ਅਮਰੀਕੀ ਸੈਨੇਟ ਵਿੱਚ ਲੀਡਰਸ਼ਿਪ ਨੂੰ ਲੈ ਕੇ ਡੈਮੋਕ੍ਰੇਟਿਕ ਪਾਰਟੀ ਅੰਦਰ ਖਿੱਚੋਤਾਣ, ਚੱਕ ਸ਼ੂਮਰ ਨੂੰ ਚੁਣੌਤੀ ਦੇਣ ਲਈ ਕ੍ਰਿਸ ਵੈਨ ਹੋਲਨ ਨੇ ਕੀਤਾ ਐਲਾਨ !

0
7

ਵਾਸ਼ਿੰਗਟਨ – ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਜਿੱਤ ਤੋਂ ਬਾਅਦ ਹੁਣ ਪਾਰਟੀ ਅੰਦਰ ਸੈਨੇਟ ਦੀ ਅਗਵਾਈ ਨੂੰ ਲੈ ਕੇ ਮੁਕਾਬਲਾ ਸ਼ੁਰੂ ਹੋ ਗਿਆ ਹੈ। ਮੈਰੀਲੈਂਡ ਤੋਂ ਡੈਮੋਕ੍ਰੇਟਿਕ ਸੈਨੇਟਰ ਕ੍ਰਿਸ ਵੈਨ ਹੋਲਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਅਗਲੀ ਕਾਂਗਰਸ ਵਿੱਚ ਸੈਨੇਟ ਦੇ ਬਹੁਮਤ ਆਗੂ (Senate Majority Leader) ਦੇ ਅਹੁਦੇ ਲਈ ਚੋਣ ਲੜਨਗੇ। ਇਸ ਨਾਲ ਮੌਜੂਦਾ ਡੈਮੋਕ੍ਰੇਟਿਕ ਆਗੂ ਚੱਕ ਸ਼ੂਮਰ ਨੂੰ ਸਿੱਧੀ ਚੁਣੌਤੀ ਮਿਲ ਗਈ ਹੈ।

ਵੈਨ ਹੋਲਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਮਰੀਕੀ ਲੋਕਾਂ ਨੇ ਬਦਲਾਅ ਦੀ ਮੰਗ ਕੀਤੀ ਹੈ ਅਤੇ ਇਸ ਸਮੇਂ ਪਾਰਟੀ ਨੂੰ ਨਵੀਂ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਕਿਸੇ ਇੱਕ ਵਿਅਕਤੀ ਦੇ ਖਿਲਾਫ਼ ਨਹੀਂ, ਸਗੋਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਹੈ।

ਦੂਜੇ ਪਾਸੇ, ਚੱਕ ਸ਼ੂਮਰ ਨੇ ਭਰੋਸਾ ਜਤਾਇਆ ਹੈ ਕਿ ਉਨ੍ਹਾਂ ਕੋਲ ਮੁੜ ਡੈਮੋਕ੍ਰੇਟਿਕ ਪਾਰਟੀ ਦਾ ਆਗੂ ਚੁਣੇ ਜਾਣ ਲਈ ਲੋੜੀਂਦੀਆਂ ਵੋਟਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਉਹ ਨਵੇਂ ਡੈਮੋਕ੍ਰੇਟਿਕ ਬਹੁਮਤ ਦੀ ਅਗਵਾਈ ਕਰਨ ਅਤੇ ਅਮਰੀਕੀ ਲੋਕਾਂ ਲਈ ਕੰਮ ਕਰਨ ਵਾਸਤੇ ਤਿਆਰ ਹਨ। ਇਸ ਅਹੁਦੇ ਲਈ ਗੁਪਤ ਵੋਟਿੰਗ ਦਸੰਬਰ ਦੇ ਸ਼ੁਰੂ ਵਿੱਚ ਹੋਵੇਗੀ। ਕਈ ਦਹਾਕਿਆਂ ਬਾਅਦ ਪਹਿਲੀ ਵਾਰ ਪਾਰਟੀ ਦੇ ਸੈਨੇਟ ਆਗੂ ਦੀ ਚੋਣ ਮੁਕਾਬਲੇ ਰਾਹੀਂ ਹੋਣ ਜਾ ਰਹੀ ਹੈ।

