ਰੂਸ-ਯੂਕਰੇਨ ਜੰਗ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਤਿੱਖਾ ਤੰਜ ਕੱਸਦਿਆਂ ਕਿਹਾ ਹੈ ਕਿ ਰੂਸ ਹੁਣ ਉੱਤਰੀ ਕੋਰੀਆ ਦੀ ਮਦਦ ਤੋਂ ਬਿਨਾਂ ਯੂਕਰੇਨ ਖ਼ਿਲਾਫ਼ ਜੰਗ ਜਾਰੀ ਰੱਖਣ ਦੇ ਸਮਰੱਥ ਨਹੀਂ ਰਿਹਾ।
ਜ਼ੇਲੇਂਸਕੀ ਨੇ ਦਾਅਵਾ ਕੀਤਾ ਕਿ ਰੂਸ ਵੱਲੋਂ ਰਾਤ ਦੇ ਹਮਲਿਆਂ ਦੌਰਾਨ ਉੱਤਰੀ ਕੋਰੀਆ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ। ਇਨ੍ਹਾਂ ਰੂਸੀ ਹਮਲਿਆਂ ਵਿੱਚ ਜ਼ਾਪੋਰਿਜ਼ਜ਼ੀਆ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ ਡਨੀਪ੍ਰੋਪੇਤ੍ਰੋਵਸਕ ਅਤੇ ਡੋਨੇਤਸਕ ਵਿੱਚ ਵੀ ਛੇ ਲੋਕ ਮਾਰੇ ਗਏ। ਸਥਾਨਕ ਅਧਿਕਾਰੀਆਂ ਮੁਤਾਬਕ ਕਈ ਲੋਕ ਜ਼ਖ਼ਮੀ ਵੀ ਹੋਏ ਹਨ।
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵੀ ਰਾਤ ਸਮੇਂ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਰਿਪੋਰਟਾਂ ਮੁਤਾਬਕ ਇੱਥੇ ਘੱਟੋ-ਘੱਟ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ।
ਜ਼ੇਲੇਂਸਕੀ ਨੇ ਆਪਣੇ ਰਾਤ ਦੇ ਸੰਬੋਧਨ ਵਿੱਚ ਕਿਹਾ, “ਇਤਿਹਾਸ ਵਿੱਚ ਪਹਿਲੀ ਵਾਰ ਰੂਸ ਉੱਤਰੀ ਕੋਰੀਆ ਤੋਂ ਮਿਲਣ ਵਾਲੀਆਂ ਵਾਧੂ ਫੌਜੀ ਮਦਦ ਤੋਂ ਬਿਨਾਂ ਜੰਗ ਨਹੀਂ ਲੜ ਸਕਦਾ।”
ਉਨ੍ਹਾਂ ਨੇ ਏਸ਼ੀਆਈ ਦੇਸ਼ਾਂ ਨੂੰ ਵੀ ਚੇਤਾਵਨੀ ਦਿੱਤੀ। ਜ਼ੇਲੇਂਸਕੀ ਦਾ ਕਹਿਣਾ ਹੈ ਕਿ ਯੂਕਰੇਨ ਜੰਗ ਵਿੱਚ ਉੱਤਰੀ ਕੋਰੀਆ ਨੂੰ ਮਿਲ ਰਿਹਾ ਫੌਜੀ ਤਜਰਬਾ ਭਵਿੱਖ ਵਿੱਚ ਜਪਾਨ, ਦੱਖਣੀ ਕੋਰੀਆ ਅਤੇ ਫਿਲੀਪੀਨਜ਼ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਮੁਤਾਬਕ ਜੰਗ ਰਾਹੀਂ ਉੱਤਰੀ ਕੋਰੀਆ ਆਪਣੀਆਂ ਫੌਜੀ ਕਮੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਦੂਰ ਕਰਨ ਦਾ ਮੌਕਾ ਹਾਸਲ ਕਰ ਰਿਹਾ ਹੈ।
ਇਸ ਦੌਰਾਨ ਰੂਸ ਦੇ ਵੋਰੋਨੇਜ਼ ਖੇਤਰ ਵਿੱਚ ਯੂਕਰੇਨ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਖੇਤਰੀ ਗਵਰਨਰ ਅਲੈਕਜ਼ੈਂਡਰ ਗੁਸੇਵ ਅਤੇ ਵਾਈਲਡਬੇਰੀਜ਼ ਕੰਪਨੀ ਮੁਤਾਬਕ, ਡਰੋਨ ਦਾ ਮਲਬਾ ਡਿੱਗਣ ਕਾਰਨ ਕੰਪਨੀ ਦੇ ਇੱਕ ਗੋਦਾਮ ਵਿੱਚ ਅੱਗ ਲੱਗ ਗਈ।
ਇਸ ਤਰ੍ਹਾਂ ਰੂਸ-ਯੂਕਰੇਨ ਜੰਗ ਵਿੱਚ ਹਵਾਈ ਹਮਲਿਆਂ ਅਤੇ ਡਰੋਨ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਦਕਿ ਉੱਤਰੀ ਕੋਰੀਆ ਵੱਲੋਂ ਰੂਸ ਨੂੰ ਮਿਲ ਰਹੀ ਕਥਿਤ ਫੌਜੀ ਸਹਾਇਤਾ ਨੂੰ ਲੈ ਕੇ ਵੀ ਅੰਤਰਰਾਸ਼ਟਰੀ ਪੱਧਰ ’ਤੇ ਚਿੰਤਾਵਾਂ ਵਧ ਰਹੀਆਂ ਹਨ।

