ਇਰਾਨੀ ਖ਼ਤਰੇ ਦੇ ਡਰ ਤੋਂ ਟਰੰਪ ਨੇ ਤੁਰਕੀ ਤੋਂ ਵਾਪਸੀ ਮੌਕੇ ਗੁਪਤ ਢੰਗ ਨਾਲ ਬਦਲਿਆ ਸੀ ਜਹਾਜ਼ !

0
3

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੁਸ਼ਟੀ ਕੀਤੀ ਹੈ, ਕਿ ਪਿਛਲੇ ਮਹੀਨੇ ਤੁਰਕੀ ਵਿੱਚ ਨਾਟੋ ਸੰਮੇਲਨ ਤੋਂ ਵਾਪਸੀ ਦੌਰਾਨ ਉਨ੍ਹਾਂ ਨੇ ਸੁਰੱਖਿਆ ਕਾਰਨਾਂ ਕਰਕੇ ਗੁਪਤ ਢੰਗ ਨਾਲ ਆਪਣਾ ਜਹਾਜ਼ ਬਦਲਿਆ ਸੀ। ਟਰੰਪ ਮੁਤਾਬਕ, ਸੀਕ੍ਰੇਟ ਸਰਵਿਸ ਅਤੇ ਫ਼ੌਜ ਨੇ ਉਨ੍ਹਾਂ ਨੂੰ ਕਿਸੇ ਹੋਰ ਉਡਾਣ ਰਾਹੀਂ ਜਾਣ ਦੀ ਸਲਾਹ ਦਿੱਤੀ ਸੀ ਅਤੇ ਉਨ੍ਹਾਂ ਨੇ ਸੁਰੱਖਿਆ ਅਧਿਕਾਰੀਆਂ ਦੀ ਗੱਲ ਮੰਨੀ ਲਈ ।

8 ਜੁਲਾਈ ਨੂੰ ਟਰੰਪ ਨੂੰ ਅੰਕਾਰਾ ਹਵਾਈ ਅੱਡੇ ‘ਤੇ ਕੈਮਰਿਆਂ ਸਾਹਮਣੇ ਪੁਰਾਣੇ ਏਅਰ ਫੋਰਸ ਵਨ ਵਿੱਚ ਸਵਾਰ ਹੁੰਦੇ ਦੇਖਿਆ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਇੱਕ ਕੇਟਰਿੰਗ ਟਰੱਕ ਦੀ ਆੜ ਵਿੱਚ ਗੁਪਤ ਤਰੀਕੇ ਨਾਲ ਛੋਟੇ C-32A ਫ਼ੌਜੀ ਜਹਾਜ਼ ਵਿੱਚ ਬਦਲ ਦਿੱਤਾ ਗਿਆ। ਇਹ ਜਹਾਜ਼ ਆਮ ਤੌਰ ‘ਤੇ ਉਪ ਰਾਸ਼ਟਰਪਤੀ ਦੀ ਯਾਤਰਾ ਲਈ ਵਰਤਿਆ ਜਾਂਦਾ ਹੈ।

ਰਿਪੋਰਟਾਂ ਮੁਤਾਬਕ, ਅਮਰੀਕੀ ਅਧਿਕਾਰੀਆਂ ਨੂੰ ਖ਼ਦਸ਼ਾ ਸੀ ਕਿ ਇਰਾਨ ਵੱਲੋਂ ਟਰੰਪ ਜਾਂ ਉਨ੍ਹਾਂ ਦੇ ਜਹਾਜ਼ ਨੂੰ ਮਿਜ਼ਾਈਲੇ ਹਮਲੇ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਟਰੰਪ ਪਹਿਲਾਂ ਵੀ ਕਹਿ ਚੁੱਕੇ ਹਨ, ਕਿ ਨਾਟੋ ਸੰਮੇਲਨ ਦੌਰਾਨ ਉਹ ਇਰਾਨ ਦੀ “ਨੰਬਰ ਇੱਕ ਟਾਰਗੇਟ” ਸਨ।

