ਟਰੰਪ ਨੂੰ ਨਹੀਂ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ, ਦੱਖਣੀ ਅਫ਼ਰੀਕਾ ਦੀ ਨਵੀ ਪਿੱਲੇ ਨੇ ਮਾਰੀ ਬਾਜ਼ੀ – ਇਸ ਫੈਸਲੇ ’ਤੇ ਭੜਕੇ ਅਮਰੀਕੀ ਰਾਸ਼ਟਰਪਤੀ !

0
6

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਸਾਲ ਵੀ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲਿਆ। 9 ਅਕਤੂਬਰ ਨੂੰ ਨਾਰਵੇ ਦੀ ਨੋਬਲ ਕਮੇਟੀ ਨੇ ਦੱਖਣੀ ਅਫ਼ਰੀਕਾ ਦੀ ਵਕੀਲ ਨਵੀ ਪਿੱਲੇ ਨੂੰ ਮਨੁੱਖੀ ਅਧਿਕਾਰਾਂ ਦੀ ਰੱਖਿਆ, ਅੰਤਰਰਾਸ਼ਟਰੀ ਕਾਨੂੰਨ ਨੂੰ ਉਤਸ਼ਾਹਿਤ ਕਰਨ ਅਤੇ ਨਿਆਂ ਲਈ ਕੀਤੇ ਯਤਨਾਂ ਵਾਸਤੇ ਇਸ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ।

ਟਰੰਪ ਲੰਬੇ ਸਮੇਂ ਤੋਂ ਇਸ ਪੁਰਸਕਾਰ ਦੀ ਇੱਛਾ ਜ਼ਾਹਰ ਕਰਦੇ ਆ ਰਹੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦੁਨੀਆ ਭਰ ਵਿੱਚ ਕਈ ਸੰਘਰਸ਼ਾਂ ਨੂੰ ਖ਼ਤਮ ਕਰਵਾਉਣ ਜਾਂ ਰੋਕਣ ਵਿੱਚ ਭੂਮਿਕਾ ਨਿਭਾਈ ਹੈ। 7 ਅਕਤੂਬਰ ਨੂੰ ਵੀ ਉਨ੍ਹਾਂ ਨੇ ਵ੍ਹਾਈਟ ਹਾਊਸ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਅੱਠ ਵੱਡੀਆਂ ਜੰਗਾਂ ਨੂੰ ਖ਼ਤਮ ਕਰਵਾਇਆ ਹੈ ਅਤੇ ਇਸ ਲਈ ਉਹ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ।

ਪੁਰਸਕਾਰ ਦਾ ਐਲਾਨ ਹੋਣ ਤੋਂ ਬਾਅਦ ਟਰੰਪ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਕਮੇਟੀ ਨੇ ਬੇਇੱਜ਼ਤੀਜਨਕ ਅਤੇ ਸ਼ਰਮਨਾਕ ਫੈਸਲਾ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਅਤੇ ਉਨ੍ਹਾਂ ਨੂੰ ਇਹ ਸਨਮਾਨ ਮਿਲਣਾ ਚਾਹੀਦਾ ਸੀ। ਉਨ੍ਹਾਂ ਨੇ ਪੁਰਸਕਾਰ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਇਸ ਦੀ ਭਰੋਸੇਯੋਗਤਾ ’ਤੇ ਵੀ ਸਵਾਲ ਚੁੱਕੇ।

ਨਵੀ ਪਿੱਲੇ ਮਨੁੱਖੀ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਖਣੀ ਅਫ਼ਰੀਕਾ ਵਿੱਚ ਰੰਗਭੇਦ ਵਿਰੋਧੀ ਅੰਦੋਲਨ ਦੀ ਹਮਾਇਤ ਕੀਤੀ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੀ ਜਾਂਚ ਨਾਲ ਜੁੜੇ ਕੰਮਾਂ ਵਿੱਚ ਵੀ ਯੋਗਦਾਨ ਪਾਇਆ ਹੈ। ਨੋਬਲ ਕਮੇਟੀ ਦੇ ਮੁਖੀ ਜੋਰਗਨ ਵਾਟਨੇ ਫ੍ਰਾਈਡਨਸ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨੀ ਪ੍ਰਣਾਲੀ ਇਸ ਸਮੇਂ ਭਾਰੀ ਦਬਾਅ ਹੇਠ ਹੈ ਅਤੇ ਕਾਨੂੰਨੀ ਸੰਸਥਾਵਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਫੈਸਲੇ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਵਿਰੁੱਧ ਸਖ਼ਤ ਵਿੱਤੀ ਪਾਬੰਦੀਆਂ ਵੀ ਲਗਾਈਆਂ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਅਦਾਲਤ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਗਾਜ਼ਾ ਜੰਗ ਨਾਲ ਸਬੰਧਤ ਕਥਿਤ ਅਪਰਾਧਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।

