ ਲਈ ਵਧਾ ਦਿੱਤਾ ਹੈ। ਜੱਜ ਤਾਨਿਆ ਚੁਟਕਨ ਨੇ ਬੁੱਧਵਾਰ ਨੂੰ ਹੁਕਮ ਜਾਰੀ ਕਰਦਿਆਂ ਨਿਰਮਾਣ ਕਾਰਜ ’ਤੇ 3 ਦਸੰਬਰ ਤੱਕ ਰੋਕ ਲਗਾ ਦਿੱਤੀ ਹੈ ਜਾਂ ਜਦੋਂ ਤੱਕ ਅਦਾਲਤ ਇਸ ਮਾਮਲੇ ਵਿੱਚ ਅਗਲਾ ਫੈਸਲਾ ਨਹੀਂ ਸੁਣਾਉਂਦੀ।
ਇਹ 250 ਫੁੱਟ ਉੱਚਾ ਆਰਚ ਬਣਾਉਣ ਦਾ ਪ੍ਰੋਜੈਕਟ ਹੈ, ਜਿਸ ਨੂੰ ਨੈਸ਼ਨਲ ਕੈਪੀਟਲ ਪਲੈਨਿੰਗ ਕਮਿਸ਼ਨ ਨੇ 5 ਨਵੰਬਰ ਨੂੰ 8-4 ਦੇ ਵੋਟਾਂ ਨਾਲ ਮਨਜ਼ੂਰੀ ਦਿੱਤੀ ਸੀ। ਹਾਲਾਂਕਿ, ਸੁਣਵਾਈ ਦੌਰਾਨ ਕਈ ਲੋਕਾਂ ਅਤੇ ਜਥੇਬੰਦੀਆਂ ਨੇ ਇਸ ਦੇ ਨਿਰਮਾਣ ਦਾ ਵਿਰੋਧ ਕੀਤਾ ਸੀ।
ਇਸ ਪ੍ਰੋਜੈਕਟ ਖ਼ਿਲਾਫ਼ ਵੱਖ-ਵੱਖ ਧਿਰਾਂ ਵੱਲੋਂ ਅਦਾਲਤ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਨਿਰਮਾਣ ਲਈ ਕਾਂਗਰਸ ਦੀ ਮਨਜ਼ੂਰੀ ਲਾਜ਼ਮੀ ਹੈ ਅਤੇ ਇਹ ਆਰਚ ਵਾਸ਼ਿੰਗਟਨ ਦੀਆਂ ਇਤਿਹਾਸਕ ਇਮਾਰਤਾਂ ਦੇ ਨਜ਼ਾਰਿਆਂ ਨੂੰ ਵੀ ਪ੍ਰਭਾਵਿਤ ਕਰੇਗਾ।
ਵਰਜੀਨੀਆ ਅਤੇ ਡਿਸਟ੍ਰਿਕਟ ਆਫ਼ ਕੋਲੰਬੀਆ ਨੇ ਵੀ ਇਸ ਪ੍ਰੋਜੈਕਟ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਇਸ ਤੋਂ ਇਲਾਵਾ ਕੈਨੇਡੀ ਪਰਿਵਾਰ ਨੇ ਵੀ 10 ਨਵੰਬਰ ਨੂੰ ਅਦਾਲਤ ਦਾ ਰੁਖ਼ ਕੀਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਸ 250 ਫੁੱਟ ਉੱਚੇ ਢਾਂਚੇ ਦਾ ਅਰਲਿੰਗਟਨ ਨੈਸ਼ਨਲ ਕਬਰਸਤਾਨ ਵਿੱਚ ਦਫ਼ਨ ਪਰਿਵਾਰਕ ਮੈਂਬਰਾਂ ਦੀਆਂ ਕਬਰਾਂ ’ਤੇ ਪ੍ਰਭਾਵ ਪੈ ਸਕਦਾ ਹੈ।
ਜੱਜ ਤਾਨਿਆ ਚੁਟਕਨ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਮਾਮਲੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ, ਇਸ ਲਈ ਪਹਿਲਾਂ ਲਗਾਈ ਗਈ ਰੋਕ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਦੂਜੇ ਪਾਸੇ, ਟਰੰਪ ਪ੍ਰਸ਼ਾਸਨ ਨੇ ਇਸ ਫੈਸਲੇ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਟਰੰਪ ਵਾਸ਼ਿੰਗਟਨ ਵਿੱਚ ਕਈ ਵੱਡੇ ਨਿਰਮਾਣ ਅਤੇ ਨਵੀਨੀਕਰਨ ਪ੍ਰੋਜੈਕਟਾਂ ’ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਕਈ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
#Donaldtrump#Washington#triumphalarch#ConstructionBan#saddatvusa

