ਵਾਸ਼ਿੰਗਟਨ – ਅਮਰੀਕਾ ਨੇ ਬ੍ਰਾਜ਼ੀਲ ਤੋਂ ਆਉਣ ਵਾਲੇ ਹਜ਼ਾਰਾਂ ਉਤਪਾਦਾਂ ‘ਤੇ 25 ਫੀਸਦੀ ਟੈਰੀਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਨਵਾਂ ਨਿਯਮ 22 ਜੁਲਾਈ ਤੋਂ ਲਾਗੂ ਹੋ ਜਾਵੇਗਾ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬ੍ਰਾਜ਼ੀਲ ਨੇ ਕਈ ਅਜਿਹੇ ਵਪਾਰਕ ਨਿਯਮ ਅਪਣਾਏ ਹਨ, ਜੋ ਅਮਰੀਕੀ ਕੰਪਨੀਆਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ। ਇਸੇ ਵਜ੍ਹਾ ਕਰਕੇ ਇਹ ਕਦਮ ਚੁੱਕਿਆ ਗਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ‘ਤੇ ਵੀ ਤਿੱਖਾ ਹਮਲਾ ਕੀਤਾ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਰਾਸ਼ਟਰਪਤੀ ਲੂਲਾ ਅਤੇ ਉਹਨਾਂ ਦੀ ਸਰਕਾਰ ਨੇ ਅਮਰੀਕਾ ਨਾਲ ਚੰਗੀ ਨੀਅਤ ਨਾਲ ਗੱਲਬਾਤ ਨਹੀਂ ਕੀਤੀ ! ਰੂਬੀਓ ਨੇ ਸੋਸ਼ਲ ਮੀਡੀਆ ‘ਤੇ ਬਿਆਨ ਵਿੱਚ ਕਿਹਾ, ਕਿ ਰਾਸ਼ਟਰਪਤੀ ਟਰੰਪ ਨੇ ਬ੍ਰਾਜ਼ੀਲ ਤੋਂ ਆਉਣ ਵਾਲੇ ਜ਼ਿਆਦਾਤਰ ਉਤਪਾਦਾਂ ‘ਤੇ 25 ਫੀਸਦੀ ਟੈਰੀਫ ਲਗਾਉਣ ਦਾ ਹੁਕਮ ਦਿੱਤਾ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਲੂਲਾ ਦੀਆਂ ਆਰਥਿਕ ਨੀਤੀਆਂ ਸਿਰਫ ਅਮਰੀਕੀ ਹਿੱਤਾਂ ਦੇ ਖਿਲਾਫ ਨਹੀਂ ਹਨ ਬਲਕਿ ਬ੍ਰਾਜ਼ੀਲ ਦੀ ਜਨਤਾ ਲਈ ਵੀ ਨੁਕਸਾਨਦੇਹ ਸਾਬਿਤ ਹੋ ਰਹੀਆਂ ਹਨ। ਰੂਬੀਓ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਲੂਲਾ ਨੇ ਬ੍ਰਾਜ਼ੀਲ ਦੇ ਲੋਕਾਂ ਦੇ ਹਿੱਤਾਂ ਦੀ ਬਜਾਏ ਆਪਣੇ ਹੰਕਾਰ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ ਅਤੇ ਅਮਰੀਕਾ ਨਾਲ ਸਮਝੌਤਾ ਕਰਨ ਦਾ ਮੌਕਾ ਵੀ ਗਵਾ ਦਿੱਤਾ ਹੈ ! ਉਹਨਾਂ ਕਿਹਾ ਕਿ ਹੁਣ ਇਹੀ ਰਵਈਆ ਬ੍ਰਾਜ਼ੀਲ ‘ਤੇ ਲਗਾਏ ਗਏ ਨਵੇਂ ਟੈਰਿਫ ਦੀ ਵਜ੍ਹਾ ਬਣਿਆ ਹੈ !
ਇਸ ਫੈਸਲੇ ਦਾ ਅਸਰ 4000 ਤੋਂ ਵੱਧ ਬ੍ਰਾਜ਼ੀਲੀਅਨ ਉਤਪਾਦਾਂ ‘ਤੇ ਪੈ ਸਕਦਾ ਹੈ ! ਇਹਨਾਂ ਵਿੱਚ ਗੰਨੇ ਤੋਂ ਬਣਨ ਵਾਲੀ ਖੰਡ, ਕੱਚਾ ਲੋਹਾ, ਤੰਬਾਕੂ ਲੱਕੜ ਨਾਲ ਜੁੜੇ ਉਤਪਾਦ ਅਤੇ ਇਥੇਨੋਲ ਵਰਗੀਆਂ ਚੀਜ਼ਾਂ ਸ਼ਾਮਿਲ ਹਨ। ਇੰਨੇ ਵੱਡੇ ਪੱਧਰ ‘ਤੇ ਟੈਰੀਫ ਵਧਣ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰ ‘ਤੇ ਵੀ ਅਸਰ ਪੈ ਸਕਦਾ ਹੈ, ਖਾਸ ਤੌਰ ‘ਤੇ ਉਹ ਕੰਪਨੀਆਂ ਪ੍ਰਭਾਵਿਤ ਹੋਣਗੀਆਂ ਜੋ ਲੰਬੇ ਸਮੇਂ ਤੱਕ ਅਮਰੀਕਾ ਅਤੇ ਬ੍ਰਾਜ਼ੀਲ ਵਿਚਾਲੇ ਵਪਾਰ ਕਰ ਰਹੀਆਂ ਹਨ। ਹਾਲਾਂਕਿ ਅਮਰੀਕਾ ਨੇ ਕਈ ਉਤਪਾਦਾਂ ‘ਤੇ ਟੈਕਸ ਨਹੀਂ ਲਗਾਇਆ ਹੈ ! ਕੁਝ ਅਜਿਹੀਆਂ ਚੀਜ਼ਾਂ ਹਨ, ਜਿਹਨਾਂ ਦੀ ਅਮਰੀਕਾ ਵਿੱਚ ਬਹੁਤ ਜਿਆਦਾ ਮੰਗ ਹੈ ਅਤੇ ਜਿਹਨਾਂ ਦੀ ਸਪਲਾਈ ਬ੍ਰਾਜ਼ੀਲ ਤੋਂ ਵੱਡੀ ਮਾਤਰਾ ਵਿੱਚ ਹੁੰਦੀ ਹੈ ! ਉਹਨਾਂ ਨੂੰ ਇਸ ਨਵੇਂ ਟੈਰਿਫ ਤੋਂ ਬਾਹਰ ਰੱਖਿਆ ਗਿਆ ਹੈ। ਇਹਨਾਂ ਵਿੱਚ ਬੀਫ ਕਾਫੀ ਤੇਲ ਅਤੇ ਗੈਸ ਸੰਤਰੇ ਹਵਾਈ ਜਹਾਜ਼ ਦੇ ਪੁਰਜੇ ਅਤੇ ਕੁਝ ਹੋਰ ਅਹਿਮ ਉਤਪਾਦ ਵੀ ਸ਼ਾਮਿਲ ਹਨ !