ਟਰੰਪ ਦੇ ਸ਼ਾਂਤੀ ਯਤਨਾਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਵੈਨੇਜ਼ੁਏਲਾ ਦੇ ਨੇਤਾ ਨਿਕੋਲਸ ਮਾਦੁਰੋ ਨੂੰ ਫੜਨ ਲਈ ਜਨਵਰੀ ਵਿੱਚ ਅਮਰੀਕੀ ਫੌਜੀ ਕਾਰਵਾਈ ਕੀਤੀ ਗਈ, ਜਦਕਿ ਫਰਵਰੀ ਵਿੱਚ ਇਰਾਨ ਨਾਲ ਜੰਗ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਵੀ ਹਾਲੇ ਤੱਕ ਕੋਈ ਪੱਕਾ ਸ਼ਾਂਤੀ ਸਮਝੌਤਾ ਨਹੀਂ ਹੋ ਸਕਿਆ।

ਜ਼ਿਕਰਯੋਗ ਹੈ ਕਿ ਦਸੰਬਰ 2025 ਵਿੱਚ ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਨੇ ਟਰੰਪ ਨੂੰ ਪਹਿਲੇ ਫੀਫਾ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਇਸ ਤੋਂ ਇਲਾਵਾ, 2025 ਦੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਚਾਡੋ ਨੇ ਵੀ ਆਪਣਾ ਪੁਰਸਕਾਰ ਟਰੰਪ ਨੂੰ ਸੌਂਪਿਆ ਸੀ। ਹਾਲਾਂਕਿ, ਨੋਬਲ ਸੰਸਥਾ ਸਪੱਸ਼ਟ ਕਰ ਚੁੱਕੀ ਹੈ ਕਿ ਨੋਬਲ ਪੁਰਸਕਾਰ ਨੂੰ ਕਿਸੇ ਹੋਰ ਨਾਲ ਸਾਂਝਾ ਜਾਂ ਤਬਦੀਲ ਨਹੀਂ ਕੀਤਾ ਜਾ ਸਕਦਾ।

ਦੂਜੇ ਪਾਸੇ, ਪੁਰਸਕਾਰ ਮਿਲਣ ਸਮੇਂ ਨਵੀ ਪਿੱਲੇ ਜਰਮਨੀ ਦੇ ਨਿਊਰੰਬਰਗ ਸ਼ਹਿਰ ਵਿੱਚ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੀ ਇੱਕ ਕਾਨਫਰੰਸ ਵਿੱਚ ਮੌਜੂਦ ਸਨ। ਆਪਣੇ ਸਾਥੀਆਂ ਵੱਲੋਂ ਮਿਲੀ ਵਧਾਈ ਅਤੇ ਤਾੜੀਆਂ ਤੋਂ ਬਾਅਦ ਉਨ੍ਹਾਂ ਨੇ ਹਾਸੇ-ਮਜ਼ਾਕ ਵਿੱਚ ਕਿਹਾ ਕਿ ਜੇਕਰ ਲੋਕ ਕੁਝ ਹੋਰ ਤਾੜੀਆਂ ਵਜਾਉਣ, ਤਾਂ ਸ਼ਾਇਦ ਉਹ ਇਹ ਪੁਰਸਕਾਰ ਟਰੰਪ ਨਾਲ ਸਾਂਝਾ ਕਰ ਲੈਣ ।

#saddatvusa#NobelPeacePrize#southafrican#lawyer#NaviPillay#news

LEAVE A REPLY

Please enter your comment!
Please enter your name here