ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਚੱਲ ਰਹੀ ਪਰਮਾਣੂ ਗੱਲਬਾਤ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਅਜੇ ਤੱਕ ਉਨ੍ਹਾਂ ਨੇ ਅੱਗੇ ਦੀ ਰਣਨੀਤੀ ਬਾਰੇ ਕੋਈ ਅੰਤਿਮ ਫੈਸਲਾ ਨਹੀਂ ਲਿਆ। ਟਰੰਪ ਦੀ ਮੰਗ ਹੈ ਕਿ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਖ਼ਤਮ ਕਰੇ ਅਤੇ ਪਰਮਾਣੂ ਹਥਿਆਰ ਹਾਸਲ ਨਾ ਕਰੇ। ਉਨ੍ਹਾਂ ਕਿਹਾ ਕਿ ਈਰਾਨ ਗੱਲਬਾਤ ਦੌਰਾਨ ਅਮਰੀਕਾ ਦੀਆਂ ਲੋੜੀਂਦੀਆਂ ਸ਼ਰਤਾਂ ਮੰਨਣ ਲਈ ਤਿਆਰ ਨਹੀਂ ਹੈ, ਜਿਸ ਕਾਰਨ ਉਹ ਮੌਜੂਦਾ ਗੱਲਬਾਤ ਦੇ ਰੁਖ਼ ਤੋਂ ਖ਼ੁਸ਼ ਨਹੀਂ ਹਨ।
ਵ੍ਹਾਈਟ ਹਾਊਸ ਤੋਂ ਟੈਕਸਾਸ ਲਈ ਰਵਾਨਾ ਹੋਣ ਸਮੇਂ ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਰ ਗੱਲਬਾਤ ਹੋ ਸਕਦੀ ਹੈ। ਉਨ੍ਹਾਂ ਕੂਟਨੀਤਕ ਹੱਲ ਨੂੰ ਤਰਜੀਹ ਦੇਣ ਦੀ ਗੱਲ ਦੁਹਰਾਈ, ਪਰ ਨਾਲ ਹੀ ਚਿਤਾਵਨੀ ਦਿੱਤੀ ਕਿ ਲੋੜ ਪੈਣ ’ਤੇ ਅਮਰੀਕਾ ਆਪਣੀ ਫੌਜੀ ਤਾਕਤ ਦੀ ਵਰਤੋਂ ਵੀ ਕਰ ਸਕਦਾ ਹੈ। ਮੱਧ ਪੂਰਬ ਵਿੱਚ ਅਮਰੀਕੀ ਫੌਜ ਦੀ ਵਧ ਰਹੀ ਤਾਇਨਾਤੀ ਦੇ ਵਿਚਕਾਰ ਉਨ੍ਹਾਂ ਕਿਹਾ ਕਿ ਜੰਗ ਦੀ ਸਥਿਤੀ ਵਿੱਚ ਹਮੇਸ਼ਾ ਜੋਖਮ ਬਣਿਆ ਰਹਿੰਦਾ ਹੈ।
ਈਰਾਨ ਵਿੱਚ ਸੱਤਾ ਤਬਦੀਲੀ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਟਰੰਪ ਨੇ ਕਿਹਾ ਕਿ ਇਸ ਬਾਰੇ ਕੋਈ ਪੱਕਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਮੁਤਾਬਕ, ਅਮਰੀਕੀ ਹਮਲੇ ਨਾਲ ਸੱਤਾ ਤਬਦੀਲੀ ਹੋਵੇਗੀ ਜਾਂ ਨਹੀਂ, ਇਸ ਬਾਰੇ ਕੋਈ ਵੀ ਯਕੀਨੀ ਤੌਰ ’ਤੇ ਨਹੀਂ ਕਹਿ ਸਕਦਾ।
ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਸੋਮਵਾਰ ਅਤੇ ਮੰਗਲਵਾਰ ਨੂੰ ਇਜ਼ਰਾਈਲ ਦੌਰੇ ’ਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਈਰਾਨ ਨਾਲ ਵਧ ਰਹੇ ਤਣਾਅ ਨੂੰ ਇਸ ਦੌਰੇ ਦੇ ਮੁੱਖ ਮੁੱਦਿਆਂ ਵਿੱਚ ਸ਼ਾਮਲ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਸਥਿਤ ਅਮਰੀਕੀ ਦੂਤਾਵਾਸ ਨੇ ਗੈਰ-ਜ਼ਰੂਰੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉੱਥੋਂ ਨਿਕਲਣ ਦੇ ਨਿਰਦੇਸ਼ ਦਿੱਤੇ ਸਨ।
ਦੂਜੇ ਪਾਸੇ, ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਹੈ ਕਿ ਈਰਾਨ ਖ਼ਿਲਾਫ਼ ਸੰਭਾਵਿਤ ਫੌਜੀ ਕਾਰਵਾਈ ਦੇ ਬਾਵਜੂਦ ਕਈ ਸਾਲਾਂ ਤੱਕ ਚੱਲਣ ਵਾਲੀ ਜੰਗ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਪਿਛਲੇ ਸਮੇਂ ਦੇ ਫੌਜੀ ਟਕਰਾਅ ਤੋਂ ਸਬਕ ਲੈਣਾ ਚਾਹੁੰਦਾ ਹੈ ਅਤੇ ਕੂਟਨੀਤਕ ਹੱਲ ਨੂੰ ਪਹਿਲ ਦਿੰਦਾ ਹੈ। ਹਾਲਾਂਕਿ, ਉਨ੍ਹਾਂ ਮੁਤਾਬਕ ਅੰਤਿਮ ਫੈਸਲਾ ਇਰਾਨ ਦੇ ਰਵੱਈਏ ਅਤੇ ਗੱਲਬਾਤ ਦੌਰਾਨ ਉਸ ਵੱਲੋਂ ਦਿੱਤੇ ਜਾਣ ਵਾਲੇ ਜਵਾਬਾਂ ’ਤੇ ਨਿਰਭਰ ਕਰੇਗਾ।
ਜ਼ਿਕਰਯੋਗ ਹੈ ਕਿ ਜਨੇਵਾ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਹੋਈ ਅਸਿੱਧੀ ਪਰਮਾਣੂ ਗੱਲਬਾਤ ਕਿਸੇ ਅੰਤਿਮ ਸਮਝੌਤੇ ਤੋਂ ਬਿਨਾਂ ਖ਼ਤਮ ਹੋਈ। ਇਸ ਤੋਂ ਬਾਅਦ ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲ ਬੁਸੈਦੀ ਨੇ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਗੱਲਬਾਤ ਦੀ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸ਼ਾਂਤੀ ਦਾ ਰਾਹ ਅਜੇ ਵੀ ਸੰਭਵ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਫੈਸਲਾਕੁੰਨ ਤਰੱਕੀ ਦੀ ਉਮੀਦ ਹੈ।
#DonaldTrump #america #iran #WarUpdate #saddatvusa