ਦਿਲਚਸਪ ਗੱਲ ਇਹ ਹੈ, ਕਿ ਏਅਰ ਫੋਰਸ ਵਨ ਵਿੱਚ ਮੌਜੂਦ ਪੱਤਰਕਾਰਾਂ ਅਤੇ ਵ੍ਹਾਈਟ ਹਾਊਸ ਦੇ ਕੁਝ ਕਰਮਚਾਰੀਆਂ ਨੂੰ ਇਸ ਗੁਪਤ ਤਬਦੀਲੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਨੂੰ ਖਿੜਕੀਆਂ ਦੇ ਪਰਦੇ ਬੰਦ ਰੱਖਣ ਲਈ ਕਿਹਾ ਗਿਆ ਸੀ । ਰੱਖਿਆ ਮੰਤਰੀ ਪੀਟ ਹੇਗਸੇਥ ਵੀ ਵੱਖਰੇ ਰਸਤੇ ਰਾਹੀਂ C-32A ਵਿੱਚ ਸਵਾਰ ਹੋਏ, ਤਾਂ ਜੋ ਸਾਰੀ ਕਾਰਵਾਈ ਆਮ ਦਿਖਾਈ ਦੇਵੇ।

ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਕਈ ਧਮਕੀਆਂ ਮਿਲਦੀਆਂ ਹਨ ਅਤੇ ਉਹ ਹਰ ਵਾਰ ਸੁਰੱਖਿਆ ਏਜੰਸੀਆਂ ਦੀਆਂ ਹਦਾਇਤਾਂ ‘ਤੇ ਭਰੋਸਾ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਫ਼ੌਜੀ ਜਹਾਜ਼ ਵਿੱਚ ਉਨ੍ਹਾਂ ਨੂੰ ਤਬਦੀਲ ਕੀਤਾ ਗਿਆ ਸੀ, ਉਹ ਉਸ ਸਮੇਂ “ਵੱਧ ਖ਼ਤਰੇ” ਵਿੱਚ ਸੀ।

ਇਸ ਘਟਨਾ ਨੇ ਕਤਰ ਵੱਲੋਂ ਤੋਹਫ਼ੇ ਵਿੱਚ ਦਿੱਤੇ ਗਏ ਨਵੇਂ Boeing 747-8 ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ। ਅਮਰੀਕਾ ਇਸ ਜਹਾਜ਼ ਨੂੰ ਰਾਸ਼ਟਰਪਤੀ ਦੀ ਵਰਤੋਂ ਲਈ ਤਿਆਰ ਕਰਨ ‘ਤੇ ਵੱਡਾ ਖ਼ਰਚ ਕਰ ਰਿਹਾ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਨਵਾਂ ਜਹਾਜ਼ ਰਾਸ਼ਟਰਪਤੀ ਦੀ ਯਾਤਰਾ ਲਈ ਸੁਰੱਖਿਅਤ ਹੈ, ਹਾਲਾਂਕਿ ਇਸ ਵਿੱਚ ਹੋਰ ਸੁਰੱਖਿਆ ਅਪਗ੍ਰੇਡ ਕੀਤੇ ਜਾਣੇ ਹਨ।

ਇਸ ਪੂਰੇ ਮਾਮਲੇ ਨੇ ਰਾਸ਼ਟਰਪਤੀ ਦੀ ਸੁਰੱਖਿਆ, ਨਵੇਂ ਏਅਰ ਫੋਰਸ ਵਨ ਦੀਆਂ ਸਮਰੱਥਾਵਾਂ ਅਤੇ ਇਰਾਨ ਵੱਲੋਂ ਸੰਭਾਵਿਤ ਖ਼ਤਰੇ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।

#saddatvusa#DonaldTrump#NewsUpdate

LEAVE A REPLY

Please enter your comment!
Please enter your name here