ਚੱਕ ਸ਼ੂਮਰ ਦੀ ਲੀਡਰਸ਼ਿਪ ਨੂੰ ਲੈ ਕੇ ਪਾਰਟੀ ਅੰਦਰ ਪਿਛਲੇ ਦੋ ਸਾਲਾਂ ਤੋਂ ਮਤਭੇਦ ਚੱਲ ਰਹੇ ਹਨ। ਖਾਸ ਕਰਕੇ 2025 ਵਿੱਚ ਸਰਕਾਰੀ ਖਰਚਿਆਂ ਸਬੰਧੀ ਇੱਕ ਵੋਟ ਦੌਰਾਨ ਰਿਪਬਲਿਕਨਾਂ ਦਾ ਸਾਥ ਦੇਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦੇ ਕੁਝ ਆਗੂਆਂ ਅਤੇ ਪ੍ਰਗਤੀਸ਼ੀਲ ਧੜਿਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਵੈਨ ਹੋਲਨ ਨੂੰ ਸੈਨੇਟਰ ਬਣਨ ਜਾ ਰਹੇ ਅਬਦੁਲ ਅਲ-ਸਈਦ ਅਤੇ ਪ੍ਰਗਤੀਸ਼ੀਲ ਆਗੂ ਬਰਨੀ ਸੈਂਡਰਜ਼ ਦਾ ਸਮਰਥਨ ਮਿਲਿਆ ਹੈ। ਸੈਂਡਰਜ਼ ਨੇ ਕਿਹਾ ਕਿ ਅਮਰੀਕੀ ਲੋਕ ਅਜਿਹੀ ਡੈਮੋਕ੍ਰੇਟਿਕ ਪਾਰਟੀ ਚਾਹੁੰਦੇ ਹਨ ਜੋ ਵੱਡੇ ਕਾਰੋਬਾਰੀ ਹਿੱਤਾਂ ਅਤੇ ਅਰਬਪਤੀਆਂ ਦੇ ਪ੍ਰਭਾਵ ਵਿਰੁੱਧ ਆਵਾਜ਼ ਉਠਾਏ ਅਤੇ ਕੰਮਕਾਜੀ ਪਰਿਵਾਰਾਂ ਦੇ ਹੱਕਾਂ ਲਈ ਲੜੇ।

ਉੱਧਰ, ਕਈ ਡੈਮੋਕ੍ਰੇਟਿਕ ਸੈਨੇਟਰਾਂ ਨੇ ਚੱਕ ਸ਼ੂਮਰ ਦੇ ਹੱਕ ਵਿੱਚ ਸਮਰਥਨ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੂਮਰ ਦੇ ਤਜਰਬੇ ਅਤੇ ਅਗਵਾਈ ਸਦਕਾ ਪਾਰਟੀ ਨੇ ਚੋਣਾਂ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸੈਨੇਟਰ ਐਂਗਸ ਕਿੰਗ ਨੇ ਵੀ ਸ਼ੂਮਰ ਦਾ ਸਮਰਥਨ ਕਰਦਿਆਂ ਕਿਹਾ ਕਿ ਜਦੋਂ ਟੀਮ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਤਾਂ ਉਸ ਦੇ ਮੈਨੇਜਰ ਨੂੰ ਬਦਲਣ ਦੀ ਕੀ ਲੋੜ ਹੈ।

ਹੁਣ ਸਾਰਿਆਂ ਦੀਆਂ ਨਜ਼ਰਾਂ ਦਸੰਬਰ ਵਿੱਚ ਹੋਣ ਵਾਲੀ ਗੁਪਤ ਵੋਟਿੰਗ ’ਤੇ ਟਿਕੀਆਂ ਹੋਈਆਂ ਹਨ, ਜਿਸ ਨਾਲ ਇਹ ਤੈਅ ਹੋਵੇਗਾ ਕਿ ਅਗਲੀ ਕਾਂਗਰਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਸੈਨੇਟ ਦੀ ਕਮਾਨ ਚੱਕ ਸ਼ੂਮਰ ਕੋਲ ਰਹੇਗੀ ਜਾਂ ਕ੍ਰਿਸ ਵੈਨ ਹੋਲਨ ਨਵੇਂ ਆਗੂ ਬਣਨਗੇ।

#saddatvusa #vanhollen #challengeto #democraticleader #ChuckSchumer

LEAVE A REPLY

Please enter your comment!
Please enter your name here