ਨੇਪਾਲ ’ਚ ਹੜ੍ਹ ਦਾ ਕਹਿਰ: 11 ਹਾਈਡ੍ਰੋਪਾਵਰ ਪ੍ਰੋਜੈਕਟਾਂ ਦੇ 900 ਤੋਂ ਵੱਧ ਕਰਮਚਾਰੀ ਲਾਪਤਾ !

0
3

ਨੇਪਾਲ ਵਿੱਚ ਬੀਤੇ ਬੁੱਧਵਾਰ ਅਚਾਨਕ ਆਏ ਭਿਆਨਕ ਹੜ੍ਹ ਨੇ ਵੱਡੀ ਤਬਾਹੀ ਮਚਾਈ ਹੈ। ਹੜ੍ਹ ਕਾਰਨ 11 ਹਾਈਡ੍ਰੋਪਾਵਰ ਪ੍ਰੋਜੈਕਟਾਂ ਨਾਲ ਜੁੜੇ 900 ਤੋਂ ਵੱਧ ਕਰਮਚਾਰੀ ਲਾਪਤਾ ਦੱਸੇ ਜਾ ਰਹੇ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਲੋਕ ਹਾਈਡ੍ਰੋਪਾਵਰ ਪ੍ਰੋਜੈਕਟਾਂ ਦੀਆਂ ਸੁਰੰਗਾਂ ਅੰਦਰ ਫਸੇ ਹੋਏ ਹਨ।
ਨੇਪਾਲੀ ਫੌਜ ਵੱਲੋਂ ਰਸੁਵਾਗੜ੍ਹੀ, ਲਾਂਗਟਾਂਗ, ਚਿਲਿਮੇ, ਅੱਪਰ ਤ੍ਰਿਸ਼ੂਲੀ 3ਏ ਅਤੇ ਅੱਪਰ ਤ੍ਰਿਸ਼ੂਲੀ 3ਬੀ ਸਮੇਤ ਕਈ ਥਾਵਾਂ ’ਤੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਭਾਰਤ ਅਤੇ ਚੀਨ ਦੇ ਮਾਹਰ ਵੀ ਬਚਾਅ ਕਾਰਜਾਂ ਵਿੱਚ ਮਦਦ ਕਰ ਰਹੇ ਹਨ।
ਅਧਿਕਾਰੀਆਂ ਮੁਤਾਬਕ ਹੜ੍ਹ ਤੋਂ ਬਾਅਦ ਸੁਰੰਗਾਂ ਵਿੱਚ ਚਿੱਕੜ, ਪਾਣੀ, ਮਿੱਟੀ ਅਤੇ ਵੱਡੇ ਪੱਥਰ ਦਾਖ਼ਲ ਹੋ ਗਏ ਹਨ, ਜਿਸ ਕਾਰਨ ਅੰਦਰ ਪਹੁੰਚਣਾ ਬੇਹੱਦ ਮੁਸ਼ਕਲ ਹੋ ਰਿਹਾ ਹੈ। ਰਸੁਵਾਗੜ੍ਹੀ ਪ੍ਰੋਜੈਕਟ ਵਿੱਚ ਲਗਭਗ 250 ਮੀਟਰ ਅੰਦਰ ਜਾ ਕੇ ਸੁਰੰਗ ਬੰਦ ਮਿਲੀ, ਜਦਕਿ ਲਾਂਗਟਾਂਗ ਵਿੱਚ ਕਰੀਬ 65 ਮੀਟਰ ਅੰਦਰ ਵੱਡੇ ਪੱਥਰ ਮਿਲੇ ਹਨ।
ਅੱਪਰ ਤ੍ਰਿਸ਼ੂਲੀ 3ਏ ਪ੍ਰੋਜੈਕਟ ਵਿੱਚ ਵੀ ਬਚਾਅ ਟੀਮਾਂ ਨੂੰ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਸੁਰੰਗ ਵਿੱਚੋਂ ਪਾਣੀ ਪੰਪ ਕਰਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮਲਬਾ ਹਟਾਉਣ ਲਈ ਐਕਸਕੇਵੇਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇੱਕ ਇੰਜੀਨੀਅਰ ਮੁਤਾਬਕ ਇਸ ਸੁਰੰਗ ਅੰਦਰ 35 ਤੋਂ 40 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਹਾਈਡ੍ਰੋਪਾਵਰ ਸੁਰੰਗਾਂ ਆਮ ਤੌਰ ’ਤੇ ਦਰਿਆਵਾਂ ਦੇ ਨੇੜੇ ਅਤੇ ਪਹਾੜਾਂ ਦੇ ਅੰਦਰ ਬਣਾਈਆਂ ਜਾਂਦੀਆਂ ਹਨ, ਜਿਸ ਕਾਰਨ ਅਚਾਨਕ ਆਉਣ ਵਾਲੇ ਹੜ੍ਹਾਂ ਦੌਰਾਨ ਇਨ੍ਹਾਂ ਵਿੱਚ ਪਾਣੀ ਅਤੇ ਮਲਬਾ ਦਾਖ਼ਲ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਨੇਪਾਲ ਵਿੱਚ ਹਾਈਡ੍ਰੋਪਾਵਰ ਖੇਤਰ ਲਈ ਸੁਰੰਗਾਂ ਬਹੁਤ ਮਹੱਤਵਪੂਰਨ ਹਨ ਅਤੇ ਇੱਥੇ ਕਈ ਪ੍ਰੋਜੈਕਟਾਂ ਦੀਆਂ ਸੁਰੰਗਾਂ 100 ਮੀਟਰ ਤੋਂ ਲੈ ਕੇ ਕਈ ਕਿਲੋਮੀਟਰ ਤੱਕ ਲੰਬੀਆਂ ਹਨ। ਇਸ ਵੇਲੇ ਸਭ ਤੋਂ ਵੱਡੀ ਚਿੰਤਾ ਸੁਰੰਗਾਂ ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹੈ।
#nepal #floods #saddatvusa

LEAVE A REPLY

Please enter your comment!
Please enter your name here